PunjabTop News

ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਕੇਸ ਨੇ ਲਿਆ ਨਵਾਂ ਮੋੜ, ਪੁਲਿਸ ਹਿਰਾਸਤ ‘ਚ ਰਾਜ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਚੁੱਕੇ ਸਵਾਲ

ਲੁਧਿਆਣਾ ਦੇ ਜਗਰਾਓਂ ਸਥਿਤ ਗੁਰਦੁਆਰਾ ਮੰਜੀ ਸਾਹਿਬ, ਰਾਜੋਆਣਾ ਕਲਾਂ ਵਿਖੇ ਫਾਇਰਿੰਗ ਦੇ ਮੁਲਜ਼ਮ ਰਾਜ ਸਿੰਘ ਉਰਫ਼ ਰਾਜੂ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦਾ ਮਾਮਲਾ ਲਗਾਤਾਰ ਤੂਲ ਫੜ ਰਿਹਾ ਹੈ। ਪੁਲਿਸ ਉਸ ਨੂੰ ਲੰਬੇ ਸਮੇਂ ਤੋਂ ਬਿਮਾਰ ਦੱਸ ਰਹੀ ਹੈ, ਜਦਕਿ ਪਰਿਵਾਰਕ ਮੈਂਬਰਾਂ ਨੇ ਟਾਰਚਰ ਕਾਰਨ ਮੌਤ ਹੋਣ ਦਾ ਆਰੋਪ ਲਗਾਇਆ ਹੈ। ਹੁਣ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ। ਮ੍ਰਿਤਕ ਦੀ ਪਤਨੀ ਅਤੇ ਭਤੀਜੇ ਨਵਦੀਪ ਸਿੰਘ ਮੁਤਾਬਕ, ਰਾਜ ਸਿੰਘ ਬਿਲਕੁਲ ਠੀਕ ਸੀ। ਪੁਲਿਸ ਉਸ ਨੂੰ 1 ਨਵੰਬਰ ਨੂੰ ਪੁਰਾਣੀ ਤਲਵੰਡੀ ਸਥਿਤ ਘਰ ਤੋਂ ਸਹੀ-ਸਲਾਮਤ ਆਪਣੇ ਨਾਲ ਲੈ ਕੇ ਗਈ ਸੀ। ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ 2014 ਵਿੱਚ ਬਿਮਾਰੀ ਹੋਈ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਗੰਭੀਰ ਸਮੱਸਿਆ ਨਹੀਂ ਸੀ। ਉਹ ਨਸ਼ਾ ਛੱਡਣ ਲਈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗੋਲੀ ਲੈਂਦੇ ਸਨ।
ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਰਾਜ ਸਿੰਘ ਨਾਲ ਮਿਲਣ ਨਹੀਂ ਦਿੱਤਾ। ਪਹਿਲਾਂ ਉਸ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਫਿਰ ਹਾਲਤ ਗੰਭੀਰ ਹੋਣ ਦੀ ਸੂਚਨਾ ਦਿੱਤੀ ਗਈ। ਜਦੋਂ ਪਰਿਵਾਰ ਜਗਰਾਓਂ ਪਹੁੰਚਿਆ ਤਾਂ ਉੱਥੇ ਉਨ੍ਹਾਂ ਨੂੰ ਰਾਜ ਸਿੰਘ ਦੀ ਲਾਸ਼ ਮਿਲੀ।
ਪੁਲਿਸ ਮੁਤਾਬਕ, ਗ੍ਰਿਫ਼ਤਾਰੀ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਰਾਜ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਸੀ। ਉਸ ਵੱਲੋਂ ਦੱਸੀ ਗਈ ਬਿਮਾਰੀ ਅਤੇ ਦਵਾਈਆਂ ਦੇ ਮੁਤਾਬਕ ਉਸ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ। ਪੁਲਿਸ ਨੇ ਹਿਰਾਸਤ ਦੌਰਾਨ ਟਾਰਚਰ ਕਰਨ ਦੇ ਆਰੋਪਾਂ ਤੋਂ ਇਨਕਾਰ ਕੀਤਾ ਹੈ। ਵਿਵਾਦ ਵਧਣ ਤੋਂ ਬਾਅਦ ਪੁਲਿਸ ਨੇ ਜੱਜ ਸਾਹਿਬ ਦੀ ਅਗਵਾਈ ਹੇਠ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ ਹੈ।
ਗੁਰਦੁਆਰਾ ਮੰਜੀ ਸਾਹਿਬ ਵਿਖੇ 28 ਅਕਤੂਬਰ ਨੂੰ ਸਵੇਰੇ ਕਰੀਬ 3:10 ਵਜੇ ਬਾਈਕ ਸਵਾਰ ਦੋ ਨੌਜਵਾਨ ਪਹੁੰਚੇ ਸਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਬਾਹਰ ਬਾਈਕ ‘ਤੇ ਹੀ ਬੈਠਾ ਰਿਹਾ, ਜਦਕਿ ਦੂਜਾ ਅੰਦਰ ਜਾ ਕੇ ਮੱਥਾ ਟੇਕਣ ਅਤੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਨ ਤੋਂ ਬਾਅਦ ਬਾਬਾ ਬਲਦੇਵ ਸਿੰਘ ਦੇ ਕਮਰੇ ਵੱਲ ਗਿਆ ਅਤੇ ਉੱਥੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਕਰੀਬ ਇੱਕ ਹਫ਼ਤੇ ਬਾਅਦ ਪੁਲਿਸ ਨੇ ਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ, ਉਸ ਨੇ ਕਿਸੇ ਹੋਰ ਵਿਅਕਤੀ ਦੇ ਕਹਿਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਾਂਚ ਦੌਰਾਨ ਬਲੈਕਮੇਲਿੰਗ ਅਤੇ ਧਮਕੀ ਭਰੀਆਂ ਵਿਦੇਸ਼ੀ ਫੋਨ ਕਾਲਾਂ ਦਾ ਐਂਗਲ ਵੀ ਸਾਹਮਣੇ ਆਇਆ ਸੀ।
ਰਾਜ ਸਿੰਘ 23 ਅਕਤੂਬਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਨੇ ਗੋਲੀਬਾਰੀ ਦੇ ਮਾਮਲੇ ਵਿੱਚ ਚਾਰ ਲੋਕਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਸੀ। ਹੁਣ ਮੁੱਖ ਮੁਲਜ਼ਮ ਦੀ ਮੌਤ ਤੋਂ ਬਾਅਦ ਵਾਰਦਾਤ ਪਿੱਛੇ ਦੀ ਸਾਜ਼ਿਸ਼ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਦਾ ਖੁਲਾਸਾ ਕਰਨਾ ਪੁਲਿਸ ਲਈ ਚੁਣੌਤੀ ਬਣ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button