EDITORIAL

ਜਲੰਧਰ : ਮਾਨ ਦੇ ਭਵਿਖ ਲਈ ਅਹਿਮ ! ‘ਪੰਜਾ’ ਤੇ ‘ਝਾੜੂ’ ‘ਇਕ ਦੂਜੇ ‘ਤੇ ਭਾਰੂ

ਅਮਰਜੀਤ ਸਿੰਘ ਵੜੈਚ (94178-01988)

ਜਲੰਧਰ ਦੀ ਜ਼ਿਮਨੀ ਚੋਣ ਤੇ ਕਰਨਾਟਕਾ ਵਿਧਾਨ ਸਭਾ ਦੀਆਂ ਚੋਣਾਂ ਨੇ ਅਗਲੇ ਵਰ੍ਹੇ ਹੋਣ ਵਾਲ਼ੀਆਂ ਲੋਕਸਭਾ ਦੀਆਂ ਚੋਣਾਂ ਲਈ ਮਾਹੌਲ ਤਿਆਰ ਕਰਨ ਦਾ ਕੰਮ ਕਰ ਦਿਤਾ ਹੈ ।  ਜਲੰਧਰ ਦੀ ਚੋਣ ਭਗਵੰਤ ਮਾਨ ਤੇ ਕਰਨਾਟਕਾ ਦੀ ਭਾਜਪਾ ਦੇ ਨੱਕ ਦਾ ਸਵਾਲ ਹੈ ।  ਇਨ੍ਹਾਂ ਚੋਣਾਂ ਮਗਰੋਂ ਸਾਡੇ ਲੀਡਰ ਇਨ੍ਹਾਂ  ਦੇ ਨਤੀਜਿਆਂ ਦੀ ਪੂਰਾ ਸਾਲ ਜੁਗਾਲ਼ੀ ਕਰਦੇ ਰਹਿਣਗੇ  ਤੇ ਇਸੇ ਸਾਲ ਦੇ ਅੰਤ ਤੱਕ  ਫਿਰ ਮੀਜ਼ੋਰਮ,ਛੱਤੀਸਗੜ੍ਹ,ਮੱਧ ਪ੍ਰਦੇਸ਼,ਰਾਜਿਸਥਾਨ ਤੇ ਤਿਲੰਗਾਨਾ ਦੀਆਂ ਚੋਣਾਂ ਆ ਜਾਣਗੀਆਂ । ਆਂਧਰਾ ਪ੍ਰਦੇਸ਼ ਦੀਆਂ ਚੋਣਾਂ ਵੀ  ਜਨਵਰੀ 2024 ‘ਚ ਹੋਣੀਆਂ ਹਨ ।

ਕਰਨਾਟਕਾ ਦੀਆਂ ਚੋਣਾਂ ‘ਚ ਇਕ ਨਵਾਂ ਬਿਰਤਾਂਤ ਸਿਰਜਿਆ ਗਿਆ ਹੈ ; ਪਿਛਲੀਆਂ ਲੋਕਸਭਾ ਚੋਣਾਂ ‘ਚ ਕਰਨਾਟਕਾ ਦੇ ਵਾਇਨਾਡ ਤੋਂ ਚੋਣ ਲੜਨ ਸਮੇਂ  ਨਰਿੰਦਰ ਮੋਦੀ ਵਿਰੁਧ ਬਿਆਨ ਦੇਣ ਕਾਰਨ ਰਾਹੁਲ ਗਾਂਧੀ ਵਿਰੁਧ  ਸੂਰਤ ,ਗੁਜਰਾਤ ‘ਚ ਮਾਣਹਾਨੀ ਦਾ ਕੇਸ ਦਰਜਾ ਹੋਇਆ ਸੀ ਜਿਸ ‘ਚ ਰਾਹੁਲ ਨੂੰ ਲੋਕਸਭਾ ਦੀ ਸੀਟ ਗੁਆਉਣੀ ਪਈ । ਹੁਣ ਕਾਂਗਰਸ ਨੇ ਕਰਨਾਟਕਾ ਦੇ ਇਕ ਭਾਜਪਾ ਉਮੀਦਵਾਰ ਮਨੀ ਕਾਂਤ ਰਾਠੌਰ ਵਿਰੁਧ  ਕਾਂਗਰਸ ਪ੍ਰਧਾਨ ਖੜਗੇ ਨੂੰ ਧਮਕਾਉਣ ਤੇ ‘ਹੱਤਿਆ’ ਕਰਨ ਦੇ ਦੋਸ਼ ਹੇਠ ਰਾਜਿਸਥਾਨ ‘ਚ ਕੇਸ ਦਰਜ ਕੀਤਾ ਹੈ ।

ਰਾਹੁਲ ਗਾਂਧੀ ਨੇ 2019 ‘ਚ ਕਹਿ ਦਿਤਾ ਸੀ ਕਿ ” ਸਾਰੇ ਚੋਰਾਂ ਦੇ ਨਾਮ ਦੇ ਪਿਛੇ ਮੋਦੀ ਕਿਉਂ ਲਗਦਾ ਹੈ ” । ਹੁਣ ਫਿਰ ਭਾਜਪਾ ਨੇ ਸੋਨੀਆਂ ਗਾਂਧੀ ਵੱਲੋਂ ਇਕ ਬਿਆਨ ‘ਚ ਕਰਨਾਟਕਾ ਦੀ ‘ਖੁਦਮੁਖਤਿਆਰੀ’ ਕਾਇਮ ਰੱਖਣ ਦੇ ਜ਼ਿਕਰ ਨੂੰ ਕਰਨਾਟਕਾ ਨੂੰ ਦੇਸ਼ ਨਾਲ਼ੋ ਵੱਖ ਕਰਨ ਦਾ ਬਿਆਨ ਕਹਿਕੇ ਚੋਣ ਕਮਿਸ਼ਨ ਕੋਲ਼ ਸ਼ਿਕਾਇਤ ਕਰ ਦਿਤੀ ਹੈ ।  ਪਹਿਲਾਂ ਕਾਂਗਰਸ ਵੱਲੋਂ ਆਪਣੇ ਮੈਨੀਫੈਸਟੋ ‘ਚ ਇਹ ਮਦ ਸ਼ਾਮਿਲ ਕੀਤੀ ਗਈ ਕਿ ਕਾਂਗਰਸ ,ਕਰਨਾਟਕ ਦੀ ਸੱਤ੍ਹਾ ‘ਚ ਆਂਉਂਦਿਆਂ ਹੀ ਪੀਐੱਫਆਈ ਤੇ ਬਜਰੰਗ ਦਲ ਵਿਰੁਧ ਸਖਤ ਕਾਰਵਾਈ ਕਰੇਗੀ । ਇਸਦੇ ਜਵਾਬ ‘ਚ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕਾ ਦੀ ਇਕ ਚੋਣ ਰੈਲੀ ‘ਚ  ਲੋਕਾਂ ਨੂੰ  ਕਿਹਾ ਕਿ  ਕਾਂਗਰਸ ਨੂੰ ਸਬਕ ਸਿਖਾਉਣ ਲਈ ‘ਜੈ ਬਜਰੰਗ ਬਲੀ ਕਹਿਕੇ ਕਮਲ ਦਾ ਬਟਨ ਦਬਾ ਦਿਓ ‘ । ਦੋਵੇ ਹੀ ਪਾਰਟੀਆਂ ਧਰਮਾਂ ਨੂੰ ਵਰਤਕੇ ਸੱਤ੍ਹਾ ਦੇ ਗਲਿਆਰਿਆਂ ‘ਤੇ ਕਬਜ਼ਾ ਕਰਨ ਦੀ ਤਾਕ ‘ਚ ਹਨ ।

ਇਧਰ ਪੰਜਾਬ ਦੀ ਜਲੰਧਰ ਵਾਲ਼ੀ ਚੋਣ ਦੇ ਰੰਗ ਵੇਖੋ : ਸਾਬਕਾ ਮੁੱਖ ਮੰਤਰੀ ਚੰਨੀ ਕਹਿੰਦੇ ਨੇ ਕਿ ‘ਆਪ’ ਬੂਥਾਂ ‘ਤੇ ਕਬਜ਼ੇ ਕਰੇਗੀ  ਤੇ ਇਸ ਦੇ ਜਵਾਬ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਦਾਅਵਾ ਕਰਦੇ ਹਨ ਕਿ ‘ਆਪ’ ਬੂਥਾਂ ‘ਤੇ ਨਹੀਂ ਦਿਲਾਂ ‘ਤੇ ਕਬਜ਼ੇ ਕਰਨ ‘ਚ ਵਿਸ਼ਵਾਸ ਰੱਖਦੀ ਹੈ । ਵਿੱਤ ਮੰਤਰੀ ਹਰਪਾਲ ਚੀਮਾ ਕਹਿੰਦੇ ਨੇ ਕਿ ਬਿਕਰਮ ਮਜੀਠੀਆ ਹਾਰ ਦੇ ਡਰੋਂ ਲੋਕਾਂ ‘ਤੇ ਤਸ਼ੱਦਦ ਕਰ ਰਿਹਾ ਹੈ , ਸੁਖਬੀਰ ਬਾਦਲ ਭਗਵੰਤ ਮਾਨ ਨੂੰ ‘ਕਾਗਜ਼ੀ ਮੁੱਖ ਮੰਤਰੀ’ ਕਹਿ ਰਹੇ ਹਨ । ਲਗਾਤਾਰ 23 ਸਾਲ (1997 ਤੋਂ 2020 ਤੱਕ) ਭਾਜਪਾ ਨਾਲ਼ ਇਕ ਥਾਲ਼ੀ ‘ਚ ‘ਖਾਣ’ ਵਾਲ਼ੀ ਪਾਰਟੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਕਹਿ ਰਹੇ ਹਨ ਕਿ ਕਾਂਗਰਸ ਤੇ ਭਾਜਪਾ ਨੇ ਸਦਾ ਹੀ ਪੰਜਾਬ ਨਾਲ਼ ਮਤਰੇਈ ਮਾਂ ਵਾਲ਼ਾ ਸਲੂਕ ਕੀਤਾ ਹੈ ।

ਭਾਜਪਾ ਜੋ ਇਸ ਵਾਰ, ਸੰਗਰੂਰ ਦੀ ਹਾਰ ਤੋਂ ਮਗਰੋਂ, ਹੁਣ ਜਲੰਧਰ ਦੀ ਚੋਣ ਇਕੱਲਿਆਂ ਹੀ ਜਿਤਣ ਦੇ ਦਾਆਵੇ ਕਰ ਰਹੀ ਹੈ ਦਾ ਕਹਿਣਾ ਹੈ ਕਿ ਕਾਂਗਰਸ ਨੇ ਪਿਛਲੇ ਨੌਂ ਸਾਲਾਂ ‘ਚ ਜਿਹੜੇ ਕੰਮ ਜਲੰਧਰ ਲਈ ਨਹੀਂ ਕੀਤੇ ਉਨ੍ਹਾਂ ਦੀ ਪਾਰਟੀ ਅਗਲੇ ਨੌਂ ਮਹੀਨਿਆਂ ‘ਚ ਕਰ ਕੇ ਦਿਖਾਏਗੀ ।

ਭਾਜਪਾ ਦਾ ਉਮੀਦਵਾਰ  ਇੰਦਰ ਇਕਬਾਲ ਅਟਵਾਲ਼ ਆਕਾਲੀ ਦਲ ‘ਚੋਂ ਆਇਆ ਹੈ ਤੇ ‘ਆਪ’ ਦਾ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ‘ਚੋਂ । ਆਕਾਲੀ ਦਲ ਦੇ  ਬੰਗਾ ਤੋਂ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਹਨ । ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਸਵਰਗੀ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਵਿਧਵਾ ਹਨ । ਚੌਧਰੀ ਦੀ  ਇਸੇ ਵਰ੍ਹੇ ਰਾਹੁਲ ਗਾਂਧੀ ਵਾਲ਼ੀ ‘ਭਾਰਤ ਜੋੜੋ ਯਾਤਰਾ’ ‘ਚ ਹਿਸਾ ਲੈਣ ਸਮੇਂ 14 ਜਨਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ । ਸ਼੍ਰੋਮਣੀ ਆਕਾਲੀ ਦਲ(ਅ) ਦੇ ਗੁਰਜੰਟ ਸਿੰਘ ਕੱਟੂ ਹਨ ।

ਜਲੰਧਰ (ਰਾਖਵੀਂ ) ਸੀਟ ਕਾਂਗਰਸ ਨੇ ਸਿਰਫ਼ 1977,1989,1996 ਤੇ 1998 ‘ਚ ਹੀ ਹਾਰੀ ਸੀ  ਪਰ 13 ਵਾਰ ਇਸਦੇ ਉਮੀਦਵਾਰ ਹੀ ਜਿੱਤਦੇ ਰਹੇ ਹਨ ।  ਪਹਿਲਾਂ ਵੀ 1969 ਤੇ 1993 ਦੀਆਂ ਜ਼ਿਮਨੀ ਚੋਣਾ ‘ਚ ਕਾਂਗਰਸ ਹੀ ਜਿਤਦੀ ਰਹੀ ਹੈ । ਜਲੰਧਰ ਲੋਕ ਸਭਾ ‘ਚ ਨੌਂ ਵਿਧਾਨ ਸਭਾ ਹਲਕੇ ਫਿਲੌਰ,ਨਕੋਦਰ,ਸ਼ਾਹਕੋਟ,ਕਰਤਾਰਪੁਰ,ਜਲੰਧਰ ਪੱਛਮੀ,ਜਲੰਧਰ ਕੇਂਦਰੀ,ਜਲੰਧਰ ਉਤਰੀ,ਜਲੰਧਰ ਕੈਂਟ ਤੇ ਆਦਮਪੁਰ ਸ਼ਾਮਿਲ ਹਨ ।  ਇਨ੍ਹਾਂ ‘ਚੋਂ ਚਾਰ  ‘ਆਪ’ ਤੇ ਪੰਜ ‘ਤੇ ਕਾਂਗਰਸ ਦਾ ਕਬਜ਼ਾ ਹੈ । ਇਥੇ ਤਕਰੀਬਨ ਸਵਾ 16 ਲੱਖ ਵੋਟਰ ਹਨ ।

ਕੱਲ੍ਹ ਨੂੰ ਪੈਣ ਵਾਲੀਆਂ ਵੋਟਾਂ  ‘ਚ  ‘ਆਪ’ ਮੁਫ਼ਤ ਬਿਜਲੀ, ਮੈਰੀਟੋਰੀਅਸ ਸਕੂਲ, ਸਸਤੀ ਰੇਤਾ, 26000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ,ਵਾਤਾਵਰਣ ਨੂੰ ਲੈਕੇ ਮੱਤੇਵਾੜਾ ਤੇ ਜੀਰਾ ਸ਼ਰਾਬ ਫੈਕਟਰੀਆਂ ਤੇ ਸਰਕਾਰ ਦੇ ਫ਼ੈਸਲੇ, ਆਮ ਆਦਮੀ ਕਲੀਨਿਕ, ਰਜਿਸਟਰੀਆਂ ‘ਤੇ ਟੈਕਸ ਛੋਟ, ਇਨਵੈੱਸਟ ਪੰਜਾਬ , ਕਿਸਾਨਾਂ ਨੂੰ ਕਣਕ ਦੇ ਖਰਾਬੇ ਦੀ ਭਰਪਾਈ, ਭਰਿਸ਼ਟਾਚਾਰ ਵਿਰੁਧ ਕਾਰਵਾਈ ਲਈ ਆਪਣੇ ਮੰਤਰੀਆਂ ਤੇ ਵਿਧਾਇਕਾਂ ਤੇ ਕਾਰਵਾਈਆਂ , ਜੀਐੱਸਟੀ ‘ਚ ਵਾਧਾ ਤੇ ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ, ਬਿਜਲੀ ਲਈ ਕੋਲ਼ਾ,ਬੀਬੀਐੱਮਬੀ ਤੇ ਚੰਡੀਗੜ੍ਹ ਮੁੱਦਿਆਂ ‘ਤੇ ਪੰਜਾਬ ਨਾਲ਼ ਵਿਤਕਰੇ ਅਤੇ ਅੰਮ੍ਰਿਤਪਾਲ ਦੇ ਸਵਾਲਾਂ ‘ਤੇ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰੇਗੀ ।

ਦੂਜੇ ਬੰਨੇ ਵਿਰੋਧੀ ਧਿਰਾਂ ਅੰਮ੍ਰਿਤਪਾਲ ਦੇ ਮੁੱਦੇ ‘ਤੇ ਸਰਕਾਰ ਨੂੰ ਫ਼ੇਲ ਕਹਿ ਰਹੀਆਂ ਹਨ ਤੇ ਨਾਲ਼ ਦੀ ਨਾਲ਼ ਲਤੀਫ਼ਪੁਰੇ ਦਾ ਉਜਾੜਾ,  ਸਰਕਾਰ ਦੇ ਦੋ ਮੰਤਰੀਆਂ ਦੀ ਛੁੱਟੀ ਤੇ ਵਿਧਾਇਕਾਂ ‘ਤੇ ਭਰਿਸ਼ਟਾਚਾਰ ਦੇ ਦੋਸ਼ ,ਜੇਲ੍ਹਾਂ ‘ਚ ਗੈਂਗਸਟਰਾਂ ਦੀਆਂ ਕਾਰਵਾਈਆਂ ,  ਜੇਲ੍ਹ ‘ਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਦੋ ਟੀਵੀ ਮੁਲਾਕਾਤਾਂ ,  ਜੀਰਾ ਫੈਕਟਰੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਧਰਨੇ, ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਲਟਕਦਾ ਵਾਅਦਾ, ਸੰਗਰੂਰ ‘ਚ ਧਰਨਾ ਕਾਰੀਆਂ ਦੀ ਖਿਚ ਧੂਹ ,ਨਸ਼ਿਆਂ ਕਾਰਨ ਮੌਤਾਂ, ਸਿਧੂ ਮੂਸੇਵਾਲ਼ੇ ਦੇ ਪਿਤਾ ਵੱਲੋਂ ਸਰਕਾਰ ਖ਼ਿਲਾਫ਼ ਨਿੱਠਕੇ ਕੀਤਾ ਪ੍ਰਚਾਰ, ਮੰਤਰੀ ਕਟਾਰੂਚੱਕ ‘ਤੇ ਹਾਲ ਹੀ ਵਿੱਚ ਲੱਗੇ ਕਥਿਤ ਦੋਸ਼, ਕੇਜਰੀਵਾਲ਼ ਵੱਲੋਂ ਆਪਣੇ ਦਿੱਲੀ ‘ਚ  ਸਰਕਾਰੀ ਬੰਗਲੇ ‘ਤੇ ਮੁਰੰਮਤ ਲਈ 45 ਕਰੋੜ ਖਰਚਣ ਦੇ ਦੋਸ਼, ਲੁਧਿਆਣੇ ‘ਚ ਇਕ ਔਰਤ ਪੱਤਰਕਾਰ ਵਿਰੁਧ ਕੇਸ ਜਿਸ ਦੇ ਟੀਵੀ ਚੈਨਲ ਵੱਲੋ 45 ਕਰੋੜ ਵਾਲ਼ਾ ਕੇਸ ਨਸ਼ਰ ਕੀਤਾ ਗਿਆ ਆਦਿ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਵੀ ਭਾਰੂ ਰਹੀਆਂ  ਹਨ ।

ਕਾਂਗਰਸ ਨੂੰ ਛੱਡਕੇ ਸਾਰੀਆਂ ਹੀ ਪਾਰਟੀਆਂ ਦੇ ਸਿਖਰ ਦੇ ਲੀਡਰ ਜਲੰਧਰ ‘ਚ ਆਏ ਹਨ ਤੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰਦੇ ਰਹੇ ਹਨ ।  ਵੋਟਰ ਵੀ ਹੁਣ ਸਿਆਣਾ ਹੋ ਰਿਹਾ  ਹੈ , ਉਹ ਹਾਮੀ ਹਰ ਇਕ ਨੂੰ ਭਰ ਦਿੰਦਾ ਹੈ ਪਰ ਦਿਲ ਦੀ ਗੱਲ ਨਹੀਂ ਦੱਸਦਾ । ਪਿਛਲੇ ਵਰ੍ਹੇ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਰਾਜਨੀਤਿਕ ਪੰਡਿਤਾਂ ਦੇ ਅੰਦਾਜ਼ੇ ਸਨ ਕਿ ਕਿਸੇ ਪਾਰਟੀ ਨੂੰ ਬਹੁਮੱਤ ਨਹੀਂ ਮਿਲ਼ੇਗਾ ਪਰ ਜਿਉਂ ਹੀ ਮਸ਼ੀਨਾਂ ਖੁੱਲ੍ਹਣ ਲੱਗੀਆਂ ਤਾਂ ‘ਆਪ’ ਦਾ ਧੁੜਕੂ, ਧਮਕ ਬਣ ਗਿਆ , ਕਾਂਗਰਸ ਦੀ  ਲਲਕਾਰ, ਘਿਗੀ ‘ਚ ਬਦਲ ਗਈ  ਤੇ ਆਕਾਲੀਆਂ ਨੂੰ ਮੂੰਹ ਲੁਕਾਉਣ ਨੂੰ ਵੀ ਥਾਂ ਨਹੀਂ ਸੀ ਲੱਭ ਰਹੀ । ਕੁਝ ਇਸੇ ਤਰ੍ਹਾਂ ਦਾ 13 ਮਈ ਨੂੰ ਹੋਣ ਵਾਲ਼ਾ ਹੈ ਜਿਸ ਦਾ ਫ਼ੈਸਲਾ ਲੋਕਾਂ ਨੇ ਕੱਲ੍ਹ ਨੂੰ ਕਰ ਦੇਣਾ ਹੈ ।

ਹੁਣ ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਜਲੰਧਰ ਦੀ ਜਿਤ-ਹਾਰ ਭਗਵੰਤ ਮਾਨ ਦੇ ਰਾਜਨੀਤਿਕ ਭਵਿਖ ਲਈ ਵੀ ਕੋਈ ਪਾਲ਼ਾ ਖਿਚ ਸਕਦੀ ਹੈ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button