Breaking NewsD5 specialIndiaNewsPoliticsPunjab

ਆਖਿਰ ਬਾਦਲਾਂ ਨੂੰ ਯਾਦ ਆ ਹੀ ਗਏ ਟਕਸਾਲੀ, ਕਿਹਾ ਲੱਭ ਕੇ ਕਰਾਂਗੇ ਸਨਮਾਨ

ਪਟਿਆਲਾ : ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਪਟਿਆਲਾ ਰੈਲੀ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਪਾਰਟੀ ਆਗੂਆਂ ਦੀਆਂ ਨੀਤੀਆਂ ਤੋਂ ਤੰਗ ਹਨ ਤੇ ਜਦੋਂ ਤੱਕ ਪਾਰਟੀ ਅੰਦਰ ਚੱਲ ਰਹੀਆਂ ਖਰਾਬੀਆਂ ਨੂੰ ਠੀਕ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਉਹ ਪਾਰਟੀ ਆਗੂਆਂ ਨੂੰ ਹਲੂਣੇ ਦੇ ਕੇ ਸਭ ਠੀਕ ਕਰਨ ਲਈ ਜਗਾਉਂਦੇ ਰਹਿਣਗੇ ਤੇ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਰੂਪੀ ਇਨ੍ਹਾਂ ਟਕਸਾਲੀਆਂ ਨੇ ਇਹ ਵੀ ਕਿਹਾ ਸੀ ਕਿ ਉਹ ਪਟਿਆਲਾ ਰੈਲੀ ਵਿੱਚ ਸ਼ਾਮਿਲ ਨਹੀਂ ਹੋਣਗੇ, ਉਂਝ ਹੀ ਕਰਦਿਆਂ ਇਨ੍ਹਾਂ ਸਾਰਿਆਂ ਵਿਚੋਂ ਪਟਿਆਲਾ ਰੈਲੀ ਵਿਚ ਕੋਈ ਵੀ ਸ਼ਿਰਕਤ ਕਰਨ ਨਹੀਂ ਆਇਆ ਤੇ ਇਸ ਗੱਲ ਦਾ ਅਸਰ ਭਾਵੇਂ ਹੋਰ ਕਿਸੇ ਤੇ ਨਾ ਹੋਇਆ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਟਕਸਾਲੀਆਂ ਦੀ ਗੈਰ ਮੌਜੂਦਗੀ ਜਰੂਰ ਖਟਕ ਗਈ।

Read Also Kotkapura ਤੋਂ ਬਰਗਾੜੀ ਰੋਸ ਮਾਰਚ ਦੀ LIVE ਕਵਰੇਜ਼

ਸ਼ਾਇਦ ਇਹੋ ਕਾਰਨ ਹੈ ਕਿ ਵੱਡੇ ਬਾਦਲ ਨੇ ਸਟੇਜ ਤੋਂ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ ਵੱਖ ਸਮਿਆਂ ਵਿਚ ਲਗਾਏ ਗਏ ਮੋਰਚਿਆਂ ਦੌਰਾਨ ਜੇਲ੍ਹਾਂ ਕੱਟੀਆਂ ਸਨ ਪਾਰਟੀ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰੇਗੀ।  ਇਨ੍ਹਾਂ ਟਕਸਾਲੀਆਂ ਦੀਆਂ ਲੱਭ ਕੇ ਲਿਸਟਾਂ ਬਣਾਉਣ ਦੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਮੋਢਿਆਂ ’ਤੇ ਪਾਈ ਗਈ ਹੈ। ਅੱਜ ਪਟਿਆਲਾ ਰੈਲੀ ਦੌਰਾਨ ਸਟੇਜ ਤੇ ਬੋਲਦਿਆਂ ਵੱਡੇ ਬਾਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਇੱਛਾ ਹੈ ਕਿ ਇਨ੍ਹਾਂ ਟਕਸਾਲੀ ਆਗੂਆਂ ਦਾ ਬਣਦਾ ਸਨਮਾਨ ਇਨ੍ਹਾਂ ਆਗੂਆਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇੱਕ ਰੈਲੀ ਦੁਆਬਾ ਤੇ ਇਕ ਰੈਲੀ ਮਾਝਾ ‘ਚ ਕੀਤੀ ਜਾਵੇ ਜਿੱਥੇ ਕਿ ਇਨ੍ਹਾਂ ਆਗੂਆਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।

ਇੱਥੇ ਦੱਸ ਦੇਈਏ ਕਿ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਕੌਰ ਕਮੇਟੀ ਦੀ ਬੈਠਕ ਵਿਚ ਪਾਰਟੀ ਲਈ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਆਗੂਆਂ ਦਾ ਸਨਮਾਨ ਕੀਤੇ ਜਾਣ ਦਾ ਫੈਸਲਾ ਲਿਆ ਜਾ ਚੁੱਕਿਆ ਸੀ ਪਰ ਇਸਦੇ ਬਾਵਜੂਦ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਅਤੇ ਉਕਤ ਟਕਸਾਲੀਆਂ ਦੀ ਤਿੱਕੜੀ ਵਲੋਂ ਬਗਾਵਤ ਦਾ ਝੰਡਾ ਚੁੱਕ ਲੈਣ ਨਾਲ ਮਾਮਲਾ ਵਿਗੜਾ ਦੇਖ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਐਲਾਨ ਅੱਜ ਪਟਿਆਲਾ ਰੈਲੀ ਦੀ ਸਟੇਜ ਤੋਂ ਕਰਨਾ ਪਿਆ। ਜ਼ਿਕਰਯੋਗ ਹੈ ਕਿ ਉਕਤ ਟਕਸਾਲੀ ਆਗੂਆਂ ਦੀ ਤਿੱਕੜੀ ਨੇ ਸੁਖਬੀਰ ਬਾਦਲ ਨੂੰ ਨਿਆਣ ਮੱਤ ਦੱਸਦਿਆਂ ਇਹ ਤੱਕ ਕਹਿ ਦਿੱਤਾ ਸੀ ਕਿ ਜਦੋਂ ਪਾਰਟੀ ਦੀ ਕਮਾਨ ਛੋਟਿਆਂ ਹੱਥ ਆ ਜਾਂਦੀ ਹੈ ਤਾਂ ਨਿਘਾਰ ਆਉਣਾ ਲਾਜ਼ਮੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button