
ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਤਤਕਾਲੀ ਮੈਨੇਜਰ ਤੇ ਹੋਰਨਾਂ ਵੱਲੋਂ ਧੋਖਾਧੜੀ ਨਾਲ ਗੁਰਦੁਆਰਾ ਸਾਹਿਬ ਦੀ 44 ਮਰਲੇ ਜ਼ਮੀਨ ਵੇਚਣ ਦੇ ਮਾਮਲੇ ’ਚ ਸੋਹਾਣਾ ਪੁਲਸ ਵੱਲੋਂ ਨਾਮਜ਼ਦ ਤਤਕਾਲੀ ਮੈਨੇਜਰ ਰਜਿੰਦਰ ਸਿੰਘ ਟੌਹੜਾ ਵੱਲੋਂ ਆਪਣੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਸੀ। ਅਦਾਲਤ ਵੱਲੋਂ ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਤਕਾਲੀ ਮੈਨੇਜਰ ਰਜਿੰਦਰ ਸਿੰਘ ਟੌਹੜਾ ਦੀ ਜ਼ਮਾਨਤ ਖਾਰਜ ਕਰਦਿਆਂ ਕਿਹਾ ਕਿ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸ਼ਿਕਾਇਤਕਰਤਾ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਕੰਮ ਕਰ ਰਿਹਾ ਹੈ, ਜਿਸ ਦਾ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਸਾਹਿਬ ਵਿਖੇ ਹੈ। ਰਜਿੰਦਰ ਸਿੰਘ, ਗੁਰਿੰਦਰ ਸਿੰਘ, ਤਲਵਿੰਦਰ ਸਿੰਘ, ਸਤਵੀਰ ਸਿੰਘ, ਬਲਜਿੰਦਰ ਸਿੰਘ, ਜਸਵੰਤ ਸਿੰਘ, ਜਗਤਾਰ ਸਿੰਘ ਨੇ 15 ਅਕਤੂਬਰ 2025 ਦੇ ਅਥਾਰਟੀ ਪੱਤਰ ’ਤੇ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਕੇ ਧੋਖਾਧੜੀ ਕੀਤੀ ਹੈ ਜੋ ਕਿ ਸਕੱਤਰ, ਐੱਸ. ਜੀ. ਪੀ. ਸੀ ਵਲੋਂ ਕਦੇ ਵੀ ਜਾਰੀ ਨਹੀਂ ਕੀਤਾ ਜਾਂਦਾ ਹੈ ਤੇ ਇਸ ਜਾਅਲੀ ਅਧਿਕਾਰ ਪੱਤਰ ਦੇ ਸਬੰਧ ’ਚ ਐੱਸ. ਜੀ. ਪੀ. ਸੀ ਦੀ ਕਾਰਜਕਾਰੀ ਕਮੇਟੀ ਵੱਲੋਂ ਕਦੇ ਵੀ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਸੀ।
ਇਸ ਜਾਅਲੀ ਤੇ ਘੜੇ ਹੋਏ ਅਧਿਕਾਰ ਪੱਤਰ ਦੀ ਵਰਤੋਂ ਕਰਕੇ ਗੁਰਦੁਆਰਾ ਅੰਬ ਸਾਹਿਬ ਦੀ 44 ਮਰਲੇ ਜ਼ਮੀਨ ਦੀ ਵਿਕਰੀ ਡੀਲ ਨੂੰ ਅੰਜਾਮ ਦਿੱਤਾ ਗਿਆ। ਅਦਾਲਤ ਦਾ ਕਹਿਣਾ ਹੈ ਕਿ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਜਾਇਦਾਦ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ ਦੇ ਨਾਮ ’ਤੇ ਸੀ ਅਤੇ ਜਮਾਂਬੰਦੀ ਮੁਤਾਬਕ ਗੁਰਦੁਆਰਾ ਸਾਹਿਬ ਨੂੰ ਹੀ ਮਾਲਕ ਵਜੋਂ ਦਰਜ ਕੀਤਾ ਗਿਆ ਸੀ। ਰਾਜਿੰਦਰ ਸਿੰਘ ਵਲੋਂ ਸ਼ਿਕਾਇਤਕਰਤਾ ਪ੍ਰਤਾਪ ਸਿੰਘ (ਸਕੱਤਰ, ਐੱਸ.ਜੀ.ਪੀ.ਸੀ ਅੰਮ੍ਰਿਤਸਰ) ਦੇ ਦਸਤਖ਼ਤ ਹੋਣ ਦਾ ਦਾਅਵਾ ਕਰਕੇ ਇਕ ਪੱਤਰ ਤਿਆਰ ਕੀਤਾ ਗਿਆ, ਪਰ ਉਕਤ ਦਸਤਾਵੇਜ਼ ਜਾਅਲੀ ਅਤੇ ਘੜਿਆ ਹੋਇਆ ਪਾਇਆ ਗਿਆ ਹੈ।ਰਿਕਾਰਡ ’ਚ ਇਹ ਤੱਥ ਵੀ ਮੌਜੂਦ ਹੈ ਕਿ ਸੌਦੇ ਦੀ ਪੂਰੀ ਰਕਮ ਮੁਲਜ਼ਮ ਰਜਿੰਦਰ ਸਿੰਘ ਦੇ ਨਾਮ ’ਤੇ ਤਬਦੀਲ ਕੀਤੀ ਗਈ ਸੀ, ਨਾ ਕਿ ਗੁਰਦੁਆਰਾ ਸਾਹਿਬ ਦੇ ਖਾਤੇ ਵਿਚ। ਰਿਕਾਰਡ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਿਕਰੀ-ਨਾਮੇ ਦੀ ਰਜਿਸਟ੍ਰੇਸ਼ਨ ਸਮੇਂ ਦਿੱਤੇ ਗਏ ਚੈੱਕ ਰਜਿੰਦਰ ਸਿੰਘ ਦੇ ਨਾਂ ’ਤੇ ਜਾਰੀ ਕੀਤੇ ਗਏ ਸਨ।
ਮੁਲਜ਼ਮ ਖ਼ਿਲਾਫ਼ ਲਗਾਏ ਗਏ ਦੋਸ਼ ਗੰਭੀਰ ਹਨ, ਇਸ ਕੇਸ ’ਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਅਹਿਮ ਗਵਾਹਾਂ ਦੀ ਗਵਾਹੀ ਦੀ ਜਾਂਚ ਹੋਣੀ ਅਜੇ ਬਾਕੀ ਹੈ। ਜੇਕਰ ਮੁਲਜ਼ਮ ਰਜਿੰਦਰ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਮੁਕੱਦਮੇ ਤੋਂ ਬਚਣ ਲਈ ਫ਼ਰਾਰ ਹੋ ਸਕਦਾ ਹੈ, ਜਾਂ ਸਰਕਾਰੀ ਪੱਖ ਦੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਇਸ ਲਈ ਮੁਲਜ਼ਮ ਰਜਿੰਦਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕੀਤਾ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




