PunjabTop News

ਅੰਗੋਲਾ ਤੋਂ ਫਿਰੌਤੀ ਗੈਂਗ ਚਲਾ ਰਹੇ ਵਰਿੰਦਰ ਸੈਦੋਕੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ,

ਅੰਗੋਲਾ ਤੋਂ ਫਿਰੌਤੀ ਗੈਂਗ ਚਲਾ ਰਹੇ ਵਰਿੰਦਰ ਸੈਦੋਕੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ, ਮੁਲਜ਼ਮ ਨੂੰ ਡਿਪੋਰਟ ਕਰਵਾਉਣ ਲਈ ਪੁਲਿਸ ਨੇ ਕੇਂਦਰ ਸਰਕਾਰ ਨੂੰ ਲਿਖਿਆ  ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪੰਜਾਬ ਭਰ ’ਚ ਅੰਗੋਲਾ ਤੋਂ ਫਿਰੌਤੀ ਦਾ ਰੈਕੇਟ ਚਲਾਉਣ ਵਾਲੇ ਖਤਰਨਾਕ ਗੈਂਗਸਟਰ ਵਰਿੰਦਰ ਸਿੰਘ ਉਰਫ਼ ਜੋਬਨ ਸੈਦੋਕੇ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰਸੀਐੱਨ) ਜਾਰੀ ਕੀਤਾ ਹੈ। ਖੁਲਾਸਾ ਹੋਇਆ ਹੈ ਕਿ ਮੁਲਜਮ ਨੇ ਵਿਦੇਸ਼ ਤੋਂ ਆਪਣੇ ਗੁਰਗਿਆਾਂ ਰਾਹੀਂ ਕਈ ਥਾਵਾਂ ’ਤੇ ਗੋਲੀਆਂ ਚਲਾ ਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕਰੋੜਾਂ ਰੁਪਏ ਦੀ ਰੰਗਦਾਰੀ ਵਸੂਲ ਕੀਤੀ ਹੈ। ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁਲਜ੍ਯਮ ਵਿਰੁੱਧ ਲਗਪਗ ਇਕ ਦਰਜਨ ਐਫਆਈਆਰ ਦਰਜ ਕੀਤੀਆਂ ਹਨ। ਦੱਸਣਯੋਗ ਹੈ ਕਿ ਸਾਲ 2023 ਵਿਚ ਬਿਆਸ ਦੇ ਸਠਿਆਲਾ ਪਿੰਡ ਵਿਚ ਜਰਨੈਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਜਾਅਲੀ ਪਾਸਪੋਰਟ ਤਿਆਰ ਕਰ ਕੇ ਵਿਦੇਸ਼ ਭੱਜ ਗਿਆ ਸੀ।
ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜਮ ਵਰਿੰਦਰ ਸੈਦੋਕੇ ਨੇ ਆਪਣੇ ਗੈਂਗ ਮੈਂਬਰਾਂ ਦੀ ਮਦਦ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਅਤੇ ਉੱਤਰ ਪ੍ਰਦੇਸ਼ ਦੇ ਕਿਸੇ ਜ਼ਿਲ੍ਹੇ ਤੋਂ ਪਾਸਪੋਰਟ ਤਿਆਰ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪਾਸਪੋਰਟ ਉਸੇ ਗਿਰੋਹ ਵੱਲੋਂ ਤਿਆਰ ਕੀਤਾ ਗਿਆ ਸੀ ਜਿਸ ਨੇ ਨਵੰਬਰ 2024 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਸ਼ਹਿਰ ਵਿਚ ਰਹਿਣ ਵਾਲੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਮਾਂਗਾ ਲਈ ਦੀਪ ਸਿੰਘ ਉਰਫ਼ ਦੀਪੂ ਦੇ ਨਾਂ ’ਤੇ ਇਕ ਜਾਅਲੀ ਪਾਸਪੋਰਟ ਤਿਆਰ ਕੀਤਾ ਸੀ। ਪੁਲਿਸ ਨੇ ਸਾਲ 2025 ਵਿਚ ਮੁਲਜਮ ਵਿਰੁੱਧ ਐਲਓਸੀ ਜਾਰੀ ਕੀਤੀ ਸੀ। ਪਰ ਕਿਸੇ ਵੀ ਦੇਸ਼ ਵਿਚ ਉਸ ਦੀ ਮੌਜੂਦਗੀ ਬਾਰੇ ਕੋਈ ਸੁਰਾਗ ਨਹੀਂ ਸੀ। ਹੁਣ ਜਕਾਰਤਾ ਤੋਂ ਡਿਪੋਰਟ ਕਰਵਾਏ ਗਏ ਜੋਬਨਜੀਤ ਸਿੰਘ ਉਰਫ਼ ਮਾਂਗਾ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਸੈਦੋਕੇ ਅੰਗੋਲਾ ਵਿਚ ਲੁਕਿਆ ਹੋਇਆ ਹੈ ਅਤੇ ਉਸ ਦਾ ਦੋ ਦਰਜਨ ਤੋਂ ਵੱਧ ਮੈਂਬਰਾਂ ਵਾਲਾ ਸੰਗਠਿਤ ਗਿਰੋਹ ਪੰਜਾਬ ਭਰ ਦੇ ਕਾਰੋਬਾਰੀਆਂ, ਡਾਕਟਰਾਂ ਅਤੇ ਸਿਆਸਤਦਾਨਾਂ ਤੋਂ ਕਰੋੜਾਂ ਰੁਪਏ ਵਸੂਲ ਰਿਹਾ ਹੈ ਅਤੇ ਪੈਸੇ ਸੈਦੋਕੇ ਨੂੰ ਭੇਜ ਰਿਹਾ ਹੈ।
ਗੈਂਗਸਟਰ ਵਰਿੰਦਰ ਸਿੰਘ ਉਰਫ਼ ਜੋਬਨ ਸੈਦੋਕੇ ਨੂੰ ਪਿਛਲੇ ਮਹੀਨੇ ਅੰਗੋਲਾ ਪੁਲਿਸ ਵੱਲੋਂ ਇਕ ਸੰਗਠਿਤ ਗਿਰੋਹ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਵਿਰੁੱਧ ਪੰਜਾਬ ਵਿਚ ਚਾਰ ਸਨਸਨੀਖੇਜ਼ ਕਤਲ ਦੇ ਮਾਮਲੇ ਦਰਜ ਹਨ ਅਤੇ ਉਹ ਲੰਬੇ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਹੈ। ਉਹ ਪੰਜਾਬ ਵਿਚ ਇਕ ਸੰਗਠਿਤ ਅਪਰਾਧ ਨੈੱਟਵਰਕ ਚਲਾ ਰਿਹਾ ਹੈ। ਉਸ ਨੂੰ 18 ਜੁਲਾਈ ਨੂੰ ਅੰਗੋਲਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button