ਕੀ ਹੁਣ ਕੈਪਟਨ ਐੱਸਵਾਈਐੱਲ ਪੂਰਨਗੇ ?
ਅਮਰਜੀਤ ਸਿੰਘ ਵੜੈਚ (94178-01988)
ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਪਰਿਵਾਰ ਸਮੇਤ , ਪ੍ਰਨੀਤ ਕੌਰ ਤੋਂ ਬਿਨਾ, ਭਾਜਪਾ ‘ਚ ਸ਼ਾਮਿਲ ਹੋ ਜਾਣਾ ਪੰਜਾਬ ਦੇ ਸਿਆਸੀ ਪਰਦੇ ‘ਤੇ ਇਕ ਨਵਾਂ ਸ਼ੋਅ ਕਹਿ ਸਕਦੇ ਹਾਂ। ਭਾਜਪਾ ਲਈ ਵੀ ਕੈਪਟਨ ਦਾ ਸਾਥ ਰਾਸ਼ਟਰੀ ਪੱਧਰ ‘ਤੇ ਕਾਂਗਰਸ ਨੂੰ ਮੁਕਾਬਲਾ ਦੇਣ ‘ਚ ਸਹਾਈ ਹੋਵੇਗਾ ਕਿਉਂਕਿ ਕੈਪਟਨ ਕਾਂਗਰਸ ‘ਚ ਇਕ ਤਕੜੇ ਨੇਤਾ ਵਜੋਂ ਜਾਣੇ ਜਾਂਦੇ ਸਨ। ਕਾਂਗਰਸ ਦੇ ਕਈ ਦਿੱਗਜ ਨੇਤਾ ਪਹਿਲਾਂ ਹੀ ਭਾਜਪਾ ਦਾ ਪੱਲਾ ਫੜ ਚੁੱਕੇ ਹਨ। ‘ਆਪ’ ਵੀ ਆਪਣੇ ਪੈਰ ਪਸਾਰਨ ‘ਚ ਸਰਗਰਮ ਹੋ ਚੁੱਕੀ ਹੈ ਤੇ ਹੁਣ ਗੁਜਰਾਤ ਤੇ ਹਿਮਾਚਲ ਵੱਲ ਕੂਚ ਕਰ ਰਹੀ ਹੈ ਇਸ ਕਰਕੇ ਭਾਜਪਾ ਦੂਜੀਆਂ ਪਾਰਟੀਆਂ ਦੇ ਘਰਾਂ ‘ਚ ਸੰਨ੍ਹ ਲਾ ਰਹੀ ਹੈ ਭਾਵੇਂ ਇਸ ਵਰਤਾਰੇ ਲਈ ਵਿਰੋਧੀ ਪਾਰਟੀਆਂ ਭਾਜਪਾ ‘ਤੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾ ਰਹੀਆਂ ਹਨ।
ਰਾਜਸੀ ਪਾਰਟੀਆਂ ਦੇ ਨੇਤਾਵਾਂ ਦਾ ਪਾਰਟੀਆਂ ਬਦਲਣਾ ਕੋਈ ਨਵੀਂ ਗੱਲ ਨਹੀਂ : ਜਿਸ ਪਾਸੇ ਪੱਲੜਾ ਭਾਰੀ ਹੁੰਦਾ ਹੋਵੇ ਤੇ ਜਿਥੋਂ ਭਵਿੱਖ ‘ਚ ਕੁਝ ਮਿਲਣ ਦੀ ਆਸ ਬਣ ਜਾਵੇ ਲੀਡਰ ਉਸ ਪੱਲੜੇ ‘ਚ ਜਾ ਬੈਠਦੇ ਹਨ। ਚੌਧਰੀ ਭਜਨ ਲਾਲ 1980 ‘ਚ ਆਪਣੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਦੀ ਪੂਰੀ ਕੈਬਨਿਟ ਨੂੰ ਲੈਕੇ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਮਗਰੋਂ ਦੁਬਾਰਾ ਕੇਂਦਰ ‘ਚ ਸੱਤ੍ਹਾ ‘ਚ ਆ ਗਈ ਸੀ। ਹਰਿਆਣੇ ਦੇ ਹੀ 1967 ਦੀਆਂ ਚੋਣਾਂ ਸਮੇਂ ਆਜ਼ਾਦ ਜਿੱਤੇ ਵਿਧਾਇਕ ਗਿਆ ਰਾਮ ਇਕੋ ਦਿਨ ‘ਚ ਤਿੰਨ ਪਾਰਟੀਆਂ ਬਦਲ ਗਏ ਸਨ।
ਪੰਜਾਬ ‘ਚ ਵੀ ਇਹ ਪ੍ਰਥਾ ਕਾਇਮ ਹੈ : 1984 ‘ਚ ਕੈਪਟਨ ਅਮਰਿੰਦਰ ਸਿੰਘ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਵਿਰੋਧ ‘ਚ ਪਟਿਆਲਾ ਐੱਮਪੀ ਤੇ ਕਾਂਗਰਸ ਪਾਰਟੀ ‘ਚੋਂ ਅਸਤੀਫ਼ੇ ਦੇ ਕੇ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਸਨ, ਫਿਰ 1992 ‘ਚ ਜਦੋਂ ਅਕਾਲੀ ਦਲ ਨੇ ਕੈਪਟਨ ਨੂੰ ਟਿਕਟ ਨਾ ਦਿੱਤੀ ਤਾਂ ਕੈਪਟਨ ਨੇ ਆਪਣੀ ਪਾਰਟੀ ‘ਅਕਾਲੀ ਦਲ ਪੰਥਕ’ ਬਣਾ ਕੇ ਸਮਾਣਾ ‘ਤੇ ਖਰੜ ਤੋਂ ਚੋਣ ਲੜੀ ਤੇ 1997 ‘ਚ ਫਿਰ ਕੈਪਟਨ ਕਾਂਗਰਸ ਸ਼ਾਮਿਲ ਹੋ ਗਏ। ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਤੋਂ ਪਹਿਲਾਂ ਕਾਂਗਰਸ ਦੇ ਘਾਗ ਲੀਡਰ ਸੁਨੀਲ ਜਾਖੜ, ਰਾਜ ਕੁਮਾਰ ਵੇਰਕਾ, ਰਾਣਾ ਗੁਰਮੀਤ ਸੋਢੀ, ਫ਼ਤਿਹ ਜੰਗ ਸਿੰਘ ਬਾਜਵਾ ਤੇ ਹਰਬੰਸ ਸਿੰਘ ਸਿਧੂ ਭਾਜਪਾ ‘ਚ ਜਾ ਚੁੱਕੇ ਹਨ। ਇਸੇ ਤਰ੍ਹਾਂ ਅਕਾਲੀ ਦਲ ਦਿੱਲੀ ਦੇ ਮਨਜਿੰਦਰ ਸਿੰਘ ਸਿਰਸਾ ਵੀ ਭਾਜਪਾ ‘ਚ ਸ਼ਾਮਿਲ ਹੋ ਗਏ ਸਨ।
ਸਾਲ 2017 ਦੀਆਂ ਚੋਣਾਂ ਸਮੇਂ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਛੱਡਕੇ ‘ਆਪ’ ਪੰਜਾਬ ਦੇ ਕਨਵੀਨਰ ਬਣ ਗਏ ਪਰ 2022 ਦੀਆਂ ਚੋਣਾਂ ਤੋਂ ਪਹਿਲਾਂ ਫਿਰ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਤਿਆਗ ਕੇ ‘ਸੰਯੁਕਤ ਅਕਾਲੀ ਦਲ’ ‘ਚ ਚਲੇ ਗਏ ਤੇ ਫਿਰ 2022 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ‘ਚ ਵਾਪਸ ਚਲੇ ਗਏ। ਜਗਮੀਤ ਬਰਾੜ ਕਾਂਗਰਸ ‘ਚੋਂ ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਗਏ ਫਿਰ ਅਕਾਲੀ ਦਲ ‘ਚ ਤੇ ਹੁਣ ਫਿਰ ਕਿਸੇ ਹੋਰ ਦਾ ਪੱਲਾ ਫੜਨ ਦੀ ਸੋਚ ਰਹੇ ਹਨ।
ਬਲਵੰਤ ਸਿੰਘ ਰਾਮੂਵਾਲੀਆ ਲੰਮਾ ਸਮਾਂ ਅਕਾਲੀ ਦਲ ‘ਚ ਰਹੇ ਪਰ ਫਿਰ ਆਪਣੀ ‘ਲੋਕ ਭਲਾਈ ਪਾਰਟੀ’ ਬਣਾ ਲਈ ਪਰ ਇਕ ਦਿਨ ਅਚਾਨਕ ਯੂਪੀ ਦੀ ‘ਸਮਾਜਵਾਦੀ ਪਾਰਟੀ’ ‘ਚ ਸ਼ਾਮਿਲ ਹੋਕੇ ਉਥੇ ਮੰਤਰੀ ਵੀ ਬਣ ਗਏ। ਗੁਰਚਰਨ ਸਿੰਘ ਟੌਹੜਾ, ਪ੍ਰੇਮ ਸਿੰਘ ਚੰਦੂਮਾਜਰਾ, ਹਰਮੇਲ ਸਿੰਘ ਟੌਹੜਾ ਸਮੇਤ ਕਈ ਲੀਡਰ 1999 ‘ਚ ਅਕਾਲੀ ਦਲ ਛੱਡ ਕੇ ‘ਸਰਬ ਹਿੰਦ ਸ਼੍ਰੋਮਣੀ ਅਕਾਲੀਦਲ’ ਪਾਰਟੀ ਬਣਾ ਬੈਠੇ ਸਨ ਜੋ ਮਗਰੋਂ ਫਿਰ ਅਕਾਲੀ ਦਲ ਬਾਦਲ ‘ਚ ਸ਼ਾਮਿਲ ਹੋ ਗਏ। ਹਰਮੇਲ ਟੌਹੜਾ ਦਾ ਪਰਿਵਾਰ 2017 ‘ਚ ‘ਆਪ’ ‘ਚ ਸ਼ਾਮਿਲ ਹੋ ਗਿਆ ਤੇ ਹੁਣ ਇਸ ਵਰ੍ਹੇ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਿਲ ਹੋ ਗਿਆ। ਹਾਲੇ ਹੋਰ ਵੀ ਕਈ ਲੀਡਰ ਉਸਲ਼ਵੱਟੇ ਲੈ ਰਹੇ ਹੋਣਗੇ।
ਇਕ ਸਵਾਲ ਜੋ ਹਰ ਇਕ ਦੇ ਮਨ ਵਿੱਚ ਹੈ ਕਿ ਕੈਪਟਨ ਨੇ ਤਾਂ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵੀ ਭਾਜਾਪਾ ‘ਚ ਰਲਾ ਦਿੱਤੀ ਹੈ ਪਰ ਪਟਿਆਲਾ ਤੋਂ ਕਾਂਗਰਸ ਐੱਮਪੀ ਤੇ ਕੈਪਟਨ ਦੀ ਧਰਮ ਪਤਨੀ ਪਰਨੀਤ ਕੌਰ ਭਾਜਪਾ ‘ਚ ਕਿਉਂ ਨਹੀਂ ਸ਼ਾਮਿਲ ਹੋਏ ? ਉਂਜ ਇਹ ਸੰਭਾਵਨਾਵਾਂ ਹਨ ਕਿ ਪਰਨੀਤ ਕੌਰ 2024 ‘ਚ ਭਾਜਾਪਾ ‘ਚ ਜਾ ਸਕਦੇ ਹਨ ਤੇ ਉਨ੍ਹਾ ਦੀ ਥਾਂ ਉਨ੍ਹਾ ਦੀ ਬੇਟੀ ਜੈ ਇੰਦਰ ਕੌਰ ਭਾਜਪਾ ਲਈ ਪਟਿਆਲਾ ਪਾਰਲੀਮੈਂਟ ਦੀ ਚੋਣ ਲੜ ਸਕਦੇ ਹਨ।
ਖ਼ੈਰ ! ਪਾਰਟੀ ਦੀ ਚੋਣ ਹਰ ਲੀਡਰ ਦੀ ਆਪਣੀ ਮਰਜ਼ੀ ਹੁੰਦੀ ਹੈ। ਕਾਨੂੰਨੀ ਤੌਰ ‘ਤੇ ਕਿਸੇ ਨੂੰ ਕੋਈ ਪਾਬੰਦੀ ਨਹੀਂ ਕਿ ਕੋਈ ਕਿਸ ਪਾਰਟੀ ਨਾਲ ਜਾਂਦਾ ਹੈ ਪਰ ਹਾਲ ਹੀ ਵਿੱਚ ਪੰਜਾਬ ਦੇ ਬਹੁਤ ਕਾਂਗਰਸੀ ਲੀਡਰਾਂ ਦਾ ਭਾਜਪਾ ਵੱਲ ਜਾਣਾ ਕੁਝ ਸਵਾਲ ਖੜੇ ਕਰਦਾ ਹੈ ਜਿਨ੍ਹਾਂ ਵਿੱਚ ਪੰਜਾਬ ਦੇ ਕੁਝ ਮੁੱਦੇ ਹਨ ਜੋ ਕੁਝ ਸਪੱਸ਼ਟਤਾ ਮੰਗਦੇ ਹਨ : ਕੀ ਕੈਪਟਨ ਪੰਜਾਬ ਦੇ ਮੁੱਦਿਆਂ ਜਿਵੇਂ ਪਾਣੀਆਂ ਦੀ ਵੰਡ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਬੀਬੀਐੱਮਬੀ, ਬੰਦੀ ਸਿੰਘਾਂ ਦੀ ਰਿਹਾਈ, ਐੱਮਐੱਸਪੀ ਤੇ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਦੇ ਉਜਾੜੇ ਆਦਿ ‘ਤੇ 2004 ‘ਚ ‘ਐੱਸਵਾਈਐੱਲ ਦਾ ਸਮਝੌਤਾ ਵਿਧਾਨ ਸਭਾ ‘ਚ ਰੱਦ ਕਰਨ ਵਰਗਾ ਰੁੱਖ ਅਪਣਾ ਸਕਣਗੇ ? ਕੀ ਪੰਜਾਬ ਦੇ ਲੀਡਰ ਜੋ ਕਾਂਗਰਸ ਪਾਰਟੀ ਛੱਡਕੇ ਭਾਜਪਾ ‘ਚ ਗਏ ਹਨ ਉਹ ਕੈਪਟਨ ਦਾ ਸਾਥ ਦੇਣਗੇ ਜਾਂ ਪਹਿਲਾਂ ਵਾਲੀਆਂ ਦੂਰੀਆਂ ਓਥੇ ਵੀ ਕਾਇਮ ਰਹਿਣਗੀਆਂ ?
ਅਗਰ ਕੈਪਟਨ ਦੀ ਟੀਮ ਪੰਜਾਬ ਦੇ ਮੁੱਦੇ ਹਲ ਕਰਵਾਉਣ ‘ਚ ਕਾਮਯਾਬ ਹੁੰਦੀ ਹੈ ਤਾਂ ਫਿਰ ਭਾਜਪਾ ਲਈ 2024 ‘ਚ ਸਥਿਤੀ ਕੁਝ ਸੁਖਾਲੀ ਹੋ ਸਕਦੀ ਹੈ ਤੇ ਭਾਜਪਾ ਦਾ ਪੰਜਾਬ-2027 ਮਿਸ਼ਨ ਵੀ ਕੋਈ ਰੰਗ ਲਿਆ ਸਕਦਾ ਹੈ। ਭਾਜਪਾ ਦੀ ਇਹ ਕੋਸ਼ਿਸ਼ ਰਹੇਗੀ ਕਿ ਇਹ ਪਾਰਟੀ ਆਪਣੇ ਨਾਲ ਵੱਧ ਤੋਂ ਵੱਧ ਸਿਖ ਚਿਹਰੇ ਜੋੜ ਲਵੇ ਇਸੇ ਕਰਕੇ ਹੁਣ ਮੋਦੀ ਵੀ ਪੱਗ ਬਨ੍ਹਵਾਉਣ ਲੱਗ ਪਏ ਹਨ। ਭਾਜਪਾ ਦੀ ਹੁਣ ਕੋਸ਼ਿਸ਼ ਚੱਲ ਰਹੀ ਹੈ ਕਿ ਪਾਰਟੀ ਨੂੰ ਸਿਖ ਹਮਾਇਤੀ ਵਜੋਂ ਉਭਾਰਿਆ ਜਾਵੇ ਇੰਜ ਭਾਜਪਾ ਪੰਜਾਬ ‘ਚ ਅਕਾਲੀ ਦਲ ਲਈ ਵੀ ਸੰਕਟ ਖੜਾ ਕਰ ਸਕਦੀ ਹੈ।
ਪੰਜਾਬ ਦੀ ਵੱਡੀ ਕਿਸਾਨ ਵੱਸੋਂ ਕਿਸਾਨ ਅੰਦੋਲਨ ਦੋਰਾਨ ਬੀਜੇਪੀ ਦਾ ਕਿਸਾਨ ਵਿਰੋਧੀ ਸਟੈਂਡ ਭੁੱਲਣ ਨੂੰ ਤਿਆਰ ਨਹੀਂ ਪਰ ਇਕ ਗੱਲ ਇਹ ਵੀ ਹੈ ਕਿ ਲੋਕਾਂ ਦੀ ਯਾਦਸ਼ਕਤੀ ਬਹੁੱਤ ਕਮਜ਼ੋਰ ਹੁੰਦੀ ਹੈ : 1984 ਦੇ ‘ਬਲਿਊ ਸਟਾਰ’ ਤੇ ਫਿਰ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਸਿਖ ਵਿਰੋਧੀ ਹਿੰਸਾ ਮਗਰੋਂ ਕਾਂਗਰਸ ਪਾਰਟੀ ਨੂੰ ਪੰਜਾਬ ‘ਚ ਵਿਚਰਨਾ ਬੜਾ ਔਖਾ ਹੋ ਗਿਆ ਸੀ ਪਰ ਫਿਰ ਓਹੀ ਪਾਰਟੀ ਉਸ ਮਗਰੋਂ ਤਿੰਨ ਵਾਰ ਸਰਕਾਰ ਬਣਾ ਚੁੱਕੀ ਹੈ। ਜੇਕਰ ਪੰਜਾਬ ਦੇ ਮੁੱਦੇ ਹੱਲ ਕਰਨ ਵਿੱਚ ਬੀਜੇਪੀ ਕਾਮਯਾਬ ਹੋ ਜਾਂਦੀ ਹੈ ਤਾਂ ਭਾਜਾਪਾ ‘ਚ ਗਏ ਲੀਡਰਾਂ ਦੀ ਬੱਲੇ-ਬੱਲੇ ਹੋ ਸਕਦੀ ਹੈ ਪਰ ਜੇ ਕਰ ਇਹ ਮੁੱਦੇ ਪਹਿਲਾ ਵਾਂਗ ਹੀ ਲਟਕਦੇ ਰਹੇ ਤਾਂ ਇਨ੍ਹਾ ਲੀਡਰਾਂ ਨੂੰ ਪੰਜਾਬ ‘ਚ ਮੂੰਹ ਦੀ ਵੀ ਖਾਣੀ ਪੈ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.