ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ : ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
(ਉਜਾਗਰ ਸਿੰਘ) : ਕੰਵਰ ਦੀਪ ਦਾ ਪਲੇਠਾ ਕਾਵਿ ਸੰਗ੍ਰਹਿ ਮਨ ਰੰਗੀਆਂ ਚਿੜੀਆਂ ਦੀਆਂ ਕਵਿਤਾਵਾਂ ਇਨਸਾਨ ਦੀ ਮਾਨਸਿਕਤਾ ਦੇ ਦਵੰਦ ਦਾ ਪ੍ਰਗਟਾਵਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਨਿੱਕੀਆਂ ਕਵਿਤਾਵਾਂ ਵੱਡੇ ਅਰਥਾਂ ਦੀਆਂ ਲਖਾਇਕ ਹਨ। ਇਨ੍ਹਾਂ ਕਵਿਤਾਵਾਂ ਦੀ ਭਾਵਨਾ ਨੂੰ ਸਮਝਣ ਲਈ ਤੀਖਣ ਬੁੱਧੀ ਦੀ ਲੋੜ ਹੈ। ਹਰ ਕਵਿਤਾ ਅਰਥ ਭਰਪੂਰ ਹੈ। ਜ਼ਿੰਦਗੀ ਦੇ ਅਰਥ ਸਮਝਾਉਣ ਵਾਲੀ ਕਵੀ ਦੀ ਕਵਿਤਾ ‘ਸਮੇਂ ਦਾ ਅਰਘ’ ਬਹੁਤ ਹੀ ਭਾਵ ਪੂਰਨ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿੰਦਗੀ ਸਾਲਾਂ ਬੱਧੀ ਵੀ ਬੇਅਰਥ ਹੈ, ਜੇਕਰ ਅਸੀਂ ਲੰਮੇ ਸਮੇਂ ਵਿਚੋਂ ਇਕ ਪਲ ਦੀ ਵੀ ਕਦਰ ਨਹੀਂ ਕੀਤੀ। ਸਮਾਂ ਬਹੁਤ ਕੀਮਤੀ ਹੈ ਕਵੀ ਉਸਦੀ ਅਹਿਮੀਅਤ ਨੂੰ ਸਮਝਣ ‘ਤੇ ਜ਼ੋਰ ਦਿੰਦਾ ਹੈ। ਭਾਵ ਸਮਾਂ ਵਿਅਰਥ ਗੁਆਉਣਾ ਨਹੀਂ ਚਾਹੀਦਾ। ਹਰ ਪਲ ਦਾ ਸਦਉਪਯੋਗ ਕਰਨਾ ਚਾਹੀਦਾ ਹੈ।
ਕੰਵਰ ਦੀਪ ਦੀਆਂ ਬਹੁਤੀਆਂ ਕਵਿਤਾਵਾਂ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਜੇਕਰ ਅਸੀਂ ਇਕ ਪਲ ਲਈ ਵੀ ਸੁਚੱਜੇ ਢੰਗ ਨਾਲ ਜ਼ਿੰਦਗੀ ਜੀਅ ਲਈਏ ਅਰਥਾਤ ਸਮਾਜ ਦੇ ਲੇਖੇ ਲਾ ਦਈਏ ਤਾਂ ਵੀ ਉਹ ਪਲ ਵੀ ਅਰਥ ਭਰਪੂਰ ਹੈ। ਇਕ ਕਿਸਮ ਨਾਲ ਕਵੀ ਸਮਾਜ ਦੇ ਤਾਣੇ ਬਾਣੇ ਵਿਚ ਮਨੁੱਖਤਾ ਦੇ ਡਿਗ ਰਹੇ ਮਿਆਰ ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਟਕੋਰਾਂ ਮਾਰ ਰਿਹਾ ਹੈ। ਪੂਰੀ ਪੁਸਤਕ ਪੜ੍ਹਨ ਤੋਂ ਬਾਅਦ ਇਹ ਸ਼ਪਸ਼ਟ ਹੁੰਦਾ ਹੈ ਕਿ ਕਵੀ ਨੇ ਸਮਾਜਿਕ ਬਿਮਾਰੀਆਂ ਦੇ ਦਰਦ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਉਨ੍ਹਾਂ ਨੇ ਬਹੁਤੀਆਂ ਲੰਬੀਆਂ ਕਵਿਤਾਵਾਂ ਨਹੀਂ ਲਿਖੀਆਂ ਸਗੋਂ ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਆਪਣੇ ਮਨ ਦੇ ਭਾਵ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸੰਕੇਤਕ ਢੰਗ ਨਾਲ ਭਰਿਸ਼ਟਾਚਾਰ, ਹੇਰਾ ਫ਼ੇਰੀ, ਵਿਹੜਪੁਣਾ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਦਿ ਨੂੰ ਆਪਣੀਆਂ ਕਵਿਤਾਵਾਂ ਦੇ ਮੌਜੂ ਬਣਾਇਆ ਹੈ। ਕੰਵਰ ਦੀਪ ਸੰਵੇਦਨਸ਼ੀਲ ਕਵੀ ਹਨ, ਜਿਹੜੇ ਧੁਰ ਅੰਦਰ ਤੱਕ ਇਨਸਾਨ ਦੀਆਂ ਕਰਤੂਤਾਂ ਨੂੰ ਫਟਕਾਰ ਪਾ ਰਹੇ ਹਨ।
ਇਸ ਕਾਵਿ ਸੰਗ੍ਰਹਿ ਦੀ ਪਹਿਲੀ ਹੀ ਕਵਿਤਾ ‘ਜੰਗਲ ‘ਚੋਂ ਲੰਘਦਿਆਂ’ ਸੰਕੇਤਕ ਕਵਿਤਾ ਹੈ, ਜਿਸ ਵਿਚ ਕਵੀ ਵਰਤਮਾਨ ਸਮਾਜ ਦੀ ਤੁਲਨਾ ਜੰਗਲ ਨਾਲ ਕਰ ਰਿਹਾ ਹੈ। ਸਮਾਜ ਨੂੰ ਉਹ ਜੰਗਲ ਕਹਿ ਰਿਹਾ ਹੈ। ਇਸ ਸਮਾਜ ਵਿਚ ਹਰ ਤਰ੍ਹਾਂ ਦੇ ਲੋਕ ਹਨ, ਇਹ ਤੁਹਾਡੀ ਮਾਨਸਿਕਤਾ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਰੂਪ ਅਖ਼ਤਿਆਰ ਕਰਨਾ ਚਾਹੁੰਦੇ ਹੋ। ਕਵੀ ਆਪਣੀਆਂ ਕਵਿਤਾਵਾਂ ਵਿਚ ਭਾਸ਼ਾ ਦੀ ਵਰਤੋਂ ਵੀ ਸੰਜਮ ਨਾਲ ਕਰਦਾ ਹੈ, ਪ੍ਰੰਤੂ ਜਿਹੜੀ ਗੱਲ ਉਹ ਕਹਿਣੀ ਚਾਹੁੰਦੇ ਹਨ, ਉਹ ਵੀ ਸੰਕੇਤਾਂ ਵਿਚ ਹੀ ਕਹਿੰਦੇ ਹਨ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਇਨਸਾਨ ਹਰ ਸਮੇਂ ਮਾਨਸਿਕਤਾ ਦੀ ਉਲਝਣ ਵਿਚ ਉਲਝਿਆ ਵਿਖਾਇਆ ਗਿਆ ਹੈ। ਸਾਈਡਪੋਜ਼ ਕਵਿਤਾ ਵਿਚ ਕਵੀ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਸਮਾਜ ਵਿਚ ਪਰਿਵਰਤਨ ਲਿਆਉਣਾ ਚਾਹੁੰਦੇ ਹਨ, ਆਮ ਲੋਕ ਉਨ੍ਹਾਂ ਨੂੰ ਸਮਝ ਹੀ ਨਹੀਂ ਰਹੇ। ਇਨਕੋਰ ਸਿਰਲੇਖ ਵਾਲੀ ਕਵਿਤਾ ਵਿਚ ਹਰ ਵਿਅਕਤੀ ਆਪਣੇ ਆਪ ਨੂੰ ਦੂਜੇ ਨਾਲੋਂ ਵੱਡਾ ਸਮਝਦਾ ਹੈ, ਪ੍ਰੰਤੂ ਇਨਸਾਨ ਨਹੀਂ ਸਮਝਦਾ।
ਭਾਵ ਇਨਸਾਨ ਹਓਮੈ ਦੇ ਚਕਰ ਵਿਚ ਫਸਿਆ ਫਿਰਦਾ ਹੈ ਪ੍ਰੰਤੂ ਇਨਸਾਨ ਸਾਰੇ ਬਰਾਬਰ ਹੁੰਦੇ ਹਨ। ਕੋਈ ਵੱਡਾ ਛੋਟਾ ਨਹੀਂ। ਬਾਈ ਸਿਆਂ ਸਿਰਲੇਖ ਵਾਲੀ ਕਵਿਤਾ ਦਾ ਭਾਵ ਵੀ ਇਹੋ ਹੈ ਕਿ ਬੰਦਾ ਇਨਸਾਨ ਨਹੀਂ ਬਣ ਸਕਿਆ। ਬੁੱਧ ਬਣਨ ਦੀ ਲੋੜ ਨਹੀਂ, ਗ੍ਰਹਿਸਤ ਵਿਚ ਰਹਿਕੇ ਹੀ ਇਨਸਾਨ ਬਣਿਆਂ ਜਾ ਸਕਦਾ ਹੈ। ਸਮੇਂ ਦੇ ਹਾਣੀ ਕਵਿਤਾ ਵਿਚ ਵੀ ਪੋਟਿਆਂ ਅਤੇ ਘੜੀ ਦੀ ਆਂ ਉਦਾਹਰਣਾ ਦੇ ਕੇ ਸੰਕੇਤਾਂ ਨਾਲ ਇਨਸਾਨੀਅਤ ਦਾ ਪੱਲਾ ਫੜਨ ਦੀ ਪ੍ਰੇਰਨਾ ਦਿੱਤੀ ਹੈ। ਭਾਵ ਪੁਰਾਣੇ ਜ਼ਮਾਨੇ ਭਲੇ ਸਨ, ਜਦੋਂ ਲੋਕ ਨੈਤਿਕਤਾ ਵਾਲਾ ਜੀਵਨ ਬਤੀਤ ਕਰਦੇ ਸਨ। ਰੱਬ ਨਾਲ ਗੱਲਾਂ ਵਿਚ ਵੀ ਲੋਕਾਂ ਦੀ ਪ੍ਰਵਿਰਤੀ ਫ਼ਰਜ਼ਾਂ ਨਾਲੋਂ ਹੱਕਾਂ ਦੀ ਤਰਜ਼ੀਹ ਦਿੰਦੀ ਵਿਖਾਈ ਹੈ, ਪ੍ਰੰਤੂ ਸਾਡੇ ਸਮਾਜ ਵਿਚ ਹੱਕਾਂ ਲਈ ਜ਼ਿਆਦਾ ਰਾਮ ਰੌਲਾ ਹੈ। ਆਧੁਨਿਕਤਾ ਦੇ ਨਾਮ ਤੇ ਇੰਟਰਨੈਟ ਦੀ ਵਰਤੋਂ ਇਤਨੀ ਕੀਤੀ ਜਾ ਰਹੀ ਹੈ ਕਿ ਘਰਾਂ ਦੇ ਕਮਰਿਆਂ ਵਿਚ ਬੈਠੇ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਕੇ ਗੱਲਾਂ ਨਹੀਂ ਕਰਦੇ ਸਗੋਂ ਪਰਵਾਸੀਆਂ ਦੀ ਤਰ੍ਹਾਂ ਫੋਨਾ ਤੇ ਸੰਦੇਸ਼ ਦੇ ਕੇ ਹੀ ਗੱਲਾਂ ਕਰਦੇ ਹਨ। ਇਹ ਕੌਣ ਨੇ? ਕਵਿਤਾ ਵਿਚ ਕਵੀ ਲਿਖਦੇ ਹਨ-
ਘਰੋਂ ਨਿਕਲਣ ਤੋਂ ਪਹਿਲਾਂ ਮੌਸਮ ਪਰਖਣ ਵਾਲੇ
ਅਸੀਂ
ਵਕਤ ਦੇ ਗ਼ੁਲਾਮ ਬਣ ਗਏ ਹਾਂ।
ਜ਼ਿਹਨ ‘ਚ ਵਧਦੀ ਅਸੁਰੱਖਿਅਤਾ
ਦਿਲਾਂ ਦੀਆਂ ਦੂਰੀਆਂ
ਚਾਰ ਕੰਧਾਂ ਦੇ ਕੈਦੀ ‘ਘਰਾਂ’ ‘ਚ ਬੈਠੇ ਈ
ਪਰਵਾਸੀ ਹੋ ਗਏ ਹਾਂ।
ਕਵੀ ਜੋ ਵੀ ਗੱਲ ਆਪਣੀ ਕਵਿਤਾ ਵਿਚ ਕਹਿਣੀ ਚਾਹੁੰਦੇ ਹਨ, ਸਿੱਧੀ ਸਪਾਟ ਨਹੀਂ ਕਰਦੇ ਸਗੋਂ ਸੰਕੇਤਕ ਸ਼ਬਦਾਂ ਵਿਚ ਕਰਦੇ ਹਨ। ਅਮੀਰ ਗ਼ਰੀਬ ਦੇ ਪਾੜੇ ਦੀ ਗੱਲ ‘ਓਸ ਬੰਦੇ ਦੀਆਂ ਗੱਲਾਂ ਸਿਰਲੇਖ ਵਾਲੀ ਕਵਿਤਾ ਵਿਚ ਅਸਿਧੇ ਢੰਗ ਨਾਲ ਲਿਖਦੇ ਹਨ-
ਓਹਨੂੰ ਥਾਲ-ਸਜੀ ਰੋਟੀ ਖਾਂਦੇ ਨੂੰ, ਆਪਦੇ ਪਿੰਡ ਆਲਾ ‘ਮਾੜਾ’ ਯਾਦ ਆ ਗਿਆ।
ਵੀ ਓਹ ਭੁੱਖਾ ਹੋਊ ਏਸ ਵੇਲੇ, ਹੱਥੋਂ ਮੂੰਹ ਨੂੰ ਜਾਂਦੀ ਬੁਰਕੀ, ਰੱਖ ਲੰਮਾ ਪੈ ਗਿਆ।
ਮੈਂ ਜ਼ਿੰਦਾਬਾਦ ਕਵਿਤਾ ਵਿਚ ਸਮਾਜਿਕ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ ਬਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵਰਜਿਤ ਪਲ ਓਪਰੀ ਨਜ਼ਰ ਨਾਲ ਪੜ੍ਹਨ ਵਾਲੇ ਨੂੰ ਰੁਮਾਂਟਿਕ ਕਵਿਤਾ ਲੱਗੇਗੀ ਪ੍ਰੰਤੂ ਕਵੀ ਨੇ ਇਸ ਵਿਚ ਜ਼ਿੰਦਗੀ ਨੂੰ ਸਹੀ ਲੀਹਾਂ ‘ਤੇ ਲਿਆਕੇ ਇਸਦਾ ਸਦਉਪਯੋਗ ਕਰਨ ਦੀ ਤਾਕੀਦ ਕੀਤੀ ਹੈ। ਹੁੰਗਾਰਾ ਅਤੇ ਅੜੇ ਹੋਏ ਖ਼ਿਆਲ ਕਵਿਤਾਵਾਂ ਵਿਚ ਕਵੀ ਕਹਿੰਦਾ ਹੈ ਕਿ ਜਦੋਂ ਇਨਸਾਨ ਬੱਚਾ ਹੁੰਦਾ ਹੈ ਤਾਂ ਉਹ ਮਨ ਦਾ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦਾ ਹੈ। ਵੱਡਾ ਹੋਕੇ ਸਿਆਣਪ ਦੇ ਕੋਹੜ ਵਿਚ ਗ੍ਰਸਤ ਹੋ ਕੇ ਲਾਭ-ਰਸ ਮਾਨਣ ਲੱਗ ਜਾਂਦਾ ਹੈ। ਭਾਵ ਭਰਿਸ਼ਟ ਹੋ ਜਾਂਦਾ ਹੈ, ਇਸ ਲਈ ਜਵਾਕ ਰਹਿਣਾ ਹੀ ਠੀਕ ਸਮਝਦਾ ਹੈ, ਇਨਸਾਨ ਲਾਲਚ ਤੋਂ ਰਹਿਤ ਹੀ ਚੰਗਾ ਹੈ। ਉਡੀਕਵਾਨ ਜ਼ਿੰਦਗੀ ਦੇ ਵਿਚ ਕਵੀ ਆਸ਼ਾਵਾਦੀ ਹੈ। ਚੰਗੇ ਦੀ ਆਸ ਛੱਡਣੀ ਨਹੀਂ ਚਾਹੀਦੀ, ਆਤਮ ਹੱਤਿਆ ਕਰਨ ਤੋਂ ਰੋਕਦਾ ਹੈ। ਕਵੀ ਆਸ਼ਾਵਾਦੀ ਹੈ, ਇਸ ਲਈ ਭਾਸ਼ਾ ਸੰਕੇਤਕ ਹੀ ਵਰਤਦਾ ਹੈ। ਕਵੀ ਲਿਖਦਾ ਹੈ-
ਬੇ-ਆਸ ਨਾ ਹੋ
ਜ਼ਿੰਦਗੀ ਕਦੋਂ ਵੀ
ਮਿਲ ਸਕਦੀ ਆ।
ਤੂੰ ਬਸ
ਜਿਉਣਾ ਨਾ ਛੱਡੀਂ।
ਕਵੀ ਆਪਣੀਆਂ ਕਵਿਤਾਵਾਂ ਵਿਚ ਉਸਾਰੂ ਸੋਚ ਨਾਲ ਜ਼ਿੰਦਗੀ ਬਸਰ ਕਰਨ ਲਈ ਕਹਿੰਦਾ ਹੈ। ਜ਼ਿੰਦਗੀ ਵਿਚੋਂ ਕੁੜੱਤਣ ਖ਼ਤਮ ਕਰਕੇ ਆਪਸੀ ਪਿਆਰ ਨਾਲ ਸਮਾਜ ਵਿਚ ਵਿਚਰਨਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਖ਼ੂਬਸੂਰਤ ਹੁੰਦੀ ਹੈ, ਉਦਾਸੀ ਜ਼ਿੰਦਗੀ ਨੂੰ ਜਿਓਣ ਨਹੀਂ ਦਿੰਦੀ। ਨੋ ਐਂਟਰੀ ਸਿਰਲੇਖ ਵਾਲੀ ਕਵਿਤਾ ਵਿਚ ਕੰਵਰ ਦੀਪ ਇਹ ਦੱਸਣਾ ਚਾਹੁੰਦੇ ਹਨ ਕਿ ਇਨਸਾਨ ਬੇਸ਼ਕ ਆਪਣੇ ਘਰਾਂ ਦੇ ਦਰਵਾਜੇ ਉਚੇ ਕਰ ਲਵੇ, ਲੋਹੇ ਦੇ ਜਿੰਦਰੇ ਮਾਰ ਲਵੇ ਪ੍ਰੰਤੂ ਦਿਲ ਦੇ ਦਰਵਾਜ਼ੇ ਇਨਸਾਨੀਅਤ ਲਈ ਖੋਲ੍ਹ ਕੇ ਰੱਖੋ। ਆਪਣੀ ਗੱਲ ਦਿਲ ਖੋਲ੍ਹਕੇ ਕਰਨੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਸਾਊ ਬਣਨ ਲਈ ਅੰਦਰੋ ਅੰਦਰੀ ਘੁਟੀ ਜਾਓ। ਰਿਸ਼ਤੇ ਨਿਭਾਉਣੇ ਸਿੱਖੋ। ਰਿਸ਼ਤਿਆਂ ਦੀ ਗੰਢ ਪੀਡੀ ਕਰੋ। ਕਵੀ ਦੀਆਂ ਕਵਿਤਾਵਾਂ ਜ਼ਿੰਦਗੀ ਦੇ ਸੁਨਹਿਰੀ ਪਲਾਂ ਨੂੰ ਮਾਨਣ ਲਈ ਸੰਗੀਤ, ਸਾਹਿਤ, ਕੁਦਰਤ ਅਤੇ ਵਾਤਾਵਰਨ ਨੂੰ ਅਪਨਾਉਣ ‘ਤੇ ਜ਼ੋਰ ਦਿੰਦੀਆਂ ਹਨ। ਮਾਨਵਤਾ ਦੀ ਮਹਿਕ ਤੋਂ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਚੰਗਾ ਮਾੜਾ ਵੇਖਣਾ ਅਤੇ ਸੋਚਣਾ ਇਨਸਾਨ ਦੇ ਆਪਣੇ ਵਸ ਹੁੰਦਾ ਹੈ।
ਇਸ ਲਈ ਉਸਨੂੰ ਬਾਹਰ ਵੇਖਣ ਦੀ ਥਾਂ ਆਪਣੇ ਅੰਦਰ ਝਾਕਣ ਦੀ ਲੋੜ ਹੈ। ਨਿੱਕੀਆਂ ਨਿੱਕੀਆਂ ਘਟਨਾਵਾਂ ਅਤੇ ਗੱਲਾਂ ਬਾਰੇ ਅੰਦੇਸ਼ੇ ਲਾਉਣ ਨਾਲ ਹਰ ਰੋਜ਼ ਮਰਨ ਦੇ ਬਰਾਬਰ ਹੁੰਦਾ ਹੈ। ਜ਼ਿੰਦਗੀ ਮਾਨਣ ਲਈ ਹੁੰਦੀ ਹੈ। ਨਾ ਕਿ ਘੁਟ ਘੁਟਕੇ ਜੀਣ ਲਈ। ਕਵੀ ਦੀਆਂ ਕਵਿਤਾਵਾਂ ਵਿਚ ਖ਼ਾਹਸ਼ਾਂ ਵਧਾਉਣ ਵਾਲਿਆਂ ਵਾਸਤੇ ਮੁਸ਼ਕਲਾਂ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ। ਇਨਸਾਨ ਨੂੰ ਆਪਣੇ ਕਿੱਤੇ ਨੂੰ ਧੰਦਾ ਨਹੀਂ ਬਣਉਦਾ ਚਾਹੀਦਾ। ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਇਛਾਵਾਂ ਦੀ ਪੂਰਤੀ ਲਈ ਦੌੜ ਨੂੰ ਕਵੀ ਨੇ ਹਲਕੇ ਕੁੱਤੇ ਦੇ ਬਰਾਬਰ ਕਿਹਾ ਹੈ। ਸਵਰਗ ਨਰਕ ਇਕ ਭੁਲੇਖਾ ਹੈ। ਜੋ ਹੈ ਇਸ ਜ਼ਿੰਦਗੀ ਵਿਚ ਹੀ ਹੈ। ਚਾਨਣ ਦੇ ਦੋਖ਼ੀ ਕਵਿਤਾ ਵਿਚ ਕਵੀ ਨੇ ਵਰਤਮਾਨ ਨੂੰ ਮਾਨਣ ਦੀ ਗੱਲ ਕੀਤੀ ਹੈ, ਭਵਿਖ ਕਿਸਨੇ ਵੇਖਿਆ ਹੈ, ਭਾਵ ਅੱਗਾ ਦੌੜ ਪਿੱਛਾ ਚੌੜ ਹੁੰਦਾ ਹੈ। ‘ਆਓ ਮੇਲੀ ਹੋਈਏ’ ਕਵਿਤਾ ਵਿਚ ਇਨਸਾਨ ਤੇ ਵਿਅੰਗ ਕਰਦਿਆਂ ਕਵੀ ਨੇ ਕਿਹਾ ਹੈ ਕਿ ਅਸੀਂ ਜ਼ਿੰਦਗੀ ਦਾ ਮੇਲਾ ਮਾਣਦੇ ਨਹੀਂ, ਸਗੋਂ ਇਸਦੇ ਉਲਟ ਇਨਸਾਨ ਸਾਰੀ ਉਮਰ ਦੁਕਾਨ ਲਾਉਣ ਜੋਗੀ ਥਾਂ ਭਾਲਦਿਆਂ ਮੇਲਾ ਮੁਕਾ ਲੈਂਦੇ ਹਨ। 136 ਪੰਨਿਆਂ ਵਾਲੇ ਇਸ ਕਵਿਤਾ ਸੰਗ੍ਰਹਿ ਵਿਚ 114 ਕਵਿਤਾਵਾਂ, ਕੀਮਤ 175 ਰੁਪਏ ਅਤੇ ਐਟਮਨ ਆਰਟ ਨੇ ਪ੍ਰਕਾਸ਼ਤ ਕੀਤਾ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕੰਵਰ ਦੀਪ ਮਾਨਵਤਾ ਦੀਆਂ ਕਦਰਾਂ ਕੀਮਤਾਂ ਦਾ ਪੁਜਾਰੀ ਕਵੀ ਹੈ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਇਨਸਾਨੀਅਤ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਭਵਿਖ ਵਿਚ ਉਭਰਦੇ ਕਵੀ ਤੋਂ ਨਵੀਂਆਂ ਪਿ੍ਰਤਾਂ ਪਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.