PunjabTop News

ਐਸ.ਜੀ.ਪੀ.ਸੀ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ‘ਤੇ ਬਲਾਤਕਾਰ ਦਾ ਦੋਸ਼ ਲੱਗਣਾ ਬਹੁਤ ਹੀ ਸ਼ਰਮਨਾਕ-ਵਡਾਲਾ, ਤਲਵੰਡੀ।

ਪੀੜਤਾ ਦੀ ਗੱਲ ਕਿਉਂ ਨਹੀਂ ਸੁਣੀ ਗਈ? ਐਸ.ਜੀ.ਪੀ.ਸੀ ਪ੍ਰਧਾਨ ਅਤੇ ਅਕਾਲੀ ਦਲ ਪ੍ਰਧਾਨ ਜਵਾਬ ਦੇਣ।

ਚੰਡੀਗੜ੍ਹ-: 17 ਸਤੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਿੱਖਾਂ ਦੀ ਧਾਰਮਿਕ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਉਤੇ ਕਿਸੇ ਔਰਤ ਦਾ ਜਿਨਸੀ ਸੋਸ਼ਣ ਕਰਨ ਦਾ ਇਲਜ਼ਾਮ ਲੱਗਣਾ, ਬਹੁਤ ਹੀ ਸ਼ਰਮਨਾਕ ਗੱਲ ਹੈ।

ਦੋਹਾਂ ਆਗੂਆਂ ਨੇ ਦਰਜ ਹੋਈ ਐਫ ਆਈ ਆਰ ਦੇ ਹਵਾਲੇ ਨਾਲ ਕਿਹਾ ਕਿ ਉਸ ਔਰਤ ਨੇ ਸਪੱਸ਼ਟ ਕੀਤਾ ਹੈ ਕਿ ਉਸਨੇ ਪੀ ਏ ਦੇ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਆਪਣੇ ‘ਤੇ ਹੋ ਰਹੇ ਅੱਤਿਆਚਾਰ ਬਾਰੇ ਦੱਸਿਆ ਸੀ ਪਰ ਸੁਖਬੀਰ ਸਿੰਘ ਨੇ ਆਪਣੇ ਚਹੇਤੇ ਆਗੂ ਅਮਰਜੀਤ ਸਿੰਘ ਚਾਵਲਾ ਖਿਲਾਫ ਕੋਈ ਐਕਸ਼ਨ ਨਾ ਲਿਆ। ਏਸੇ ਤਰਾਂ ਉਸ ਔਰਤ ਨੇ ਐਸ ਜੀ ਪੀ ਸੀ ਪ੍ਰਧਾਨ ਨੂੰ ਵੀ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਸੀ, ਪਰ ਉਸਨੇ ਵੀ ਆਪਣੀ ਜਿੰਮੇਵਾਰੀ ਤੋਂ ਟਾਲਾ ਵੱਟ ਲਿਆ। ਏਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਦੁਖਿਆਰੀ ਔਰਤ ਦੀ ਸੁਣਵਾਈ ਨਹੀਂ ਕੀਤੀ। ਜਿਸਤੋਂ ਪਤਾ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਨਜਦੀਕੀ ਹੋਣ ਕਰਕੇ ਚਾਵਲਾ ਕਿੰਨਾ ਸ਼ਕਤੀਸ਼ਾਲੀ ਸੀ ਜਿਸਦੇ ਖਿਲਾਫ ਐਸ ਜੀ ਪੀ ਸੀ ਪ੍ਰਧਾਨ ਤਾਂ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਾਰਵਾਈ ਨਹੀਂ ਕਰ ਸਕੇ।

ਦੋਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਜੇ ਸਾਡੇ ਧਾਰਮਿਕ ਆਗੂ ਸਮਰੱਥ ਹੁੰਦੇ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਦੋਸ਼ੀ ਨੂੰ ਮਿਸਾਲੀ ਸਜਾ ਦਿੱਤੀ ਹੁੰਦੀ ਤਾਂ ਉਸ ਔਰਤ ਦੇ ਪੁਲਿਸ ਕੋਲ ਜਾਣ ਦੀ ਨੌਬਤ ਨਾ ਆਉਂਦੀ। ਜਿਸ ਨਾਲ ਧਾਰਮਿਕ ਸੰਸਥਾਵਾਂ ਦੀ ਬੇਹੱਦ ਬਦਨਾਮੀ ਹੋ ਰਹੀ ਹੈ।
ਪ੍ਰੈੱਸ ਕਾਨਫਰੰਸ ਵਿੱਚ ਹਾਜਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਹ ਚਾਵਲਾ ਕੋਈ ਦੁੱਧ ਧੋਤਾ ਆਗੂ ਨਹੀਂ, ਪਹਿਲਾਂ ਅਕਾਲੀ ਸਰਕਾਰ ਵੇਲੇ ਇਸ ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਅਤੇ ਹੋਰ ਅਹੁਦੇਦਾਰਾਂ ‘ਤੇ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ ਸਾਬਤ ਕਰਦੇ ਹਨ ਕਿ ਸੰਸਥਾਵਾਂ ਵਿੱਚ ਕਿੰਨਾ ਨਿਘਾਰ ਆ ਚੁੱਕਿਆ ਹੈ ਜਿਸ ਨਾਲ ਸ਼ਖਸੀਅਤਾਂ ਦੇ ਕਿਰਦਾਰ ਵੀ ਬਹੁਤ ਗਿਰ ਚੁੱਕੇ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਸੰਸਥਾਵਾਂ ਵਿੱਚ ਇਨਕਲਾਬੀ ਤਬਦੀਲੀਆਂ ਬਿਨਾ ਹੁਣ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਬਚੀ। ਜਿਸ ਬਾਰੇ ਲੋਕਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਅੱਗੇ ਬਿਆਨ ਵਿੱਚ ਇਹਨਾ ਆਗੂਆਂ ਨੇ ਕਿਹਾ ਕਿ 21 ਜੁਲਾਈ ਦੀ ਐਫ ਆਈ ਆਰ ਹੋਣ ਦੇ ਬਾਵਜੂਦ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਜਦਕਿ ਬਲਾਤਕਾਰ ਦੇ ਦੋਸ਼ ਵਿੱਚ ਚੌਵੀ ਘੰਟੇ ਵਿੱਚ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਇਹਨਾ ਆਗੂਆਂ ਨੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਜਵਾਬ ਮੰਗਿਆ ਕਿ ਗੁਰੂ ਘਰ ਦੀ ਸਰਾਂ ਵਿੱਚ ਉਸ ਬੀਬੀ ਨੂੰ ਐਨਾ ਚਿਰ ਰਹਿਣ ਲਈ ਕਮਰਾ, ਕਮੇਟੀ ਦੀ ਗੱਡੀ ਅਤੇ ਡਰਾਈਵਰ ਕਿਉਂ ਮੁਹੱਈਆ ਕਰਵਾਇਆ ਗਿਆ ਸੀ। ਉਹਨਾਂ ਨੂੰ ਸੰਗਤਾਂ ਸਾਹਮਣੇ ਜਵਾਬ ਦੇਣਾ ਚਾਹੀਦਾ ਹੈ ਕਿ ਇਕ ਧਾਰਮਿਕ ਸੰਸਥਾ ਦੇ ਮੈਬਰ ਵੱਲੋਂ ਗੁਰੂ ਘਰ ਦੀਆਂ ਸਰਾਵਾਂ ਵਿੱਚ ਕੀਤੇ ਗਏ ਕੁਕਰਮਾਂ ਬਾਰੇ ਸੁਣ ਕੇ ਵੀ ਉਹ ਚੁੱਪ ਕਿਉਂ ਰਹੇ। ਇਹਨਾਂ ਆਗੂਆਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਕ ਸਿਟ ਬਣਾਕੇ ਨਿਰਪੱਖ ਜਾਂਚ ਕਰਵਾਈ ਜਾਵੇ ਕਿ ਇਸ ਬੀਬੀ ਨੂੰ ਕੌਣ ਲੈ ਕੇ ਆਇਆ। ਏਨਾ ਚਿਰ ਉਸਨੂੰ ਗੁਰੂ ਘਰ ਦੀ ਸਰਾਂ ਵਿੱਚ ਕਿਉਂ ਰੱਖਿਆ ਗਿਆ। ਇਹ ਸਾਰੀ ਸੱਚਾਈ ਸੰਗਤ ਦੇ ਸਾਹਮਣੇ ਆਉਣੀ ਬਹੁਤ ਜਰੂਰੀ ਹੈ ਕਿਉਂਕਿ ਇਹ ਇਕ ਧਾਰਮਿਕ ਉਚ ਤਖਤ ਦੀ ਬੇਹੁਰਮਤੀ ਦਾ ਮਾਮਲਾ ਹੈ। ਤਾਂ ਜੋ ਲੋਕਾਂ ਦਾ ਧਾਰਮਿਕ ਸੰਸਥਾਵਾਂ ਵਿੱਚ ਥੋੜਾ ਬਹੁਤ ਵਿਸ਼ਵਾਸ ਬਹਾਲ ਹੋ ਸਕੇ। ਇਸ ਮੌਕੇ ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਹਾਜਰ ਸਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button