PunjabTop News

ਜਿਸ ਦਵਾਈ ਨੂੰ ਨਸ਼ਾ ਦੱਸ ਕੇ ਫਸਾਇਆ, ਉਹ NDPS ਐਕਟ ਦੇ ਦਾਇਰੇ ‘ਚ ਹੀ ਨਹੀਂ; ਹਾਈ ਕੋਰਟ ਨੇ ਲਗਾਇਆ 1 ਲੱਖ ਦਾ ਹਰਜਾਨਾ

ਗੱਡੀ ਵਿੱਚੋਂ ਦਰਦ ਨਿਵਾਰਕ ਦਵਾਈਆਂ ਦੀਆਂ 550 ਗੋਲੀਆਂ ਬਰਾਮਦ ਹੋਣ ‘ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਨਾ ਪੰਜਾਬ ਪੁਲਿਸ ਨੂੰ ਮਹਿੰਗਾ ਪੈ ਗਿਆ। ਜਿਸ ਦਵਾਈ ਨੂੰ ਨਸ਼ੀਲਾ ਪਦਾਰਥ ਦੱਸ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਉਹ ਕਾਨੂੰਨੀ ਤੌਰ ‘ਤੇ ਐਨਡੀਪੀਐਸ ਐਕਟ ਦੇ ਦਾਇਰੇ ਵਿੱਚ ਹੀ ਨਹੀਂ ਆਉਂਦੀ ਸੀ। ਇਸ ਦੇ ਬਾਵਜੂਦ ਪੁਲਿਸ ਨੇ ਜਾਂਚ ਪੂਰੀ ਕਰਕੇ ਅਦਾਲਤ ਵਿੱਚ ਚਲਾਨ ਵੀ ਪੇਸ਼ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਲਾਪਰਵਾਹੀ ‘ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪੰਜਾਬ ਸਰਕਾਰ ਨੂੰ ਪਟੀਸ਼ਨਕਰਤਾ ਕੁਲਵੰਤ ਸਿੰਘ ਨੂੰ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਉਸ ਖ਼ਿਲਾਫ਼ ਦਰਜ ਐੱਫਆਈਆਰ ਅਤੇ ਇਸ ਨਾਲ ਜੁੜੀ ਅਗਲੀ ਸਾਰੀ ਕਾਨੂੰਨੀ ਕਾਰਵਾਈ ਵੀ ਰੱਦ ਕਰ ਦਿੱਤੀ ਹੈ।
ਜਸਟਿਸ ਵਿਕਰਮ ਅਗਰਵਾਲ ਨੇ ਕਿਹਾ ਕਿ ਜਦੋਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਗਈ ਸੀ ਕਿ ਬਰਾਮਦ ਕੀਤੀਆਂ ਗੋਲੀਆਂ ਵਿੱਚ ਮੌਜੂਦ ਟੈਪੈਂਟਾਡੋਲ ਹਾਈਡ੍ਰੋਕਲੋਰਾਈਡ ਐਨਡੀਪੀਐਸ ਐਕਟ ਤਹਿਤ ਨਸ਼ੀਲਾ ਪਦਾਰਥ ਨਹੀਂ ਹੈ ਤਾਂ ਇਸ ਦੇ ਬਾਵਜੂਦ ਚਲਾਨ ਪੇਸ਼ ਕਰਨ ਸਬੰਧੀ ਸੂਬਾ ਸਰਕਾਰ ਕੋਲ ਕੋਈ ਤਸੱਲੀਬਖ਼ਸ਼ ਸਪੱਸ਼ਟੀਕਰਨ ਨਹੀਂ ਹੈ। ਅਦਾਲਤ ਨੇ ਜਾਂਚ ਅਧਿਕਾਰੀ ਖ਼ਿਲਾਫ਼ ਸ਼ੁਰੂ ਕੀਤੀ ਗਈ ਵਿਭਾਗੀ ਕਾਰਵਾਈ ਨੂੰ ਵੀ ਨਾਕਾਫ਼ੀ ਕਰਾਰ ਦਿੱਤਾ ਅਤੇ ਟਿੱਪਣੀ ਕੀਤੀ ਕਿ ਇਹ ਕਾਰਵਾਈ ਸਿਰਫ਼ ਦਿਖਾਵਾ ਜਾਪਦੀ ਹੈ।
ਇਹ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਲੱਖੋ ਕੇ ਬਹਿਰਾਮ ਦਾ ਹੈ। ਪੁਲਿਸ ਨੇ 16 ਸਤੰਬਰ 2024 ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਗੱਡੀ ਵਿੱਚੋਂ ਟੈਪੈਂਟਾਡੋਲ ਹਾਈਡ੍ਰੋਕਲੋਰਾਈਡ ਦੀਆਂ 550 ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿੱਚ ਕੁਲਵੰਤ ਸਿੰਘ ਅਤੇ ਰਾਜਿੰਦਰ ਕੁਮਾਰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਰਾਜਿੰਦਰ ਕੁਮਾਰ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਕੁਲਵੰਤ ਸਿੰਘ ਉੱਥੋਂ ਫ਼ਰਾਰ ਹੋ ਗਿਆ ਸੀ। ਬਾਅਦ ਵਿੱਚ ਮਾਰਚ 2025 ਵਿੱਚ ਸੁਪਰੀਮ ਕੋਰਟ ਨੇ ਉਸ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ।
ਕੁਲਵੰਤ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦਲੀਲ ਦਿੱਤੀ ਸੀ ਕਿ ਬਰਾਮਦ ਕੀਤੀ ਗਈ ਦਵਾਈ ਐਨਡੀਪੀਐਸ ਐਕਟ ਤਹਿਤ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਨਹੀਂ ਹੈ। ਐੱਫਐੱਸਐੱਲ ਦੀ ਰਿਪੋਰਟ ਵਿੱਚ ਵੀ ਦਵਾਈ ਦੇ ਸਾਲਟ ਦਾ ਜ਼ਿਕਰ ਕੀਤਾ ਗਿਆ ਸੀ। ਚਲਾਨ ਦੀ ਜਾਂਚ ਦੌਰਾਨ ਸਹਾਇਕ ਜ਼ਿਲ੍ਹਾ ਅਟਾਰਨੀ ਨੇ ਵੀ ਇਸ ‘ਤੇ ਸਵਾਲ ਚੁੱਕਦਿਆਂ ਜਾਂਚ ਅਧਿਕਾਰੀ ਇੰਸਪੈਕਟਰ ਗੁਰਜੰਟ ਸਿੰਘ ਨੂੰ ਡਰੱਗ ਇੰਸਪੈਕਟਰ ਤੋਂ ਰਾਇ ਲੈਣ ਦੇ ਨਿਰਦੇਸ਼ ਦਿੱਤੇ ਸਨ। ਪਰ ਜਾਂਚ ਅਧਿਕਾਰੀ ਨੇ ਲੋੜੀਂਦੀ ਰਾਇ ਲਏ ਬਿਨਾਂ ਹੀ 6 ਮਈ 2026 ਨੂੰ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ। ਬਾਅਦ ਵਿੱਚ ਹੇਠਲੀ ਅਦਾਲਤ ਦੇ ਨਿਰਦੇਸ਼ਾਂ ‘ਤੇ ਡਰੱਗ ਇੰਸਪੈਕਟਰ ਤੋਂ ਰਿਪੋਰਟ ਮੰਗੀ ਗਈ। ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਕਿ ਸਬੰਧਤ ਦਵਾਈ ਦਾ ਸਾਲਟ ਐਨਡੀਪੀਐਸ ਐਕਟ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਤੋਂ ਬਾਅਦ 18 ਨਵੰਬਰ ਨੂੰ ਜਾਂਚ ਅਧਿਕਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button