ਅਮਰਜੀਤ ਸਿੰਘ ਵੜੈਚ (94178-01988)
ਸ਼ਹਿਦ ਦੀ ਰਾਜਧਾਨੀ ਕਰਕੇ ਜਾਣੇ ਜਾਂਦੇ ਅਮਰੀਕਾ ਦੇ ਟੈਕਸਾਸ ਦੇ ਸ਼ਹਿਰ ਯੂਵਾਲਡੇ ਦੇ ਇੱਕ ਐਲੀਮੈਂਟਰੀ ਸਕੂਲ ਦੇ 19 ਬੱਚਿਆਂ ਅਤੇ ਦੋ ਅਧਿਆਪਕਾਂ ਸਣੇ 21 ਜਣਿਆਂ ਦੇ, ਇਕ ਸਿਰ ਫਿਰੇ ਵੱਲੋਂ ਅੰਨ੍ਹੇਵਾਹ ਫਾਈਰਿੰਗ ਕਰਕੇ ਕੀਤੇ ਕਤਲਾਂ ਨੇ ਪੂਰੀ ਦੁਨੀਆਂ ‘ਚ ਸੁੰਨ ਵਰਤਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਮੰਦਭਾਗੀ ਘਟਨਾ ‘ਚੇ ਗੱਚ ਭਰਦਿਆਂ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਬਹੁਤ ਹੀ ਮਹੱਤਵਪੂਰਣ ਬਿਆਨ ਦਿੱਤਾ ਹੈ” ਸਾਨੂੰ ਹਥਿਆਰਾਂ ਦੀ ਵਿਕਰੀ ‘ਤੇ ਪਾਬੰਦੀ ਦਾ ਹਿੰਮਤੀ ਕਦਮ ਚੁੱਕਣਾ ਪਵੇਗਾ ” ਅਤੇ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਹੀ ਕਿਹਾ।
ਅਮਰੀਕਾ ਵਿੱਚ ਇੱਕ ਘੰਟੇ ਤੋਂ ਪਹਿਲਾਂ ਹਥਿਆਰ ਖਰੀਦਿਆ ਜਾ ਸਕਦਾ ਹੈ। ਹਰ ਸੌ ਅਮਰੀਕੀ ਨਾਗਰਿਕਾਂ ਪਿੱਛੇ 120 ਕਾਨੂੰਨੀ ਹਥਿਆਰ ਹਨ। ਅਮਰੀਕਾ ਵਿੱਚ ਪਿਛਲੇ ਵੀਹ ਸਾਲਾਂ ਦੌਰਾਨ 20 ਹਜ਼ਾਰ ਤੋਂ ਵੱਧ ਲੋਕ ਅੰਨ੍ਹੇਵਾਹ ਫਾਈਰਿੰਗ ਕਰਨ ਦੀਆਂ ਘਟਨਾਵਾਂ ਵਿੱਚ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਨਸਲੀ-ਨਫ਼ਰਤ ਵਾਲੇ ਹਮਲੇ ਵੀ ਸ਼ਾਮਿਲ ਹਨ। ਅਗਸਤ 2012 ਵਿੱਚ ਇਕ ਸਿਰ ਫਿਰੇ ਨੇ ਅਮਰੀਕਾ ਦੇ ਮਿਲਵਾਕੀ ਸ਼ਹਿਰ ਦੇ ਗੁਰਦੁਆਰਾ ਵਿੱਚ ਇਕੱਠੇ ਹੋਏ ਸਿੱਖ ਸ਼ਰਧਾਲੂਆਂ ‘ਤੇ ਗੋਲੀਆਂ ਚਲਾ ਕਿ ਛੇ ਸਿੱਖ ਸ਼ਰਧਾਲੂ ਮਾਰ ਦਿੱਤੇ ਸਨ।
ਪਿਛਲੇ ਦਿਨੀਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਅਵਸਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਕਿਹਾ ਸੀ ਕਿ ‘ਮੌਜੂਦਾ ਹਾਲਾਤ’ ਦੇ ਮੱਦੇਨਜ਼ਰ ਹਰ ਸਿੱਖ ਨੂੰ ਲਾਇਸੰਸੀ ਹਥਿਆਰ ਰੱਖਣੇ ਚਾਹੀਦੇ ਹਨ। ਇਸ ‘ਹੁਕਮ’ ‘ਤੇ ਮੁੱਖ-ਮੰਤਰੀ ਪੰਜਾਬ, ਭਗਵੰਤ ਮਾਨ ਅਤੇ ਵੱਡੇ ਪੱਧਰ ‘ਤੇ ਸਿਆਸੀ ਦਲਾਂ (ਅਕਾਲੀ ਦਲ ਨੂੰ ਛੱਡਕੇ), ਸਮਾਜਿਕ ਅਤੇ ਦੂਸਰੇ ਚਿੰਤਕਾਂ ਨੇ ਸਵਾਲ ਚੁੱਕੇ ਹਨ। ਸੋਸ਼ਲ-ਮੀਡੀਆ ‘ਤੇ ਵੀ ਵਿਰੋਧ ਹੋਇਆ ਹੈ ਅਤੇ ਕੁਝ ਲੋਕਾਂ ਨੇ ਖਰਵੀ ਜ਼ੁਬਾਨ ਵਿੱਚ ਜਵਾਬ ਵੀ ਦਿੱਤੇ ਹਨ ਤੇ ਹਮਾਇਤ ਵੀ ਖਰਵੀ ਭਾਸ਼ਾ ਵਿੱਚ ਕੀਤੀ ਹੈ।
ਪੰਜਾਬ ਵਿੱਚ ਗੀਤਕਾਰਾਂ ਵੱਲੋਂ ਪੰਜਾਬੀ ਗੀਤਾਂ ਰਾਹੀਂ ਹੱਥਿਆਰਾਂ ਦਾ ਪ੍ਰਦਰਸ਼ਨ ਅਤੇ ਬੰਦੂਕਾਂ/ਪਿਸਤੌਲਾਂ ਨੂੰ ‘ਉਤਸ਼ਾਹਿਤ’ ਕਰਨ ‘ਤੇ ਪੰਜਾਬ ਦੇ ਹਰ ਵਰਗ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਸਰਕਾਰ ‘ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਸਰਕਾਰ ਇਸ ਰੁਝਾਨ ਨੂੰ ਰੋਕਣ ਲਈ ਕਾਨੂੰਨ ਬਣਾਏ। ਪੰਜਾਬ ਪਹਿਲਾਂ ਹੀ ਇਕ ਲੰਮਾ ਕਾਲਾ-ਸਮਾਂ ਵੇਖ ਤੇ ਹੰਡਾ ਚੁਕਿਆ ਹੈ। ਹਥਿਆਰ ਰੱਖਣ ਵਾਲੇ ਬਹੁਤੇ ਲੋਕ ਜਾਂ ਤਾਂ ਆਪਣੇ ‘ਤੇ ਜਾਂ ਫਿਰ ਘਰਦੇ ਮੈਂਬਰਾਂ/ਨਜ਼ਦੀਕੀਆਂ ‘ਤੇ ਹੀ ਵਾਰ ਕਰ ਦਿੰਦੇ ਹਨ।
ਹਥਿਆਰ ਰੱਖਣ ਨਾਲ ਫੋਕੀ ਬਹਾਦਰੀ ਸਿਰ ‘ਤੇ ਸਵਾਰ ਹੋ ਜਾਂਦੀ ਹੈ। ਹਰ ਮਾਂ-ਪਿਓ ਆਪਣੇ ਬੱਚਿਆਂ ਨੂੰ ਹਥਿਆਰਾਂ ਤੋਂ ਦੂਰ ਰੱਖਣਾ ਚਾਹੁੰਦਾ ਹੈ। ਪੰਜਾਬ ਦੇ 90 ਫ਼ੀਸਦ ਤੋਂ ਵੀ ਵੱਧ ਲੋਕ ਆਪਣੇ ਪਰਿਵਾਰ ਵਿੱਚ ਹਥਿਆਰ ਰੱਖਣ ਦੇ ਵਿਰੁੱਧ ਹਨ। ਜਥੇਦਾਰ ਸਾਹਿਬ ਦਾ ਇਹ ਬਿਆਨ ਕਈ ਸਵਾਲ ਖੜੇ ਕਰਦਾ ਹੈ। ਕੀ ਇਹ ਸਿਰਫ ਉਨ੍ਹਾਂ ਦੀ ਨਿੱਜੀ ਰਾਏ ਹੈ ਜਾਂ ਫਿਰ ਇਹ ‘ਹੁਕਮ’ ਹੈ। ਕੀ ਇਸ ਬਿਆਨ ਦੇ ਲਈ ਸਿੱਖ-ਸਮਾਜ ਦੇ ਵਿਦਵਾਨਾਂ, ਸੰਤਾਂ ,ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਆਦਿ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੱਦਵੀ ਦਾ ਹਰ ਸਿੱਖ ਬਹੁਤ ਸਤਿਕਾਰ ਕਰਦਾ ਹੈ ਅਤੇ ਜਥੇਦਾਰ ਦੇ ਹਰ ਸ਼ਬਦ ਦੇ ਬੜੇ ਵੱਡੇ ਅਰਥ ਹੁੰਦੇ ਹਨ।
ਵਿਸ਼ਵ ਦਾ ਸਭ ਤੋਂ ਵੱਡਾ ਮੁਲਕ, ਅਮਰੀਕਾ, ਆਪਣੇ ਨਾਗਰਿਕਾਂ ਵੱਲੋਂ ਖਰੀਦੇ ਜਾਂਦੇ ਹਥਿਆਰਾਂ ਤੋਂ ਤੰਗ ਹੋ ਚੁੱਕਾ ਹੈ ਅਤੇ ਆਪਣੇ ਸੰਵਿਧਾਨ ਵਿੱਚ ਸੋਧ ਕਰਨ ਲਈ ਤਤਪਰ ਹੈ ਪਰ ਜਥੇਦਾਰ ਸਾਹਿਬ ਸਿੱਖਾਂ ਨੂੰ ਹਥਿਆਰ ਰੱਖਣ ਲਈ ਉਦੇਸ਼ ਦੇ ਰਹੇ ਹਨ।
ਬਾਬਾ ਫ਼ਰੀਦ ਤਾਂ ਕਹਿੰਦੇ ਹਨ
‘ ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨ ਮਾਰੈ ਘੁੰਮਿ ।।
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ।। (ਅੰਗ 1377)
ਪੰਜਾਬ ਪਹਿਲਾਂ ਹੀ ਬੇਰੁਜ਼ਗਾਰੀ, ਗੈਂਗਸਟਰਾਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਕਰਕੇ ਝੰਜੋੜਿਆ ਪਿਆ ਹੈ। ਲੋੜ ਇਸ ਵਕਤ ਇਹ ਹੈ ਕਿ ਪੰਜਾਬ ਦੀ ਜਵਾਨੀ ਨੂੰ ਇਸ ਸੰਕਟ ‘ਚੋਂ ਜਲਦੀ ਤੋਂ ਜਲਦੀ ਕੱਢਿਆ ਜਾਵੇ। ਧਾਰਮਿਕ ਹਸਤੀਆਂ ਇਸ ਪਾਸੇ ਵੱਡਾ ਯੋਗਦਾਨ ਪਾ ਸਕਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.