PunjabTop News

ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਅਮਰੀਕੀ ਰਾਜਦੂਤ ਦੇ ਇਸ ਦੌਰੇ ਨੂੰ ਦੇਖਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਤੇ ਪੂਰੇ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਰਾਜਦੂਤ ਗੋਰ ਆਪਣੇ ਅਧਿਕਾਰਤ ਦੌਰੇ ਤਹਿਤ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰ ਰਹੇ ਹਨ, ਜਿਸ ਤਹਿਤ ਉਹ ਹਾਲ ਹੀ ਵਿਚ ਸ੍ਰੀਨਗਰ ਅਤੇ ਲੇਹ ਦਾ ਦੌਰਾ ਵੀ ਕਰ ਚੁੱਕੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵੱਲੋਂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਪਲਾਜਾ ਵਿਖੇ ਤਖਤੀਆਂ ਲੈ ਕੇ ਪ੍ਰਦਰਸ਼ਨ ਕੀਤਾ ਹੈ। ਈਮਾਨ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਤਣਾਅ ਕਾਰਨ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵੱਡੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ‘ਅਪਰੇਸ਼ਨ ਸਿੰਧੂਰ’ ਅਤੇ ‘ਸਿੰਧੂ ਜਲ ਸਮਝੌਤੇ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਪਾਣੀ ਦੇ ਸਹਿਯੋਗ ਨੂੰ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਅਮਰੀਕੀ ਰਾਜਦੂਤ ਨੂੰ 7-ਨੁਕਾਤੀ ਮੰਗ ਪੱਤਰ ਸੌਂਪਿਆ ਹੈ, ਜਿਸ ਵਿਚ ਭਾਰਤ-ਪਾਕਿਸਤਾਨ ਵਿਚਾਲੇ ਜੰਗੀ ਹਾਲਾਤ ਰੋਕਣ ਲਈ ਅਮਰੀਕੀ ਡਿਪਲੋਮੈਟਿਕ ਦਖਲ, ਸਿੰਧੂ ਜਲ ਸਮਝੌਤਾ ਬਹਾਲੀ, ਤਾਪੀ (TAPI) ਪਾਈਪਲਾਈਨ ਪ੍ਰੋਜੈਕਟ ‘ਤੇ ਵਿਚਾਰ ਕਰਨ ਅਤੇ ਵਪਾਰ, ਯਾਤਰਾ ਤੇ ਤੀਰਥ ਯਾਤਰਾ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਸ਼ਾਮਲ ਹੈ।
ਇਸ ਦੌਰਾਨ, ਅਮਰੀਕੀ ਦੂਤ ਦੇ ਦੌਰੇ ਨੂੰ ਮੁੱਖ ਰੱਖਦਿਆਂ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸੁਰੱਖਿਆ ਦੇ ਅਤਿ-ਪੁਖਤਾ ਪ੍ਰਬੰਧ ਕੀਤੇ ਗਏ ਸਨ। ਅੰਮ੍ਰਿਤਸਰ ਦੇ ਡੀ.ਸੀ.ਪੀ. (ਲਾਅ ਐਂਡ ਆਰਡਰ) ਆਰ.ਪੀ.ਐੱਸ. ਸੰਧੂ ਨੇ ਦੱਸਿਆ ਕਿ ਰਾਜਦੂਤ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button