
ਯੂ. ਟੀ. ਚੰਡੀਗੜ੍ਹ ਦੇ ਕਈ ਨਾਮੀ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮਚ ਗਿਆ। ਕਥਿਤ ਤੌਰ ’ਤੇ ਖਾਲਿਸਤਾਨ ਨੈਸ਼ਨਲ ਆਰਮੀ ਵਲੋਂ ਧਮਕੀ ਮਿਲਣ ਉਪਰੰਤ ਪੁਲਿਸ ਨੇ ਤੁਰੰਤ ਅਲਰਟ ਜਾਰੀ ਕਰਦੇ ਹੋਏ ਸੰਬੰਧਿਤ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ।
ਜਾਣਕਾਰੀ ਅਨੁਸਾਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਨੂੰ ਚੰਡੀਗੜ੍ਹ ਦੇ ਸਕੂਲ ਖੁੱਲ੍ਹਣ ਦੇ ਦਿਨ ਹੀ ਸਭ ਤੋਂ ਪਹਿਲਾਂ ਸੈਕਟਰ-31 ਸਥਿਤ ਏਅਰ ਫੋਰਸ ਸਕੂਲ ਨੂੰ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਇਸ ਤੋਂ ਬਾਅਦ ਸੈਕਟਰ-37 ਬੀ ਅਤੇ 37 ਡੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 ਦੇ ਵਿਵੇਕ ਹਾਈ ਸਕੂਲ, ਸੈਕਟਰ-26 ਦੇ ਸੈਕਰਡ ਹਾਰਟ ਸਕੂਲ, ਸਟਰਾਬੈਰੀ ਫੀਲਡਜ਼ ਹਾਈ ਸਕੂਲ, ਸੈਕਟਰ-40 ਦੇ ਡੀ.ਪੀ.ਐਸ. ਅਤੇ ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਨੂੰ ਵੀ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲਣ ਦੀ ਸੂਚਨਾ ਹੈ।
ਈ-ਮੇਲ ਵਿਚ ਦਾਅਵਾ ਕੀਤਾ ਗਿਆ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਦੁਪਹਿਰ 1.11 ਵਜੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਵਿਚ ਦੁਪਹਿਰ 3.11 ਵਜੇ ਬੰਬ ਧਮਾਕੇ ਕੀਤੇ ਜਾਣਗੇ। ਇਸ ਵਿਚ ਆਈ.ਈ.ਡੀ. ਅਤੇ ਡਰੋਨਾਂ ਰਾਹੀਂ ਹਮਲੇ ਕਰਨ ਦੀ ਵੀ ਗੱਲ ਲਿਖੀ ਗਈ ਹੈ।
ਧਮਕੀ ਭਰੇ ਸੁਨੇਹੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਟਰੈਕਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਰੇਲ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਈ-ਮੇਲ ਵਿਚ 15 ਅਗਸਤ ਨੂੰ ਆਪਣੇ ਬੱਚਿਆਂ ਨੂੰ ਪਰੇਡ ਸਮਾਗਮਾਂ ਵਿਚ ਨਾ ਭੇਜਣ ਦੀ ਧਮਕੀ ਵੀ ਦਿੱਤੀ ਗਈ ਹੈ।
ਧਮਕੀ ਮਿਲਣ ਮਗਰੋਂ ਚੰਡੀਗੜ੍ਹ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪ੍ਰਭਾਵਿਤ ਸਕੂਲਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਧਮਕੀ ਭੇਜਣ ਵਾਲੇ ਈ-ਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਮਿਲਣ ਦੀ ਪੁਸ਼ਟੀ ਨਹੀਂ ਹੋਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




