D5 specialOpinion

ਚੰਨੀ ਸਾਹਿਬ!ਪੰਜਾਬ ਚ ਮਜਦੂਰ ਤੇ ਬੇਜਮੀਨੇ ਲੋਕ ਵੀ ਵੱਸਦੇ ਨੇ!

ਜਦੋਂ ਦੁਨੀਆਂ ਤੇ ਕਿਸੇ ਕਿਸਮ ਦੀ ਕੋਈ ਤ੍ਰਾਸਦੀ ਆਉਂਦੀ ਹੈ,ਤਾਂ ਸਭ ਤੋਂ ਜਿਆਦਾ ਬੱਚਿਆਂ ਅਤੇ ਬਜੁਰਗਾਂ ਦਾ ਧਿਆਨ ਰੱਖਿਆ ਜਾਂਦਾ ਹੈ।ਭਾਵੇਂ ਉਹ ਖਾਣ ਪੀਣ ਜਾਂ ਫਿਰ ਉਨ੍ਹਾਂ ਦੀ ਸਿਹਤ ਦੀ ਗੱਲ ਹੋਵੇ।ਇੰਨ੍ਹਾਂ ਦੋਵਾਂ ਵਰਗਾਂ ਦੀ ਪਹਿਲ ਦੇ ਅਧਾਰ ਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਉਸਤੋਂ ਬਾਅਦ ਨੌਜਵਾਨ ਵਰਗ ਦੀ ਵਾਰੀ ਆਉਂਦੀ ਹੈ।ਅਸਲ ਵਿੱਚ ਇਹ ਹੀ ਤਾਂ ਇਨਸਾਫ ਦਾ ਤਕਾਜਾ ਹੈ। ਇਸੇ ਸੰਦਰਭ ਚ,ਇਹ ਗੱਲ ਬੜੀ ਮਹੱਤਤਾ ਰੱਖਦੀ ਹੈ,ਕਿ ਜਿਸਨੂੰ ਕਿਸੇ ਚੀਜ ਦੀ ਜਿਆਦਾ ਜਰੂਰਤ ਹੁੰਦੀ ਹੈ।ਉਹਦੀ ਹੀ ਪਹਿਲ ਦੇ ਅਧਾਰ ਤੇ ਮੱਦਦ ਕਰਨੀ ਚਾਹੀਦੀ ਹੈ।ਇਹ ਤਾਂ ਲੋਕਤੰਤਰਿਕ ਦੇਸ਼ ਦਾ ਸਿਧਾਂਤ ਵੀ ਹੈ,ਕਿ ਗਰੀਬ ਤੇ ਲੋੜਵੰਦ ਦੀ ਸਭ ਤੋਂ ਪਹਿਲਾਂ ਮੱਦਦ ਕੀਤੀ ਜਾਵੇ।ਧਾਰਮਿਕ ਅਤੇ ਇਨਸਾਨੀਅਤ ਦੇ ਨਾਤੇ ਵੀ ਇਹੋ ਗੱਲ ਬੜੀ ਮਹੱਤਵ ਰੱਖਦੀ ਹੈ।

ਦੁਨੀਆਂ ਚ ਤਿੰਨ ਤਰ੍ਹਾਂ ਦੇ ਲੋਕ ਵੱਸਦੇ ਹਨ।ਇੱਕ ਉਹ ਲੋਕ,ਜਿਹੜੇ ਆਪਣੀਆਂ ਜਰੂਰੀ ਲੋੜਾਂ ਨੂੰ ਵੀ ਤਰਸਦੇ ਹਨ।ਭਾਵ ,ਕਿ ਉਨ੍ਹਾਂ ਲੋਕਾਂ ਨੂੰ ਕੁੱਲੀ,ਗੁੱਲੀ ਤੇ ਜੁਲੀ ਵੀ ਨਸੀਬ ਨਹੀਂ ਹੁੰਦੀ।ਦੂਜੇ,ਉਹ ਲੋਕ ਹੁੰਦੇ ਹਨ,ਜਿੰਨ੍ਹਾਂ ਨੂੰ ਆਰਾਮਦਾਇਕ ਲੋੜਾਂ ਦੀ ਜਰੂਰਤ ਹੁੰਦੀ ਹੈ।ਤੀਸਰੇ ਨੰਬਰ ਤੇ ਉਹ ਲੋਕ ਹੁੰਦੇ ਹਨ,ਜਿਹੜੇ ਆਪਣੇ ਸ਼ੌਕ ਪੂਰੇ ਕਰਨ ਲਈ ਜਿਉਂਦੇ ਹਨ।ਭਾਵ,ਕਿ ਉਹ ਵਿਲਾਸਤਾਪੂਰਵਕ ਜਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ। ਕਿਸੇ ਵੀ ਲੋਕਤੰਤ੍ਰਿਕ ਦੇਸ਼ ਚ,ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ,ਜਿਹੜੇ ਲੋਕ ਜਰੂਰੀ ਲੋੜਾਂ ਲਈ ਵੀ ਤਰਸਦੇ ਹੋਣ ਅਤੇ ਪਸ਼ੂਆਂ ਤੋਂ ਵੀ ਭੈੜੀ ਜਿੰਦਗੀ ਜਿਉਂ ਰਹੇ ਹੋਣ। ਉਸਤੋਂ ਬਾਅਦ ਆਰਾਮਦਾਇਕ ਲੋੜਾਂ ਵਾਲੇ ਵਿਅਕਤੀਆਂ ਵਾਰੇ ਸੋਚਿਆ ਜਾ ਸਕਦਾ ਹੈ ਅਤੇ ਸਭ ਤੋਂ ਅਖੀਰ ਚ ਵਿਲਾਸਤਾ ਪੂਰਵਕ ਜਿੰਦਗੀ ਹੰਢਾ ਰਹੇ ਲੋਕਾਂ ਦੀ ਪੁੱਛ ਪ੍ਰਤੀਤ ਹੋਣੀ ਚਾਹੀਦੀ ਹੈ,ਤਾਂ ਕਿ ਸਭ ਨੂੰ ਜਿੰਦਗੀ ਜਿਉਣ ਦਾ ਬਰਾਬਰ ਅਧਿਕਾਰ ਮਿਲ ਸਕੇ।

ਪਰ ਅਫਸੋਸ ਦੀ ਗੱਲ ਤਾਂ ਇਹ ਹੈ,ਕਿ ਸਾਡੇ ਦੇਸ਼ ਚ ਇਹ ਪ੍ਰਕਿਰਿਆ ਉਲਟ ਦਿਸ਼ਾ ਤੋਂ ਸ਼ੁਰੂ ਹੁੰਦੀ ਹੋ ਕੇ ਉਲਟ ਦਿਸ਼ਾ ਚ ਹੀ ਖਤਮ ਹੁੰਦੀ ਹੈ।ਇੱਥੇ ਦੇਸ਼ ਦੀਆਂ ਸਰਕਾਰਾਂ ਵੱਲੋਂ, ਹਰ ਭਲਾਈ ਦੀ ਸਕੀਮ ਜਾਂ ਕੋਈ ਵੀ ਪਾਲਿਸੀ,ਸਭ ਤੋਂ ਪਹਿਲਾਂ ਅਮੀਰਾਂ ਦੇ ਹੱਕ ਚ ਬਣਦੀ ਹੈ।ਫਿਰ ਮੀਡੀਅਮ ਲੋਕਾਂ ਦੇ ਹੱਕ ਚ ਬਣਦੀ ਹੈ ਅਤੇ ਸਭ ਤੋਂ ਅਖੀਰ ਚ ਗਰੀਬਾਂ ਤੇ ਲੋੜਵੰਦ ਲੋਕਾਂ ਦੇ ਹੱਕ ਚ ਕੋਈ ਪਾਲਿਸੀ ਬਣਦੀ ਹੈ।ਗਰੀਬ ਲੋਕਾਂ ਦੇ ਹੱਕ ਚ ਬਣਨ ਵਾਲੀ ਹਰ ਪਾਲਿਸੀ, ਉਨ੍ਹਾਂ ਤੱਕ ਪਹੁੰਚਦਿਆਂ 2 ਲੱਗਭੱਗ ਦਮ ਹੀ ਤੋੜ ਜਾਂਦੀ ਹੈ।ਇਹੋ ਤਾਂ ਸਾਡੇ ਦੇਸ਼ ਦੇ ਲੋਕਾਂ ਦਾ ਵੱਡਾ ਦੁਖਾਂਤ ਹੈ। ਦੇਸ਼ ਦੀਆਂ ਸਮੁੱਚੀਆਂ ਸਰਕਾਰਾਂ,ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਫਿਰ ਸੂਬਿਆਂ ਦੀਆਂ ਸਰਕਾਰਾਂ ਹੋਣ।ਸਾਰਿਆਂ ਦਾ ਵਤੀਰਾ,ਗਰੀਬ ਲੋਕਾਂ ਪ੍ਰਤੀ ਇੱਕੋ ਜਿਹਾ ਹੀ ਹੁੰਦਾ ਹੈ।ਕਿਉਂਕਿ ਇੰਨ੍ਹਾਂ ਲੋਕਾਂ ਨੂੰ ਗਰੀਬ ਅਤੇ ਅਣਪੜ੍ਹਤਾ ਦੇ ਕਾਰਨ,ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਅਤੇ ਸਮੇਂ ਦੀਆਂ ਸਰਕਾਰਾਂ,ਆਪਣੇ ਵੋਟ ਬੈਂਕ ਤੋਂ ਜਿਆਦਾ ਕੁੱਝ ਵੀ ਨਹੀਂ ਸਮਝਦੀਆਂ।ਇਸਦਾ ਮੁੱਖ ਕਾਰਨ ਇਹ ਹੈ,ਕਿ ਇਹ ਗਰੀਬ ਲੋਕ,ਨਾ ਤਾਂ ਆਪਣੇ ਹੱਕਾਂ ਪ੍ਰਤੀ ਸੁਚੇਤ ਹੀ ਹਨ ਅਤੇ ਨਾ ਹੀ ਇਹ ਲੋਕ ਸੰਗਠਿਤ ਹੀ ਹਨ।ਇਹੋ,ਇੰਨ੍ਹਾਂ ਲੋਕਾਂ ਦੇ ਦੁੱਖਾਂ ਦਾ ਮੁੱਖ ਕਾਰਨ ਹੈ।

ਦੇਸ਼ ਦੀ ਕੇਂਦਰ ਅਤੇ ਸੂਬਾ ਸਰਕਾਰਾਂ,ਹਰ ਪਾਲਿਸੀ, ਅਮੀਰ ਲੋਕਾਂ ਦੇ ਹੱਕ ਚ ਸਭ ਤੋਂ ਪਹਿਲਾਂ ਬਣਾਉਂਦੀਆਂ ਹਨ।ਕਿਉਂਕਿ ਇੰਨ੍ਹਾਂ ਲੋਕਾਂ ਤੋਂ ਰਾਜਨੀਤਕ ਪਾਰਟੀਆਂ ਨੇ ਚੋਣ ਫੰਡ ਵੀ ਤਾਂ ਲੈਣਾ ਹੁੰਦਾ ਹੈ।ਜਿਸਦੇ ਸਹਾਰੇ,ਇੰਨ੍ਹਾਂ ਰਾਜਨੀਤਕ ਨੇਤਾਵਾਂ ਨੇ ਮਹਿੰਗੇ ਭਾਅ ਦੀ ਚੋਣ ਵੀ ਜਿੱਤਣੀ ਹੁੰਦੀ ਹੈ।ਅਗਰ ਇਹ ਕਹਿ ਲਿਆ ਜਾਵੇ,ਕਿ ਅਮੀਰਾਂ ਅਤੇ ਰਾਜਨੀਤਕ ਨੇਤਾਵਾਂ ਵਿਚਕਾਰ ਚੋਣ ਗੱਠਜੋੜ ਦੇ ਤੌਰਤੇ ਇੱਕ ਸੰਧੀ ਹੋ ਜਾਂਦੀ ਹੈ।ਫਿਰ ਭਾਵੇਂ ਅਮੀਰਾਂ ਦੇ ਲੋਨ ਦੀ ਗੱਲ ਹੋਵੇ,ਸਬਸਿਡੀ ਦੀ ਗੱਲ ਹੋਵੇ,ਕਰਜਾ ਮੁਆਫੀ ਦੀ ਗੱਲ ਹੋਵੇ ਜਾਂ ਫਿਰ ਅਮੀਰ ਮੁਜਰਮਾਂ ਨੂੰ ਬਚਾਉਣ ਦੀ ਗੱਲ ਹੀ ਕਿਉਂ ਨਾ ਹੋਵੇ।ਸਭ ਕੁੱਝ ਅਮੀਰਾਂ ਦੇ ਹੱਕ ਚ ਹੀ ਤਾਂ ਭੁਗਤਦਾ ਹੈ। ਅਜੋਕੇ ਦੌਰ ਦੀ ਪੰਜਾਬ ਦੀ ਕਾਂਗਰਸ ਸਰਕਾਰ ਵੀ ਲੱਗਭੱਗ,ਉਸੇ ਰਾਹ ਤੇ ਹੀ ਤੁਰੀ ਹੋਈ ਹੈ।ਅਗਰ ਪੰਜਾਬ ਦੇ ਗਰੀਬ ਮਜਦੂਰਾਂ ਅਤੇ ਬੇਜਮੀਨੇ ਲੋਕਾਂ ਦੀ ਗੱਲ ਚੱਲਦੀ ਹੈ,ਤਾਂ ਚੰਨੀ ਸਰਕਾਰ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੀ ਵਜਾਏ ਕੁੱਟਿਆ ਵੀ ਜਾਂਦਾ ਹੈ ਅਤੇ ਉਨ੍ਹਾਂ ਤੇ ਪਰਚੇ ਵੀ ਦਰਜ ਕੀਤੇ ਜਾਂਦੇ ਹਨ।ਇਹ ਗੱਲ ਭਾਵੇਂ,ਪੰਚਾਇਤੀ ਸਾਮਲਾਟ ਜਮੀਨਾਂ ਦਾ ਤੀਜਾ ਹਿੱਸਾ ਦੇਣ ਦੀ ਗੱਲ ਹੋਵੇ।ਮਜਦੂਰਾਂ ਦੇ ਕਰਜੇ ਮੁਆਫੀ ਦੀ ਗੱਲ ਹੋਵੇ।ਮਾਈਕਰੋ ਫਾਈਨਾਂਸ਼ ਕੰਪਨੀਆਂ ਦੁਆਰਾ ਦਿੱਤੇ ਕਰਜੇ ਦੀ ਲੁੱਟ ਦੀ ਗੱਲ ਹੋਵੇ ਜਾਂ ਫਿਰ ਮਹਿੰਗਾਈ ਜਾਂ ਕਿਸੇ ਵੀ ਪ੍ਰਕਾਰ ਦੇ ਉਨ੍ਹਾਂ ਤੂ ਕੀਤੇ ਜਾ ਰਹੇ ਤਸੱਦਦ ਦੀ ਗੱਲ ਹੋਵੇ।ਮਜਦੂਰ ਤੇ ਬੇਜਮੀਨੇ ਲੋਕਾਂ ਨੂੰ ਹਰ ਤਰ੍ਹਾਂ ਦੇ ਤਸੱਦਦ ਦਾ ਸ਼ਿਕਾਰ ਹੋਣਾ ਹੀ ਪੈਂਦਾ ਹੈ।ਇੱਥੋਂ ਤੱਕ ,ਕਿ ਮਜਦੂਰਾਂ ਤੇ ਬੇ ਜਮੀਨਿਆਂ ਦੇ ਆਗੂਆਂ ਨੂੰ ,ਉਨ੍ਹਾਂ ਦੀ ਗੱਲ ਸੁਣਨ ਦੀ ਵਜਾਏ,ਚੰਨੀ ਸਰਕਾਰ ਵੱਲੋਂ ਮੀਟਿੰਗਾਂ ਰੱਦ ਕਰਕੇ ਜਲੀਲ ਵੀ ਕੀਤਾ ਜਾਂਦਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਵੀ,ਗਰੀਬ ਲੋਕਾਂ ਦੀ ਕਿਸੇ ਪ੍ਰਕਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਇਸ ਲਈ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਬੇਨਤੀ ਹੈ,ਕਿ ਇਹ ਗਰੀਬ ਮਜਦੂਰ ਤੇ ਬੇਜਮੀਨੇ ਲੋਕ ਵੀ ਤਾਂ ਪੰਜਾਬ ਦੇ ਹੀ ਵਾਸੀ ਹਨ ਅਤੇ ਪੰਜਾਬ ਦੇ ਹੀ ਵੋਟਰ ਹਨ।ਅਗਰ ਤੁਸੀਂ,ਦੂਸਰੇ ਵਰਗਾਂ ਨੂੰ ਦਿਲ ਖੋਲ ਕੇ ਪੰਜਾਬ ਦਾ ਖਜਾਨਾ ਲੁਟਾਈ ਜਾਂਦੇ ਹੋ,ਫਿਰ ਇੰਨ੍ਹਾਂ ਗਰੀਬ ਲੋਕਾਂ ਲਈ ਖਜਾਨੇ ਦਾ ਮੂੰਹ ਕਿਉਂ ਬੰਦ ਹੋ ਜਾਂਦਾ ਹੈ।ਵੈਸੇ ਵੀ ਇਤਿਹਾਸ ਇਸ ਗੱਲ ਦਾ ਗਵਾਹ ਹੈ,ਕਿ ਦੇਸ਼ ਚ ਕਾਂਗਰਸ ਦੀਆਂ ਸਰਕਾਰਾਂ ਬਨਾਉਣ ਚ ਇੰਨ੍ਹਾਂ ਗਰੀਬ ਲੋਕਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ।ਜਿੰਨ੍ਹਾਂ ਲੋਕਾਂ ਨੂੰ ਤੁਸੀਂ ਅਤੇ ਤੁਹਾਡੀ ਸਰਕਾਰ ਨੇ ਪੂਰੀ ਤਰ੍ਹਾਂ ਅਣਗੌਲਿਆਂ ਕਰ ਛੱਡਿਆ ਹੈ।ਜਦੋਂਕਿ, ਸਭ ਤੋਂ ਵੱਧ ਮੱਦਦ ਦੀ ਜਰੂਰਤ ਇੰਨ੍ਹਾਂ ਲੋਕਾਂ ਨੂੰ ਹੈ,ਜਿਹੜੇ ਆਪਣੀਆਂ ਜਰੂਰੀ ਲੋਕਾਂ ਲਈ ਵੀ ਮੌਤ ਤੇ ਜਿੰਦਗੀ ਦੀ ਲੜਾਈ ਲੜ ਰਹੇ ਹਨ।ਸੋ ਚੰਨੀ ਸਾਹਿਬ, ਇੰਨ੍ਹਾਂ ਲੋਕਾਂ ਵੱਲ ਵੀ ਧਿਆਨ ਦੇਣ ਦੀ ਸਭ ਤੋਂ ਜਿਆਦਾ ਜਰੂਰਤ ਹੈ,ਤਾਂ ਕਿ ਇਹ ਲੋਕ ਵੀ ਚਾਰ ਦਿਨ ਦੀ ਚੱਜ ਦੀ ਜਿੰਦਗੀ ਹੰਢਾ ਸਕਣ ਅਤੇ ਤੁਹਾਡੀ ਤੇ ਤੁਹਾਡੀ ਸਰਕਾਰ ਦੇ ਗੁਣ ਗਾ ਸਕਣ।

ਸੁਬੇਗ ਸਿੰਘ, ਸੰਗਰੂਰ
93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button