ਕੈਨੇਡਾ ਸਰਕਾਰ ਵੱਲੋਂ ਵੀਜ਼ਾ ਧੋਖਾਧੜੀ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਦੀ ਤਿਆਰੀ

ਕੈਨੇਡਾ ਸਰਕਾਰ ਨੇ ਵੀਜ਼ਾ ਧੋਥਾਧੜੀ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (ਆਈ.ਆਰ.ਸੀ.ਸੀ.) ਨੇ ਵੀਜ਼ਾ ਬਿਨੈਕਾਰਾਂ ਅਤੇ ਇਮੀਗ੍ਰੇਸ਼ਨ ਏਜੰਟਾਂ ਲਈ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਜੇਕਰ ਕੋਈ ਵਿਅਕਤੀ ਕੈਨੇਡਾ ਆਉਣ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਦਾ ਫੜਿਆ ਗਿਆ, ਤਾਂ ਉਸ ‘ਤੇ ਦੇਸ਼ ਵਿਚ ਦਾਖਲ ਹੋਣ ‘ਤੇ 5 ਸਾਲ ਦੀ ਪਾਬੰਦੀ ਲਗਾਈ ਜਾਵੇਗੀ।
ਆਈ.ਆਰ.ਸੀ.ਸੀ. ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਅਜਿਹੇ ਧੋਖੇਬਾਜ਼ਾਂ ਤੋਂ ਬਚਣ ਜੋ ਤੁਹਾਡੀ ਮਿਹਨਤ ਦੀ ਕਮਾਈ ਹੜੱਪਣ ਲਈ ਤੇਜ਼ੀ ਨਾਲ ਵੀਜ਼ਾ ਮਨਜ਼ੂਰ ਕਰਵਾਉਣ ਜਾਂ ਅਰਜ਼ੀ ਦੀਆਂ ਕਮੀਆਂ ਨੂੰ ਠੀਕ ਕਰਨ ਦੇ ਝੂਠੇ ਵਾਅਦੇ ਕਰਦੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਅਰਜ਼ੀ ਵਿਚ ਫਰਜ਼ੀ ਦਸਤਾਵੇਜ਼ ਲਗਾਉਣ ਵਾਲੇ ਵਿਅਕਤੀ ਨੂੰ ਕਾਨੂੰਨੀ ਤੌਰ ‘ਤੇ ਘੱਟੋ-ਘੱਟ ਪੰਜ ਸਾਲਾਂ ਲਈ ਕੈਨੇਡਾ ਵਿਚ ਰਹਿਣ ਜਾਂ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਬਿਨੈਕਾਰਾਂ ਨੂੰ ਅਸਲ ਦਸਤਾਵੇਜ਼ ਪ੍ਰਦਾਨ ਕਰਨ ਅਤੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਘੁਟਾਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ।
ਕੈਨੇਡਾ ਸਰਕਾਰ ਨੇ ਕਈ ਵੀਜ਼ਾ ਸ਼੍ਰੇਣੀਆਂ ਵਿਚ ਜਾਂਚ ਤੇਜ਼ ਕਰ ਦਿੱਤੀ ਹੈ, ਜਿਨ੍ਹਾਂ ਵਿਚ ਵਰਕ ਪਰਮਿਟ, ਸਟੱਡੀ ਪਰਮਿਟ ਅਤੇ ਅਸਾਇਲਮ (ਸ਼ਰਨ) ਦੇ ਦਾਅਵੇ ਸ਼ਾਮਲ ਹਨ। ਆਡੀਟਰ ਜਨਰਲ ਕੇਰਨ ਹੋਗਨ ਵੱਲੋਂ ਸੰਸਦ ਵਿਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿਚ ‘ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ’ ਵਿਚ ਹੋ ਰਹੀਆਂ ਗੜਬੜੀਆਂ ‘ਤੇ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਅਨੁਸਾਰ ਸਾਲ 2023-24 ਦੌਰਾਨ ਲਗਭਗ 1,53,000 ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਪਾਏ ਗਏ ਪਰ ਵਿਭਾਗ ਕੋਲ ਹਰ ਸਾਲ ਸਿਰਫ 2000 ਮਾਮਲਿਆਂ ਦੀ ਜਾਂਚ ਕਰਨ ਲਈ ਸਰੋਤ ਸਨ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ 2018 ਤੋਂ 2023 ਦਰਮਿਆਨ ਜਾਰੀ ਕੀਤੇ ਗਏ 800 ਸਟੱਡੀ ਪਰਮਿਟ ਫਰਜ਼ੀ ਦਸਤਾਵੇਜ਼ਾਂ ਜਾਂ ਗਲਤ ਜਾਣਕਾਰੀ ਦੇ ਆਧਾਰ ‘ਤੇ ਲਏ ਗਏ ਸਨ। ਹੈਰਾਨੀਜਨਕ ਤੱਥ ਇਹ ਹੈ ਕਿ 710 ਬਿਨੈਕਾਰਾਂ ਨੇ ਅਜਿਹੀਆਂ ਵਿਦੇਸ਼ੀ ਵਿਦਿਅਕ ਸੰਸਥਾਵਾਂ ਦੀਆਂ ਡਿਗਰੀਆਂ ਲਗਾਈਆਂ ਸਨ, ਜੋ ਜਾਂ ਤਾਂ ਮੌਜੂਦ ਹੀ ਨਹੀਂ ਸਨ ਜਾਂ ਫਿਰ ਸਿਰਫ ਇਮੀਗ੍ਰੇਸ਼ਨ ਦੇ ਮਕਸਦ ਲਈ ਡਿਗਰੀਆਂ ਵੇਚਣ ਦਾ ਕੰਮ ਕਰਦੀਆਂ ਸਨ। ਇਨ੍ਹਾਂ ਮਾਮਲਿਆਂ ਵਿਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਅਤੇ ਉਨ੍ਹਾਂ ਵਿਚੋਂ ਲਗਭਗ 110 ਵਿਅਕਤੀਆਂ ਨੇ ਸ਼ਰਣ ਦੇ ਦਾਅਵੇ ਦਾਇਰ ਕੀਤੇ।
ਆਡੀਟਰ ਜਨਰਲ ਦੀਆਂ ਸਿਫ਼ਾਰਸ਼ਾਂ ‘ਤੇ ਕਾਰਵਾਈ ਕਰਦਿਆਂ, ਆਈ.ਆਰ.ਸੀ.ਸੀ. ਹੁਣ ਹਰ ਸਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਉਨ੍ਹਾਂ ਲੋਕਾਂ ਦੀ ਸੂਚੀ ਸੌਂਪੇਗਾ, ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਕੋਈ ਐਕਸਟੈਂਸ਼ਨ ਨਹੀਂ ਲਈ ਹੈ। ਸਰਕਾਰ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਸਲੀ ਦਸਤਾਵੇਜ਼ ਹੀ ਜਮ੍ਹਾਂ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਘੁਟਾਲੇ ਦੀ ਰਿਪੋਰਟ ਕਰਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




