PunjabTop News

ਅਧਿਆਪਕ ਵਲੋਂ ਬੱਚੇ ਨਾਲ ਕੁੱਟਮਾਰ ਦੇ ਮਾਮਲੇ ਦਾ ਘੱਟ ਗਿਣਤੀ ‌ਕਮਿਸ਼ਨ ਨੇ ਲਿਆ ਸਖ਼ਤ ਨੋਟਿਸ

ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਹਸਪਤਾਲ ਵਿੱਚ ਇਲਾਜ ਅਧੀਨ ਬੱਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ

ਗੁਰਦਾਸਪੁਰ 14 ਮਈ 2023 – ਬਟਾਲਾ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਕਾਹਲਵਾਂ ਦੇ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਪੰਜਾਬ ਘੱਟ ਗਿਣਤੀ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥਾਬਾ ਨੇ ਪੀੜਤ ਬੱਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਾਪਿਆਂ ਨੇ ਦੱਸਿਆ ਕਿ ਅਧਿਆਪਕ ਨੇ ਬੱਚੇ ਨੂੰ ਪਿੱਠ ‘ਤੇ ਪੈਰ ਅਤੇ ਮੁੱਕੇ ਮਾਰੇ। ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੇ ਪਿਸ਼ਾਬ ਅਤੇ ਪਖ਼ਾਨੇ ਵਿਚ ਖੂਨ ਆਉਣ ਲੱਗਾ।

ਬੱਚੇ ਦੇ ਪਿਤਾ ਯੂਸਫ ਮਸੀਹ ਨੇ ਦੱਸਿਆ ਕਿ ਉਸ ਦਾ ਲੜਕਾ ਅੰਕੁਸ਼ਦੀਪ ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। 30 ਅਪਰੈਲ ਨੂੰ ਉਹ ਸਕੂਲ ਦੀ ਚਾਰਦੀਵਾਰੀ ਵਿੱਚ ਲਗਾਏ ਫਲਦਾਰ ਦਰੱਖਤ ਕੋਲ ਖੜ੍ਹਾ ਸੀ। ਇਸੇ ਦੌਰਾਨ ਅਧਿਆਪਕ ਬਲਵਿੰਦਰ ਸਿੰਘ ਨੇ ਉਸ ਨੂੰ ਦੇਖ ਕੇ ਕਿਹਾ ਕਿ ਦਰੱਖਤ ਤੋਂ ਫਲ ਕਿਉਂ ਤੋੜ ਰਿਹਾ ਹੈ ।ਇਸ ‘ਤੇ ਅਧਿਆਪਕ ਨੇ ਅੰਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਦਰੱਖਤ ਨੇੜੇ ਦੇਖਿਆ ਗਿਆ ਤਾਂ ਉਹ ਉਸ ਨੂੰ ਬਿਜਲੀ ਦਾ ਕਰੰਟ ਦੇਵੇਗਾ। ਬੱਚਾ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਸਕੂਲ ਦੇ ਹੋਰ ਅਧਿਆਪਕਾਂ ਨੇ ਉਸ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਹਸਪਤਾਲ ਵਿੱਚ ਲੜਕੇ ਦੀ ਸਿਹਤ ਲਗਾਤਾਰ ਵਿਗੜਦੀ ਰਹੀ। ਉਸ ਦੇ ਪਿਸ਼ਾਬ ਅਤੇ ਪਖ਼ਾਨੇ ਵਿੱਚੋਂ ਖੂਨ ਆਉਣ ਲੱਗਾ। ਇਸ ਤੋਂ ਬਾਅਦ ਬੱਚੇ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੰਜਾਬ ਘੱਟ ਗਿਣਤੀ ਕਮਿਸ਼ਨ ਨੂੰ ਕੀਤੀ ਸੀ। ਕਮਿਸ਼ਨ ਨੇ ਜਾਂਚ ਦੇ ਹੁਕਮ ਦਿੱਤੇ ਅਤੇ ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥਾਬਾ ਨੂੰ ਜਾਂਚ ਲਈ ਭੇਜਿਆ। ਡਾਕਟਰ ਸੁਭਾਸ ਸਪਤਾਲ ਗਏ ਅਤੇ ਬੱਚੇ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਬਾਰੇ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨਾਲ ਵੀ ਗੱਲ ਕੀਤੀ। ਡਾਕਟਰ ਨੇ ਦੱਸਿਆ ਕਿ ਕੁੱਟਮਾਰ ਕਾਰਨ ਹੀ ਬੱਚਾ ਇਸ ਹਾਲਤ ਵਿੱਚ ਆਇਆ ਸੀ।

 ਇਸ ਸਬੰਧੀ ਡਾ: ਥੋਬਾ ਨੇ ਪਿੰਡ ਦੇ ਸਰਪੰਚ ਸੁਲੱਖਣ ਨਾਲ ਵੀ ਸੰਪਰਕ ਕੀਤਾ | ਜਿਸ ਨੇ ਦੱਸਿਆ ਕਿ ਅਧਿਆਪਕ ਬਲਵਿੰਦਰ ਸਿੰਘ ਨੇ ਮੰਨ ਲਿਆ ਸੀ ਕਿ ਉਸ ਤੋਂ ਗਲਤੀ ਹੋਈ ਹੈ ਅਤੇ ਬੱਚੇ ਦੇ ਇਲਾਜ ਲਈ ਜੋ ਵੀ ਖਰਚ ਹੋਵੇਗਾ, ਉਹ ਦੇਵੇਗਾ। ਸਰਪੰਚ ਅਨੁਸਾਰ ਹੁਣ ਅਧਿਆਪਕ ਇਲਾਜ ਦਾ ਖਰਚਾ ਦੇਣ ਤੋਂ ਇਨਕਾਰ ਕਰ ਰਿਹਾ ਹੈ।

ਡਾਕਟਰ ਸੁਭਾਸ਼ ਨੇ ਪੂਰੀ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ਮੈਂਬਰ ਸਲਾਹਕਾਰ ਕਮੇਟੀ ਈਸਾਦਾਸ ਟੋਨੀ ਪ੍ਰਧਾਨ, ਪੂਰਨ ਸਫਾਰੀ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button