ਕਰੋਨਾ ਦੀ ਮਹਾਂਮਾਰੀ ਤੋਂ ਬਚਾਓ ਲਈ ਸਮੁੱਚੀ ਲੋਕਾਈ ਦੀ ਚੜਦੀਕਲਾ ਲਈ ਕੀਤੀ ਅਰਦਾਸ ਬੇਨਤੀ
ਚੰਡੀਗੜ੍ਹ : ਪੰਜਾਬ ਦੇ ਡੇਢ ਦਰਜਨ ਤੋਂ ਵੱਧ ਲੋਕ ਸੰਪਰਕ ਅਧਿਕਾਰੀਆਂ ਨੇ ‘ਅਰਜੋਈ’ ਨਾਮ ਦੀ ਪਹਿਲ ਹੇਠ ਨਿਵੇਕਲਾ ਉਪਰਾਲਾ ਕਰਦਿਆਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਆਈ ਸਮੁੱਚੀ ਲੋਕਾਈ ਦੀ ਚੜਦੀਕਲਾ ਅਤੇ ਸਿਹਤਯਾਬੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ-ਜੋਦੜੀ ਕੀਤੀ ਹੈ। ਇਨਾਂ ਅਫਸਰਾਂ ਨੇ ਇਸ ਕੁਦਰਤੀ ਬਿਪਤਾ ਮੌਕੇ ਸਵੈ-ਬੰਦੀ ਦੌਰਾਨ ਆਪੋ-ਆਪਣੇ ਘਰਾਂ ਵਿੱਚ ਗੁਰਮਤਿ ਦੇ ਮੁਢਲੇ ਫਲਸਫੇ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਦੇ ਗੱਡੀ ਰਾਹ ’ਤੇ ਚਲਦਿਆਂ ਗੁਰਬਾਣੀ ਸਬਦਾਂ ਰਾਹੀਂ ਮਨੁੱਖਤਾ ਦੀ ਭਲਾਈ ਲਈ ਅਦਨਾ ਜਿਹਾ ਉੱਦਮ ਕੀਤਾ ਹੈ।
ਇਸ ਖਤਰਨਾਕ ਵਾਇਰਸ ਤੋਂ ਪੀੜਤ ਮਨੁੱਖਾਂ ਨੂੰ ਰੋਗਾਂ ਤੋਂ ਨਿਜਾਤ ਦਿਵਾਉਣ ਲਈ ‘ਅਰਜੋਈ’ ਨਾਮ ਦੀ ਇਸ ਸੰਖੇਪ ਵੀਡੀਓ ਵਿੱਚ ਲੋਕ ਸੰਪਰਕ ਅਧਿਕਾਰੀਆਂ ਨੇ ਵੱਖੋ-ਵੱਖ ਗੁਰ ਸ਼ਬਦਾਂ ਰਾਹੀਂ ਉਨਾਂ ਦੀ ਸਿਹਤਯਾਬੀ ਵਾਸਤੇ ਅਰਜ ਕੀਤੀ ਹੈ।
ਉਨਾਂ ਨੇ ਦੁਨੀਆਂ ਭਰ ਵਿੱਚ ਕਰੋਨਾ ਵਿਰੁੱਧ ਜੰਗ ’ਚ ਮੂਹਰਲੀ ਕਤਾਰ ਵਿੱਚ ਹੋ ਕੇ ਲੜ ਰਹੇ ਹਰ ਖੇਤਰ ਦੇ ਜੁਝਾਰੂਆਂ ਅਤੇ ਇਸ ਰੋਗ ਦੀ ਤਾਬ ਝੱਲ ਰਹੇ ਮਰੀਜਾਂ ਦੀ ਚੜਦੀਕਲਾ ਲਈ ਅਰਜੋਈ ਕਰਨ ਦੇ ਨਾਲ-ਨਾਲ ਇਸ ਮਹਾਂਮਾਰੀ ਕਾਰਨ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਵਾਲਿਆਂ ਨੂੰ ਵੀ ਯਾਦ ਕੀਤਾ ਹੈ। ਹਰਜੀਤ ਸਿੰਘ ਗਰੇਵਾਲ, ਜਿੰਨਾ ਦੀ ਪ੍ਰੇਰਨਾ ਸਦਕਾ ਮਾਨਵਤਾ ਦੀ ਭਲਾਈ ਦੇ ਉਦੇਸ਼ ਲਈ ਗੁਰ ਸ਼ਬਦਾਂ ਦੀ ਵੀਡੀਓ ਰਿਕਾਰਡਿੰਗ ਦੇ ਰੂਪ ਵਿੱਚ ‘ਅਰਜੋਈ’ ਦਾ ਇਹ ਉਪਰਾਲਾ ਉਲੀਕਿਆ ਗਿਆ, ਦੇ ਮੁਤਾਬਕ ਇਨਾਂ ਅਦਨੇ ਯਤਨਾਂ ਦਾ ਇਕਮਾਤਰ ਉਦੇਸ਼ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਵਾਕ ‘ਸਰਬ ਰੋਗ ਕਾ ਅਉਖਦੁ ਨਾਮ’ ਰਾਹੀਂ ਗੁਰਬਾਣੀ ਦੇ ਓਟ ਆਸਰੇ ਤਹਿਤ ਪਰਮਾਤਮਾ ਦੀਆਂ ਮਿਹਰਾਂ ਅਤੇ ਅਸੀਸਾਂ ਸਦਕਾ ਆਲਮੀ ਸੰਕਟ ਦੀ ਇਸ ਘੜੀ ਮੌਕੇ ਪਰਵਦਿਗਾਰ ਅੱਗੇ ‘ਅਰਦਾਸ’ ਰਾਹੀਂ ਸਮੁੱਚੀ ਮਾਨਵਤਾ ਦੀ ਭਲਾਈ ਖਾਤਰ ਸਾਂਝੀ ਅਰਜੋਈ ਕਰਨਾ ਹੈ।
ਇਸ ਅਰਜੋਈ ਵਿੱਚ ਇੰਨਾਂ ਸਾਬਤ-ਸੂਰਤ ਅਧਿਕਾਰੀਆਂ ਨੇ ਲੋਕਾਂ ਨੂੰ ਕੋਵਿਡ-19 ਦਰਮਿਆਨ ਘਰਾਂ ਵਿੱਚ ਰਹਿ ਕੇ ਆਪੋ-ਆਪਣੇ ਸੂਬਿਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਸੰਦੇਸ਼ ਦਾ ਪਸਾਰ ਵੀ ਕੀਤਾ ਹੈ। ਸ੍ਰੀ ਗਰੇਵਾਲ ਨੇ ਦੱਸਿਆ ਕਿ ਇਸ ਪ੍ਰੇਰਨਾਦਾਇਕ ਵੀਡਿਓ ਵਿੱਚ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਐਡਵਾਈਜਰੀ ਮੁਤਾਬਕ ਸਮਾਜਿਕ ਦੂਰੀ ਸਮੇਤ ਸਿਹਤ ਅਤੇ ਸਫਾਈ ਨਾਲ ਸਬੰਧਤ ਲੋੜੀਦੀਆਂ ਸੇਧਾਂ ਨੂੰ ਅਪਣਾਉਣ ਉਤੇ ਜੋਰ ਦਿੰਦਿਆਂ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੇ ਨਾਲ-ਨਾਲ ਖਤਰਨਾਕ ਕਰੋਨਾ ਵਾਇਰਸ ਵਿਰੁੱਧ ਜੰਗ ਲੜਦਿਆਂ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.