PunjabTop News

ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ ‘ਆਪ’ ਸਰਕਾਰ ਖਿਲਾਫ਼ ਮੋਰਚਾ, CM ਮਾਨ ਦੀ ਰਿਹਾਇਸ਼ ਦਾ ਕੀਤਾ ਜਾ ਰਿਹਾ ਘਿਰਾਓ

ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, ਛੱਡੀਆਂ ਪਾਣੀ ਦੀਆਂ ਬੁਛਾੜਾਂ

ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਬਾਅਦ ਹੁਣ ‘ਆਪ’ ਵਿਧਾਇਕ ਤੇ ਉਸ ਦੇ ਪਿਤਾ ਸਮੇਤ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਚੰਡੀਗੜ੍ਹ ‘ਚ ‘ਆਪ’ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ।

ਜਾਣਕਾਰੀ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਸਮੇਤ ਕਾਂਗਰਸ, ਭਾਜਪਾ ਸਮੇਤ ਹੋਰ ਵੱਖ ਵੱਖ ਇਨਸਾਫ਼ ਪਸੰਦ ਧਿਰਾਂ ਵੀ ਪਰਿਵਾਰ ਲਈ ਇਨਸਾਫ਼ ਮੰਗਣ ਲਈ ਸੀਐਮ ਮਾਨ ਦੀ ਰਿਹਾਇਸ਼ ਦੇ ਘਿਰਾਓ ਦੇ ਸੱਦੇ ਤਹਿਤ ਵੱਡੀ ਗਿਣਤੀ ਪਹੁੰਚੀਆਂ ਹੋਈਆਂ ਹਨ

ਸੀਐਮ ਦੀ ਰਿਹਾਇਸ਼ ਅੱਗੇ ਧਰਨੇ ਲਈ ਪੀੜਤ ਪਰਿਵਾਰ ਵੀ ਸ਼ਾਮਲ ਹੈ। ਆਗੂਆਂ ਤੇ ਵਰਕਰਾਂ ਵੱਲੋਂ ਜਿਵੇਂ ਹੀ ਸੀਐਮ ਮਾਨ ਦੀ ਰਿਹਾਇਸ਼ ਦੇ ਘਿਰਾਓ ਲਈ ਕੂਚ ਕੀਤਾ ਤਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਰਸਤੇ ਵਿੱਚ ਹੀ ਰੋਕ ਲਿਆ ਹੈ ਅਤੇ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹੈ। ਜਿਵੇਂ ਹੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ, ਵਰਕਰਾਂ ਨੇ ਬੈਰੀਕੇਡ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨਾਲ ਝੜਪ ਵੀ ਹੋਈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ।

ਇਸ ਮੌਕੇ ਵਿਰੋਧੀ ਧਿਰਾਂ ਦੇ ਆਗੂਆਂ ਵਿੱਚ ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ, ਐਡਵੋਕੇਟ ਅਰਸ਼ਦੀਪ ਕਲੇਰ, ਪਰਵਿੰਦਰ ਸੋਹਾਣਾ, ਪਰਮਬੀਰ ਸੰਨੀ, ਸਿਮਰਨ ਢਿੱਲੋਂ, ਸ਼ਮਸ਼ੇਰ ਪੁਰਖਲਵੀ, ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਲੀਡਰ, ਭਾਜਪਾ ਤੋਂ ਪ੍ਰਧਾਨ ਸੁਨੀਲ ਜਾਖੜ ਸਮੇਤ ਅਨਿਲ ਸਰੀਨ, ਵਿਨੀਤ ਜੋਸ਼ੀ, ਸੰਜੀਵ ਵਸ਼ਿਸ਼ਟ ਆਦਿ ਲੀਡਰ ਪਹੁੰਚੇ ਹੋਏ ਸਨ।

ਇਸ ਮੌਕੇ ਆਗੂਆਂ ਤੇ ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਤੇ ਲਾਲਜੀਤ ਭੁੱਲਰ ਦੀ ਉਸ ਦੇ ਪਿਤਾ ਸਮੇਤ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ, ਓਨਾ ਚਿਰ ਤੱਕ ਗਗਨਦੀਪ ਰੰਧਾਵਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button