Breaking NewsD5 specialNewsPoliticsPunjab

ਜਦੋਂ ਪੁਲਿਸ ਵਾਲੇ ਨੇ ਕਿਹਾ ਕਿ ਮੈਂ ਮਾਰੇ ਪਤਾ ਨਹੀਂ ਕਿੰਨੇ ਕੁ ਬੱਬਰ, ਆਡੀਓ ਵਾਈਰਲ

Inspector Prem Singh Full Audio Viral ਸਾਨੂੰ ਪੂਰਾ ਯਕੀਨ ਹੈ ਕਿ ਇਹ ਆਡਿਓ ਕਲਿਪ ਸੁਣਨ ਤੋਂ ਬਾਅਦ ਤੁਹਾਨੂੰ ਪੰਜਾਬ ਵਿਚਲੇ ਖਾੜਕੂਵਾਦ ਦੇ ਕਾਲੇ ਦੌਰ ਦੀ ਯਾਦ ਜਰੂਰ ਆ ਗਈ ਹੋਵੇਗੀ। ਉਹ ਕਾਲਾ ਦੌਰ ਜਿਸ ਦੌਰਾਨ ਪੁਲਿਸ ਵਾਲਿਆਂ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਬੱਬਰਾਂ ਦੇ ਨਾਮ ਤੇ ਕੋਹ-ਕੋਹ ਕੇ ਤਸੀਹੇ ਦੇਣ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ। ਪਰ ਦੱਸ ਦੇਈਏ ਕਿ ਇਹ ਆਡਿਓ ਕਲਿਪ ਮੌਜੂਦਾ ਪੰਚਾਇਤ ਚੋਣਾਂ ਨਾਲ ਸਬੰਧ ਰੱਖਦਾ ਹੈ ਜਿਸ ਵਿੱਚ ਆਪਣੇ ਆਪ ਨੂੰ ਥਾਣਾ ਡੇਹਲੋਂ ਦਾ ਐਸਐਚਓ ਪ੍ਰੇਮ ਸਿੰਘ ਦੱਸ ਰਿਹਾ ਬੰਦਾ ਅਮਿਤ ਅਰੋੜਾ ਨਾਮ ਦੇ ਇੱਕ ਬੰਦੇ ਨੂੰ ਚੋਣ ਨਾ ਲੜਨ ਲਈ ਧਮਕਾ ਰਿਹਾ ਹੈ। ਇਸ ਦੌਰਾਨ ਇਹ ਪੁਲਿਸ ਵਾਲਾ ਇਧਰ ਉਧਰ ਦੀਆਂ ਗੱਲਾਂ ਰਾਹੀਂ ਪਹਿਲਾਂ ਆਪਣੇ ਸ਼ਿਕਾਰ ਨੂੰ ਪਿਆਰ ਨਾਲ ਚੋਣ ਲੜਨੋਂ ਰੋਕਦਾ ਹੈ। ਪਰ ਗੱਲ ਬਣਦੀ ਨਾ ਦੇਖ ਉਹ ਤੁਰੰਤ ਆਪਣੇ ਪੁਲਸੀਆ ਅੰਦਾਜ਼ ਵਿੱਚ ਆ ਕੇ ਗਾਲ੍ਹਾਂ ਕੱਢਦਾ ਹੋਇਆ ਉਸਨੂੰ ਇੱਥੋਂ ਤੱਕ ਕਹਿ ਦਿੰਦਾ ਹੈ ਕਿ ਇੱਥੇ ਕੋਈ ਨੀ ਪੁਛਦਾ ਕਿਸੇ ਨੂੰ, ਪ੍ਰੇਮ ਸਿੰਘ ਨੇ ਪਤਾ ਨਹੀਂ ਕਿੰਨੇ ਕੁ ਬੱਬਰ ਮਾਰ ਦਿੱਤੇ ਹੋਣੇ।

ਇਹ ਆਡਿਓ ਕਲਿਪ ਕੁੱਲ 9 ਮਿੰਟ 20 ਸਕਿੰਟ ਦੀ ਹੈ ਜਿਸ ਵਿੱਚੋਂ ਪਹਿਲੇ 3 ਮਿੰਟ 55 ਸਕਿੰਟ ਤੱਕ ਉਹ ਅਮਿਤ ਅਰੋੜਾ ਨਾਲ ਗੱਲਬਾਤ ਕਰਦਾ ਸੁਣੀਂਦਾ ਹੈ ਤੇ ਜਦੋਂ ਅਮਿਤ ਅਰੋੜਾ ਨਾਲ ਉਸਦੀ ਗੱਲਬਾਤ ਖਤਮ ਹੋ ਜਾਂਦੀ ਹੈ ਤਾਂ ਵੀ ਫੋਨ ਬੰਦ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਉਹ ਕਿਸੇ ਹੋਰ ਬੰਦੇ ਨੂੰ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਪ੍ਰਵਾਹ ਨਾ ਕਰੋ, ਸ਼ਾਮ 5 ਵਜੇ ਤੱਕ ਇਸਨੂੰ ਭਜਾ ਦਿਆਂਗਾ। ਦੱਸ ਦੇਈਏ ਕਿ ਇਸ ਪੂਰੀ ਆਡਿਓ ਕਲਿਪ ਵਿੱਚ ਪ੍ਰੇਮ ਸਿੰਘ ਅਮਿਤ ਅਰੋੜਾ ਨੂੰ ਇਹ ਜ਼ੋਰ ਪਾ ਕੇ ਚੋਣ ਨਾ ਲੜਨ ਲਈ ਧਮਕਾਉਂਦਾ ਰਹਿੰਦਾ ਹੈ ਕਿ ਸਰਕਾਰਾਂ ਨਾਲ ਪੰਗੇ ਨਹੀਂ ਲਈਏ, ਸਰਕਾਰਾਂ ਕਦੇ ਜਿੱਤਣ ਨਹੀਂ ਦਿੰਦੀਆਂ ਹੁੰਦੀਆਂ। ਭਾਵੇਂ ਕਿ ਇਸ ਦੌਰਾਨ ਅਮਿਤ ਅਰੋੜਾ ਇਹ ਕਹਿ ਕੇ ਬਥੇਰੇ ਤਰਕ ਦਿੰਦਾ ਸੁਣਾਈ ਦਿੰਦਾ ਹੈ ਕਿ ਉਸਨੇ ਆਪਣੇ ਇਲਾਕੇ ਵਿੱਚ ਬਹੁਤ ਕੰਮ ਕਰਵਾਏ ਹਨ, ਤੁਸੀਂ ਸਾਡਾ ਕੰਮ ਯੂਟਿਊਬ ਤੇ ਦੇਖ ਸਕਦੇ ਹੋ ਤੇ ਹੁਣ ਤਾਂ ਅਸੀਂ ਪੋਸਟਰ ਵੀ ਲਾ ਦਿੱਤੇ ਹਨ, ਪਰ ਪ੍ਰੇਮ ਸਿੰਘ ਨਾਮ ਦਾ ਬੰਦਾ ਪੁਲਸੀਆ ਅੰਦਾਜ ਨਹੀਂ ਛੱਡਦਾ ਤੇ ਕਹਿੰਦਾ ਹੈ ਕਿ ਕੰਮ ਨੂੰ ਕਿਹੜਾ ਪੁੱਛਦਾ ਹੈ ਜੇ ਕਿਸੇ ਨੇ ਵੋਟ ਹੀ ਨਾ ਪਾਉਣ ਦਿੱਤੀ ਤੈਨੂੰ ਤੇ ਲੋਕਾਂ ਨੇ ਜੁੱਤੀਆਂ ਮਾਰ ਕੇ ਭਜਾ ਦਿੱਤਾ ਤਾਂ ਫਿਰ ਤੂੰ ਕੀ ਕਰ ਲਵੇਗਾ? ਕੀ ਫਿਰ ਤੂੰ ਜਿੱਤ ਜਾਵੇਂਗਾ?

ਇਸ ਆਡਿਓ ਕਲਿਪ ਵਿੱਚ ਅਹਿਮ ਗੱਲ ਨਿਕਲ ਕੇ ਸਾਹਮਣੇ ਇਹ ਆਉਂਦੀ ਹੈ ਕਿ ਇਹ ਪੁਲਿਸ ਇੰਸਪੈਕਟਰ ਲੁਧਿਆਣਾ ਦੇ ਕਿਸੇ ਕੜਵਲ ਨਾਮ ਦੇ ਸਿਆਸਤਦਾਨ ਦੇ ਕਹਿਣ ’ਤੇ ਅਮਿਤ ਅਰੋੜਾ ਨੂੰ ਧਮਕਾ ਰਿਹਾ ਹੈ ਕਿਉਂਕਿ ਗੱਲਾਂ-ਗੱਲਾਂ ਵਿੱਚ ਉਹ ਅਮਿਤ ਨੂੰ ਕਹਿੰਦਾ ਹੈ ਕਿ ਤੂੰ ਮੇਰਾ ਭਰਾ ਹੈਂ, ਤੇ ਜਦੋਂ ਮੈਨੂੰ ਤੇਰੇ ਬਾਰੇ ਦੱਸਿਆ ਗਿਆ ਤਾਂ ਮੈਂ ਕਿਹਾ ਕਿ ਉਹ ਤਾਂ ਮੇਰਾ ਵੀਰ ਹੈ, ਮੇਰੀ ਜਾਨ ਹੈ, ਇਸ ਲਈ ਮੈਂ ਕਹਿੰਦਾ ਹਾਂ ਕਿ ਤੂੰ ਵੀਰ ਬਣਕੇ ਬਾਈ ਕੜਵਲ ਕੋਲ ਜਾ ਕੇ ਕਹਿ ਕਿ ਬਾਈ ਜੀ! ਹੁਕਮ ਕਰੋ, ਕੀ ਕਰਨਾ ਹੈ? ਤੇ ਉੱਥੇ ਜਾ ਕੇ ਮੇਰੀ ਬਾਈ ਕੜਵਲ ਨਾਲ ਗੱਲ ਜਰੂਰ ਕਰਵਾ ਦੇਵੀਂ। ਜਦੋਂ ਇਸ ਸਾਰੀ ਗੱਲਬਾਤ ਦਾ ਅਮਿਤ ਅਰੋੜਾ ਤੇ ਅਸਰ ਹੁੰਦਾ ਨਹੀਂ ਦਿਖਦਾ ਤਾਂ ਗੱਲਬਾਤ ਖਤਮ ਹੋਣ ਤੋਂ ਬਾਅਦ ਇਹ ਪੁਲਿਸ ਵਾਲਾ ਕਿਸੇ ਨੂੰ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਆਪਾਂ ਉਸਦੀ 7/51 ਕਰਕੇ ਜੇਲ੍ਹ ਭੇਜ ਦਿੰਦੇ ਹਾਂ। ਅੱਗੋਂ ਜਵਾਬ ਮਿਲਦਾ ਹੈ ਕਿ ਅੱਜ ਕਰ ਦਿਉ ਇਹ ਦੋ-ਤਿੰਨ ਦਿਨ ਰੁਝਿਆ ਰਹੇਗਾ ਤੇ ਅਸੀਂ ਵੋਟਾਂ ਪਵਾ ਲਵਾਂਗੇ। ਜਿਸ ਤੇ ਧਮਕੀ ਦੇਣ ਵਾਲਾ ਪੁਲਿਸ ਅਧਿਕਾਰੀ ਕਹਿੰਦਾ ਹੈ ਕਿ ਇਸਨੂੰ ਅਜੇ ਨਹੀਂ, ਵੋਟਾਂ ਵਾਲੇ ਦਿਨ ਕਰਾਂਗੇ ਕਿਉਂਕਿ ਜੇਕਰ ਇਸਨੂੰ ਅੱਜ ਜੇਲ੍ਹ ਭੇਜਿਆ ਤਾਂ ਇਸਦੀ ਜ਼ਮਾਨਤ ਹੋ ਜਾਵੇਗੀ।

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਅਰੋੜਾ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਸਰਪੰਚੀ ਦੀਆਂ ਚੋਣਾਂ ਵਿੱਚ ਉਮੀਦਵਾਰ ਖੜ੍ਹਾ ਕਰਵਾਇਆ ਸੀ। ਜਿਸ ਤੋਂ ਬਾਅਦ ਉਸਨੂੰ ਇਹ ਚੋਣ ਨਾ ਲੜਨ ਲਈ ਧਮਕੀਆਂ ਦਿੱਤੀਆਂ ਜਾਣ ਲੱਗ ਪਈਆਂ ਜਿਸ ਵਿਚੋਂ ਐਸਐਚਓ ਪ੍ਰੇਮ ਸਿੰਘ ਵੀ ਇੱਕ ਅਜਿਹਾ ਸਖਸ਼ ਹੈ ਜਿਸਨੇ ਕਿ ਉਸਨੂੰ ਧਮਕਾਇਆ ਹੈ। ਅਮਿਤ ਅਰੋੜਾ ਅਨੁਸਾਰ ਇਸ ਧਮਕੀ ਵਾਲੀ ਫੋਨ ਕਾਲ ਉਸਨੇ ਰਿਕਾਰਡ ਕਰ ਲਈ ਹੈ ਤੇ ਇਸ ਸਬੰਧੀ ਉਹ ਆਪਣੇ ਸਾਥੀਆਂ ਸਮੇਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਲ ਪੇਸ਼ ਹੋਏ ਸਨ ਜਿਨ੍ਹਾਂ ਨੇ ਦੁੱਗਰੀ ਥਾਣੇ ਦੇ ਐਸਐਚਓ ਗੁਰਬਚਨ ਸਿੰਘ ਦੀ ਡਿਊਟੀ ਲਾਈ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ। ਅਰੋੜਾ ਅਨੁਸਾਰ ਉਸਨੂੰ ਪੁਲਿਸ ਕਮਿਸ਼ਨਰ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਉਨ੍ਹਾਂ ਨੂੰ ਇਨਸਾਫ਼ ਦੇਣਗੇ। ਪੀੜਤ ਅਨੁਸਾਰ ਉਹ ਹਰ ਹਾਲਤ ਵਿੱਚ ਚੋਣ ਲੜਨਗੇ ਕਿਉਂਕਿ ਇਲਾਕਾ ਨਿਵਾਸੀਆਂ ਦਾ ਉਨ੍ਹਾਂ ਸਾਰਿਆਂ ਨੂੰ ਪੂਰਾ ਸਮਰਥਨ ਹੈ।

ਦੂਜੇ ਪਾਸੇ ਥਾਣਾ ਦੁੱਗਰੀ ਦੇ ਐਸਐਚਓ ਗੁਰਬਚਨ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਹ ਆਪਣੇ ਇਲਾਕੇ ਵਿੱਚ ਅਜਿਹਾ ਕੋਈ ਕੰਮ ਨਹੀਂ ਹੋਣ ਦੇਣਗੇ ਜਿਸ ਨਾਲ ਅਮਨ ਅਤੇ ਕਾਨੂੰਨ ਭੰਗ ਹੋਵੇ। ਐਸਐਚਓ ਅਨੁਸਾਰ ਉਨ੍ਹਾਂ ਕੋਲ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ ਜੇਕਰ ਕੋਈ ਸ਼ਿਕਾਇਤ ਆਈ ਤਾਂ ਉਹ ਇਸਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਦੌਰਾਨ ਜੇ ਕਿਸੇ ਨੇ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਕਿਉਂਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ ਐਸਐਚਓ ਪ੍ਰੇਮ ਸਿੰਘ ਤੇ ਲਾਏ ਜਾ ਰਹੇ ਹਨ ਉਹ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤੇ ਗਏ ਹਨ ਜਿਨ੍ਹਾਂ ਦੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਪੂਰੇ ਮਾਮਲੇ ਨੂੰ ਦੇਖਣ ਅਤੇ ਸੁਣਨ ਤੋਂ ਬਾਅਦ ਇੱਕ ਗੱਲ ਪੂਰੀ ਠੋਕ ਵਜਾ ਕੇ ਕਹੀ ਜਾ ਸਕਦੀ ਹੈ ਕਿ ਉਹ ਦਿਨ ਗਏ ਜਦੋਂ ਕੋਈ ਕਿਸੇ ਨੂੰ ਸ਼ਰੇਆਮ ਧਮਕੀ ਦੇ ਕੇ ਮਾਰ ਮੁਕਾਇਆ ਜਾਂਦਾ ਸੀ। ਆਧੁਨਿਕ ਦੌਰ ’ਚ ਹਰ ਬੰਦੇ ਦੇ ਹੱਥ ਵਿੱਚ ਚੁੱਕਿਆ ਫੋਨ ਨਾ ਸਿਰਫ਼ ਉਸਦੇ ਆਪਣੇ ਪਾਪ ਗਿਣਾਉਂਦਾ ਹੈ ਬਲਕਿ ਹੋਰਾਂ ਦੇ ਪਾਪਾਂ ਦਾ ਹਿਸਾਬ ਕਰਨੋਂ ਵੀ ਪਿੱਛੇ ਨਹੀਂ ਹੱਟਦਾ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਥਾਣਾ ਫਾਜ਼ਿਲਕਾ ਦੀ ਐਸਐਚਓ ਨਾਲ ਗੱਲਬਾਤ ਦਾ ਇੱਕ ਇਹੋ ਜਿਹਾ ਹੀ ਆਡਿਓ ਕਲਿਪ ਜਦੋਂ ਵਾਇਰਲ ਹੋਇਆ ਸੀ ਤਾਂ ਉਸ ਵੇਲੇ ਲੋਕਾਂ ਨੇ ਪੁਲਿਸ ਅਧਿਕਾਰੀ ਦੀ ਤਾਰੀਫ਼ ਕਰਦਿਆਂ ਸੱਤਾਧਾਰੀ ਵਿਧਾਇਕ ਨੂੰ ਸ਼ਰੇਆਮ ਬੁਰਾ ਭਲਾ ਕਿਹਾ ਸੀ। ਪਰ ਇਹ ਤਾਜ਼ਾ ਮਾਮਲਾ ਪੁਲਿਸ ਦੇ ਅਕਸ ਨੂੰ ਇੱਕ ਵਾਰ ਫਿਰ ਮਿੱਟੀ ਵਿੱਚ ਮਿਲਾਉਂਦਾ ਪ੍ਰਤੀਤ ਹੁੰਦਾ ਹੈ। ਪਰ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਇੱਕ ਗੱਲ ਦਿਮਾਗ ਵਿੱਚ ਰੱਖਿਓ ਕਿ ਜਿਹੜਾ ਫੜਿਆ ਗਿਆ ਉਹੀ ਚੋਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button