InternationalTop News

ਕੈਨੇਡਾ ਪੁਲਿਸ ਵੱਲੋਂ ਪੰਜਾਬੀ ਮੂਲ ਦੇ 9 ਵਿਅਕਤੀ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼

ਕੈਨੇਡੀਅਨ ਪੁਲਿਸ ਨੇ ਪੰਜਾਬ ਨਾਲ ਸਬੰਧਤ ਭਾਰਤੀ ਮੂਲ ਦੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅੰਤਰ-ਸੂਬਾਈ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਕਥਿਤ ਤੌਰ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੈਨੀਟੋਬਾ ਵਿਚ ਕੋਕੀਨ, ਮੇਥਾਮਫੇਟਾਮਾਈਨ, ਕੇਟਾਮਾਈਨ ਅਤੇ ਨੁਸਖ਼ੇ ਵਾਲੀਆਂ ਨਸ਼ੀਲੀਆਂ ਦਵਾਈਆਂ (ਪ੍ਰਿਸਕ੍ਰਿਪਸ਼ਨ ਓਪੀਓਇਡਜ਼) ਦੀ ਸਪਲਾਈ ਕਰਨ ਵਿਚ ਸ਼ਾਮਲ ਸੀ।
ਇਹ ਗ੍ਰਿਫ਼ਤਾਰੀਆਂ ‘ਪ੍ਰੋਜੈਕਟ ਪਿੰਕ ਪੈਂਥਰ’ ਤਹਿਤ ਕੀਤੀਆਂ ਗਈਆਂ ਹਨ, ਜੋ ਕਿ ਦਸੰਬਰ 2025 ‘ਚ ਵਿੰਨੀਪੈਗ ਪੁਲਿਸ ਸਰਵਿਸ (ਡਬਲਯੂ.ਪੀ.ਐੱਸ.) ਦੀ ਸੰਗਠਿਤ ਅਪਰਾਧ ਇਕਾਈ ਵੱਲੋਂ ਸ਼ੁਰੂ ਕੀਤੀ ਗਈ ਇੱਕ ਜਾਂਚ ਸੀ। ‘ਮੈਨੀਟੋਬਾ ਜਸਟਿਸ’ ਵੱਲੋਂ ਫੰਡ ਕੀਤੀ ਗਈ ਇਹ ਜਾਂਚ ਇੱਕ ਅਜਿਹੇ ਸੰਗਠਿਤ ਅਪਰਾਧ ਗਰੋਹ ‘ਤੇ ਕੇਂਦਰਿਤ ਸੀ, ਜਿਸ ‘ਤੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਤੋਂ ਮੈਨੀਟੋਬਾ ਵਿਚ ਨਸ਼ਿਆਂ ਦੀ ਤਸਕਰੀ ਕਰਨ ਦਾ ਸ਼ੱਕ ਸੀ।
ਜਾਂਚਕਰਤਾਵਾਂ ਨੇ ਪਾਇਆ ਕਿ ਯਾਤਰੀ ਵਾਹਨਾਂ, ਕੋਰੀਅਰ ਸੇਵਾਵਾਂ, ਡਾਕ ਰਾਹੀਂ ਭੇਜੇ ਜਾਣ ਵਾਲੇ ਸਾਮਾਨ ਅਤੇ ਵਪਾਰਕ ਏਅਰਲਾਈਨਾਂ ਰਾਹੀਂ ਨਸ਼ੇ ਵਿੰਨੀਪੈਗ ਪਹੁੰਚਾਏ ਜਾ ਰਹੇ ਸਨ। ਇਹ ਖੇਪਾਂ ਨਿਰਧਾਰਤ ਟਿਕਾਣਿਆਂ ‘ਤੇ ਪਹੁੰਚਾਈਆਂ ਜਾਂਦੀਆਂ ਸਨ, ਜਿੱਥੇ ਇਨ੍ਹਾਂ ਨੂੰ ਸਟੋਰ ਕਰਕੇ ਗ਼ੈਰ-ਕਾਨੂੰਨੀ ਨਸ਼ਾ ਵਪਾਰ ਦੇ ਵੱਖ-ਵੱਖ ਪੱਧਰਾਂ ਰਾਹੀਂ ਅੱਗੇ ਵੰਡਿਆ ਜਾਂਦਾ ਸੀ।
26 ਅਗਸਤ, 2026 ਨੂੰ ਵਿੰਨੀਪੈਗ ਪੁਲਿਸ ਸਰਵਿਸ (ਡਬਲਯੂ.ਪੀ.ਐੱਸ.) ਦੇ ਜਾਂਚਕਰਤਾਵਾਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.), ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.), ਪੀਲ ਰੀਜਨਲ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੀ ਸਹਾਇਤਾ ਨਾਲ ਵਿਨੀਪੈਗ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਇਸ ਤਲਾਸ਼ੀ ਮੁਹਿੰਮ ਦੌਰਾਨ ਲਗਪਗ 29 ਕਿਲੋ ਮੇਥਾਮਫੇਟਾਮਾਈਨ, 3 ਕਿਲੋ ਕੇਟਾਮਾਈਨ, 1,800 ਐੱਲ.ਐੱਸ.ਡੀ. ਟੈਬਸ ਅਤੇ 31 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਲਗਪਗ 1,26,000 ਕੈਨੇਡੀਅਨ ਡਾਲਰ ਦੀ ਨਕਦੀ, ਛੇ ਹਥਿਆਰ, 800 ਤੋਂ ਵੱਧ ਕਾਰਤੂਸ, ਇੱਕ ‘ਕੰਡਕਟਿਡ ਐਨਰਜੀ ਵੈਪਨ’ ਅਤੇ ਚਾਰ ਵਾਹਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਇੱਕ ਮਰਸਡੀਜ਼-ਬੈਂਜ਼ ਜੀ.ਐੱਲ.ਸੀ.300, ਸ਼ੈਵਰਲੇ ਸਿਲਵੇਰਾਡੋ, ਸ਼ੈਵਰਲੇ ਕਰੂਜ਼ ਅਤੇ ਕੈਡੀਲੈਕ ਸੀ.ਟੀ.ਐੱਸ. ਸ਼ਾਮਲ ਹਨ।
ਪੁਲਿਸ ਨੇ ਬਰਾਮਦ ਕੀਤੇ ਗਏ ਨਸ਼ਿਆਂ ਦੀ ਬਾਜ਼ਾਰੀ ਕੀਮਤ ਲਗਪਗ 9,70,000 ਡਾਲਰ ਆਂਕੀ ਹੈ। ਗ੍ਰਿਫ਼ਤਾਰ ਕੀਤੇ ਗਏ 9 ਵਿਅਕਤੀਆਂ ਵਿਚੋਂ ਛੇ ਵਿਨੀਪੈਗ ਅਤੇ ਤਿੰਨ ਓਨਟਾਰੀਓ ਦੇ ਰਹਿਣ ਵਾਲੇ ਹਨ। ਵਿਨੀਪੈਗ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਤਰੁਣਦੇਵ ਸਿੰਘ (32), ਦਵਿੰਦਰ ਸਿੰਘ (57), ਅਮਨਦੀਪ ਸਿੰਘ (47), ਮਨਦੀਪ ਸਿੰਘ ਦੱਤਾ (37), ਕਰਨਵੀਰ ਸਿੰਘ (24) ਅਤੇ ਮਗਨਪ੍ਰੀਤ ਬੋਪਾਰਾਏ (25) ਸ਼ਾਮਲ ਹਨ। ਓਨਟਾਰੀਓ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਵੀਰ ਸੰਧੂ (37), ਕਰਨ ਜੋਸ਼ੀ (34) ਅਤੇ ਮਨਜਿੰਦਰ ਸਿੰਘ ਸੱਗੂ (43) ਵਜੋਂ ਹੋਈ ਹੈ।
ਜਦਕਿ ਤਰੁਣਦੇਵ ਸਿੰਘ, ਦਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ, ਅਮਨਦੀਪ ਸਿੰਘ, ਮਨਦੀਪ ਸਿੰਘ ਦੱਤਾ ਅਤੇ ਮਗਨਪ੍ਰੀਤ ਬੋਪਾਰਾਏ ਨੂੰ ਰਿਹਾਈ ਦੇ ਹੁਕਮਾਂ (ਰਿਲੀਜ਼ ਆਰਡਰਜ਼) ‘ਤੇ ਛੱਡ ਦਿੱਤਾ ਗਿਆ ਹੈ। ਓਨਟਾਰੀਓ ਵਿਚ ਤਰਨਵੀਰ ਸੰਧੂ ਅਤੇ ਕਰਨ ਜੋਸ਼ੀ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ, ਜਦੋਂਕਿ ਮਨਜਿੰਦਰ ਸਿੰਘ ਸੱਗੂ ਨੂੰ ਰਿਹਾਈ ਦੇ ਹੁਕਮ ‘ਤੇ ਛੱਡ ਦਿੱਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ, ਅਪਰਾਧ ਰਾਹੀਂ ਕਮਾਈ ਜਾਇਦਾਦ ਰੱਖਣ, ਹਥਿਆਰਾਂ ਨਾਲ ਸਬੰਧਤ ਅਪਰਾਧਾਂ, ਪਾਬੰਦੀਸ਼ੁਦਾ ਪਦਾਰਥ ਰੱਖਣ ਅਤੇ ਨਿਆਂ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਸਮੇਤ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button