PunjabTop News

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਯੂ.ਕੇ. ਸਿੱਧੀਆਂ ਉਡਾਣਾਂ ਲਈ ਲਾਇਆ ਵੱਡਾ ਜਹਾਜ਼

 ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਅਤੇ ਬਰਮਿੰਘਮ ਲਈ ਆਪਣੀਆਂ ਸਿੱਧੀਆਂ ਨਾਨ-ਸਟਾਪ ਉਡਾਣਾਂ ਨੂੰ ਅਪਗਰੇਡ ਕਰਦਿਆਂ ਦੋਵਾਂ ਰੂਟਾਂ ਉੱਤੇ ਛੋਟੇ ਬੋਇੰਗ 787-8 ਡਰੀਮਲਾਈਨਰ ਜਹਾਜ਼ ਦੀ ਬਜਾਏ ਵੱਡਾ ਬੋਇੰਗ 777-300ਈ ਆਰ ਜਹਾਜ਼ ਲਾਇਆ ਗਿਆ ਹੈ। ਇਸ ਕਦਮ ਨਾਲ ਯਾਤਰੀਆਂ ਦੀ ਸਮਰੱਥਾ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਨ੍ਹਾਂ ਰੂਟਾਂ ਉੱਤੇ ਪਹਿਲੀ ਵਾਰ ਫਸਟ ਕਲਾਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਅਪਗਰੇਡ ਕੀਤੇ ਗਏ ਇਸ ਜਹਾਜ਼ ਵਿਚ ਬਿਹਤਰ ਬਿਜ਼ਨਸ ਕਲਾਸ, ਆਨ-ਬੋਰਡ ਸਹੂਲਤਾਂ ਅਤੇ ਵਾਈ-ਫਾਈ ਕੁਨੈਕਟੀਵਿਟੀ ਵੀ ਮਿਲਦੀ ਹੈ।ਬੋਇੰਗ 777-300ਈ ਆਰ ਵਿਚ ਪ੍ਰਾਈਵੇਸੀ ਸਲਾਈਡਿੰਗ ਦਰਵਾਜ਼ਿਆਂ ਵਾਲੀਆਂ ਅੱਠ ਫਸਟ ਕਲਾਸ ਸੂਟ, 40 ਪੂਰੀ ਤਰ੍ਹਾਂ ਫਲੈਟ ਹੋਣ ਵਾਲੇ ਬਿਜ਼ਨਸ ਕਲਾਸ ਬੈੱਡ ਅਤੇ 280 ਇਕਾਨਮੀ ਕਲਾਸ ਸੀਟਾਂ ਹਨ। ਇਸ ਦੇ ਮੁਕਾਬਲੇ, ਪਹਿਲਾਂ ਇਨ੍ਹਾਂ ਰੂਟਾਂ ਉੱਤੇ ਚਲਾਏ ਜਾਣ ਵਾਲੇ ਬੋਇੰਗ 787-8 ਜਹਾਜ਼ ਵਿਚ 28 ਬਿਜ਼ਨਸ ਕਲਾਸ ਸੀਟਾਂ ਅਤੇ 241 ਇਕਾਨਮੀ ਕਲਾਸ ਸੀਟਾਂ ਸਨ।
ਏਅਰ ਇੰਡੀਆ ਨੇ ਕਿਹਾ ਕਿ ਇਸ ਜਹਾਜ਼ ਦੀ ਤਾਇਨਾਤੀ ਨਾਲ ਪ੍ਰੀਮੀਅਮ ਸੀਟਾਂ ਦੀ ਸਮਰੱਥਾ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਸ ਦਾ ਉਦੇਸ਼ ਅੰਮ੍ਰਿਤਸਰ ਤੋਂ ਯੂਨਾਈਟਿਡ ਕਿੰਗਡਮ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਤਜ਼ਰਬੇ ਨੂੰ ਹੋਰ ਬਿਹਤਰ ਬਣਾਉਣਾ ਹੈ।
ਯਾਤਰੀਆਂ ਕੋਲ ਇਨ੍ਹਾਂ ਰੂਟਾਂ ਉੱਤੇ ਪਹਿਲੀ ਵਾਰ ਆਨ-ਬੋਰਡ ਵਾਈ-ਫਾਈ ਦੀ ਸੁਵਿਧਾ ਵੀ ਹੋਵੇਗੀ, ਜਿਸ ਨਾਲ ਉਹ ਆਪਣੇ ਸਫ਼ਰ ਦੌਰਾਨ ਜੁੜੇ ਰਹਿ ਸਕਣਗੇ। ਏਅਰ ਇੰਡੀਆ ਨੇ ਦੱਸਿਆ ਕਿ ਅਪਗਰੇਡ ਕੀਤਾ ਗਿਆ ਜਹਾਜ਼ ਬਹੁਤ ਵਧੀਆ ਕੈਬਿਨ ਇੰਟੀਰੀਅਰ, ਪੂਰੀ ਤਰ੍ਹਾਂ ਫਲੈਟ ਬੈੱਡਾਂ ਵਾਲੀਆਂ ਮੁੜ-ਡਿਜ਼ਾਈਨ ਕੀਤੀਆਂ ਬਿਜ਼ਨਸ ਕਲਾਸ ਸੀਟਾਂ, ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਵਾਲੇ ਤਾਜ਼ਾ ਖਾਣ-ਪੀਣ ਦੇ ਵਿਕਲਪ, ਪ੍ਰੀਮੀਅਮ ਵਾਈਨ ਅਤੇ ਸਪਿਰਿਟ ਦੀ ਚੋਣ ਅਤੇ ਫ਼ਿਲਮਾਂ, ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਸੰਗੀਤ ਨਾਲ ਭਰਪੂਰ ਮਨੋਰੰਜਨ ਲਾਇਬ੍ਰੇਰੀ ਪ੍ਰਦਾਨ ਕਰਦਾ ਹੈ।ਏਅਰ ਇੰਡੀਆ ਨੇ ਕਿਹਾ ਕਿ ਇਹ ਅਪਗਰੇਡ ਕੀਤਾ ਜਹਾਜ਼ ਅੰਤਰਰਾਸ਼ਟਰੀ ਸੇਵਾਵਾਂ ਨੂੰ ਆਧੁਨਿਕ ਬਣਾਉਣ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਬੋਇੰਗ 777-300ਈ ਆਰ ਦੀ ਤਾਇਨਾਤੀ ਨਾਲ ਪੰਜਾਬ ਦੇ ਯਾਤਰੀਆਂ ਨੂੰ ਵੱਡਾ ਫ਼ਾਇਦਾ ਹੋਣ ਦੀ ਉਮੀਦ ਹੈ, ਖਾਸ ਕਰਕੇ ਉਨ੍ਹਾਂ ਵੱਡੀ ਗਿਣਤੀ ਵਿਚ ਯਾਤਰੀਆਂ ਨੂੰ ਜੋ ਅੰਮ੍ਰਿਤਸਰ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਦੀ ਵਰਤੋਂ ਕਰਦੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button