InternationalTop News

ਅਮਰੀਕਾ ਨੇ ਕੈਨੇਡਾ ‘ਤੇ ਲਾਇਆ 50 ਫੀਸਦੀ ਟੈਰਿਫ਼

 ਪਿਛਲੇ ਕਰੀਬ 18 ਮਹੀਨਿਆਂ ਤੋਂ ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਆਖਰੀ ਦੌਰ ‘ਚ ਪਹੁੰਚ ਕੇ ਨਾਕਾਮ ਹੋ ਗਈ ਹੈ, ਜਿਸ ਮਗਰੋਂ ਅਮਰੀਕਾ ਨੇ ਸ਼ਨੀਵਾਰ ਸਵੇਰੇ ਕੈਨਡਾ ਦੇ ਕਰੀਬ 20 ਅਰਬ ਅਮਰੀਕੀ ਡਾਲਰ ਦੇ ਉਤਪਾਦਾਂ ‘ਤੇ 50 ਫੀਸਦੀ ਟੈਰਿਫ ਲਗਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਤੁਰੰਤ ਬਾਅਦ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਹ ਟੈਰਿਫ ਅਮਰੀਕਾ ਨੂੰ ਭੇਜੇ ਜਾਣ ਵਾਲੇ ਕੈਨੇਡੀਅਨ ਸਮਾਨ ਦੇ ਲਗਭਗ 5 ਫ਼ੀਸਦੀ ਹਿੱਸੇ ‘ਤੇ ਲਾਗੂ ਹੋਵੇਗਾ, ਜਿਸ ਵਿਚ ਹਾਕੀ ਸਟਿੱਕਸ ਤੋਂ ਲੈ ਕੇ ਮੈਡੀਕਲ ਉਪਕਰਨ, ਪਨੀਰ ਅਤੇ ਬੀਅਰ ਵਰਗੀਆਂ ਵਸਤੂਆਂ ਸ਼ਾਮਲ ਹਨ।
ਟੈਰਿਫ਼ ਲਗਾਏ ਜਾਣ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਕਸ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਕੈਨੇਡਾ ਆਪਣੇ ਕਾਮਿਆਂ ਅਤੇ ਵਪਾਰ ਦੀ ਰੱਖਿਆ ਲਈ ”ਡਾਲਰ ਦੇ ਬਦਲੇ ਡਾਲਰ” ਦੀ ਰਣਨੀਤੀ ਅਪਣਾਏਗਾ ਤੇ ਅਮਰੀਕੀ ਉਤਪਾਦਾਂ ‘ਤੇ ਟੈਰਿਫ ਲਗਾ ਕੇ ਜਵਾਬ ਦੇਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕੈਨੇਡਾ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਮੁਅੱਤਲ ਕਰ ਦਿੱਤੀ ਹੈ ਅਤੇ ਆਪਣੀ ਟੀਮ ਨੂੰ ਓਟਾਵਾ ਵਾਪਸ ਬੁਲਾ ਲਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਮਰੀਕੀ ਟ੍ਰੇਡ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਦੱਸਿਆ ਕਿ ਕੈਨੇਡਾ ਨੇ ਆਖਰੀ ਸਮੇਂ ‘ਤੇ ਨਵੀਂਆਂ ਮੰਗਾਂ ਰੱਖੀਆਂ ਅਤੇ ਪੁਰਾਣੀਆਂ ਗੱਲਾਂ ਤੋਂ ਪਿੱਛੇ ਹਟ ਗਿਆ। ਦੂਜੇ ਪਾਸੇ, ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕਾ ‘ਤੇ ਦੋਸ਼ ਲਗਾਇਆ ਕਿ ਅਮਰੀਕਾ ਦੀਆਂ ਆਖਰੀ ਸਮੇਂ ਰੱਖੀਆਂ ਗਈਆਂ ਸ਼ਰਤਾਂ ਨਾਜਾਇਜ਼ ਅਤੇ ਗੈਰ-ਆਰਥਿਕ ਸਨ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਟੈਰਿਫ ਲਗਾਉਣ ਲਈ 1930 ਦੇ ਟੈਰਿਫ ਐਕਟ ਦੇ ਸੈਕਸ਼ਨ 338 ਦੀ ਵਰਤੋਂ ਕੀਤੀ ਹੈ, ਜੋ ਕਿ ਮਹਾਂਮੰਦੀ ਦੇ ਸਮੇਂ ਦਾ ਕਾਨੂੰਨ ਹੈ। ਦੋਵਾਂ ਦੇਸ਼ਾਂ ਵਿਚਾਲੇ ਛਿੜੇ ਇਸ ਵਪਾਰਕ ਤਣਾਅ ਕਾਰਨ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਾਲੇ ਹੋਏ ਉੱਤਰੀ ਅਮਰੀਕੀ ਵਪਾਰ ਸਮਝੌਤੇ (ਯੂ.ਐੱਸ.ਐੱਮ.ਸੀ.ਏ.) ਦੇ ਭਵਿੱਖ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵਾਂ ਦੇਸ਼ਾਂ ਦੇ ਇਸ ਤਣਾਅ ਦਾ ਗਲੋਬਲ ਵਪਾਰ ‘ਤੇ ਕੀ ਅਸਰ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button