ਅਕਾਲੀ ਦਲ : ਲੀਡਰਸ਼ਿਪ ਸੰਕਟ ਹੋਇਆ ਹੋਰ ਡੂੰਘਾ
ਅਮਰਜੀਤ ਸਿੰਘ ਵੜੈਚ (9417801988)
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਗਹਿਰੇ ਸੰਕਟ ਅਤੇ ਔਖੇ ਇਮਤਿਹਾਨ ਵਿੱਚੋਂ ਲੰਘ ਰਹੀਆਂ ਹਨ, ਭਾਰਤੀ ਸਿਆਸਤ ਵਿੱਚ ਕਾਂਗਰਸ(1885) ਅਤੇ ਸ਼੍ਰੋਮਣੀ ਅਕਾਲੀ ਦਲ(1920) ਦੋ ਹੀ ਪਾਰਟੀਆਂ ਹਨ ਜੋ ਸਭ ਤੋਂ ਵੱਧ ਪੁਰਾਣੀਆਂ ਪਾਰਟੀਆਂ ਹਨ। ਕਾਂਗਰਸ ਨੇ ਰਾਸ਼ਟਰੀ ਤੇ ਰਾਜ ਪੱਧਰ ਅਤੇ ਅਕਾਲੀ ਦਲ ਨੇ ਪੰਜਾਬ ‘ਚ ਟੀਸੀ ਦੀ ਸਿਆਸਤ ਕੀਤੀ ਹੈ। ਦੋਵਾਂ ਨੇ ਰਾਜ-ਭਾਗ ਦੇ ਰੱਜਕੇ ‘ਰੰਗ’ ‘ਮਾਣੇ’ ਹਨ।
ਅਕਾਲੀ ਦਲ ਦੀ ਜੋ ਸਥਿਤੀ ਅੱਜ ਪੰਜਾਬ ਦੀ ਸਿਆਸਤ ਵਿੱਚ ਹੋ ਗਈ ਹੈ ਇਹ ਇਸਦੇ ਜਨਮ-ਦਾਤਿਆਂ ਨੇ ਸ਼ਾਇਦ ਕਦੇ ਚਿਤਵੀ ਨਹੀਂ ਹੋਣੀ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਪਾਰਟੀ 1966-ਪੰਜਾਬੀ ਸੂਬਾ ਮੋਰਚਾ, 1975-ਐੱਮਰਜੈਂਸੀ ਵਿਰੁਧ,1982-ਐੱਸਵਾਈਐੱਲ ਨਹਿਰ, ਅਤੇ 1984-ਦਰਬਾਰ ਸਾਹਿਬ ‘ਤੇ ‘ਬਲਿਊ ਸਟਾਰ’ ‘ਹਮਲੇ ਵਿਰੁਧ ਲੜਨ ਵਾਲੀ ਪਾਰਟੀ ਹੈ। ਪਾਰਟੀ 1966 ਤੋਂ ਮਗਰੋਂ ਹੁਣ ਤੱਕ ਛੇ ਵਾਰ ਸਰਕਾਰ ਬਣਾ ਚੁੱਕੀ ਹੈ ; ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਇਕ ਵਾਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ-ਮੰਤਰੀ ਰਹਿ ਚੁੱਕੇ ਹਨ। 1995 ਤੋਂ ਪਹਿਲਾਂ ਕੋਈ ਵੀ ਪਾਰਟੀ ਪ੍ਰਧਾਨ ਦੂਜੀ ਵਾਰ ਪ੍ਰਧਾਨ ਨਹੀਂ ਬਣਿਆ ਪਰ 1995 ਤੋਂ ਵੱਡੇ ਬਾਦਲ ਸਾਹਿਬ 2008 ਤੱਕ ਪ੍ਰਧਾਨ ਰਹੇ ਅਤੇ 2008 ਤੋਂ ਸੁਖਬੀਰ ਸਿੰਘ ਬਾਦਲ ( ਹੁਣ ਤੱਕ ਦੇ ਪ੍ਰਧਾਨਾਂ ‘ਚੋਂ ਸੱਭ ਤੋਂ ਛੋਟੀ ਉਮਰ 45 ਸਾਲ) ਹੁਣ ਤੱਕ ਪ੍ਰਧਾਨ ਚਲੇ ਆ ਰਹੇ ਹਨ
ਪਾਰਟੀ ਦੇ ਵਰਤਮਾਨ ਸਿਆਸੀ ਨਿਘਾਰ ਦਾ ਵੱਡਾ ਕਾਰਨ ਪਾਰਟੀ ‘ਤੇ ਲਗਾਤਾਰ 27 ਸਾਲਾਂ ਤੋਂ ਬਾਦਲ ਪਰਿਵਾਰ ਦਾ ਦਬਦਬਾ ਹੋਣਾ ਮੰਨਿਆ ਜਾ ਰਿਹਾ ਹੈ। ਸ੍ਰੀ ਆਨੰਦਪੁਰ ਦੇ ਮਤੇ ‘ਤੇ ਲੜਨ ਵਾਲੀ ਪਾਰਟੀ 1996 ‘ਚ ਇਸ ਮਤੇ ਤੋਂ ਕਿਨਾਰਾ ਹੀ ਕਰ ਗਈ’। ਪਾਰਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੁਆਉਣੀ, ਫ਼ਰੀਦਕੋਟ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਅਤੇ ਗੋਲੀ ਚੱਲਣ ਕਾਰਨ ਹੋਈਆਂ ਮੌਤਾਂ ‘ਤੇ ਤਤਕਾਲੀ ਬਾਦਲ ਸਰਕਾਰ ਕੋਈ ਸਿੱਟਾ ਕੱਢਣ ‘ਚ ਅਸਫ਼ਲ ਰਹੀ। ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਐੱਸਜੀਪੀਸੀ ਦਾ ਪ੍ਰਧਾਨ ਬਾਦਲ ਸਾਹਿਬ ਦੇ ਲਿਫਾਫ਼ੇ ‘ਚੋਂ ਨਿਕਲਦਾ ਹੈ। ਸਿੱਖਾਂ ‘ਚ ਇਹ ਵੀ ਪ੍ਰਭਾਵ ਗਿਆ ਹੈ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਬਾਦਲ ਪਰਿਵਾਰ ਆਪਣੇ ਸਿਆਸੀ ਮੁਨਾਫ਼ਿਆਂ ਲਈ ਵਰਤਦੇ ਰਹੇ ਹਨ।
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਤੋਂ ਦੂਰੀ ਅਤੇ ਕੇਂਦਰ ਵਿੱਚਲੀ ਭਾਜਪਾ ਦਾ ਪਹਿਲਾਂ ਸਾਥ ਦੇਣਾ ਤੇ ਜਦੋਂ ਪੰਜਾਬ ‘ਚੋਂ ਕਿਸਾਨਾਂ ਦਾ ਦਬਾਅ ਪਿਆ ਤਾਂ ਕੇਂਦਰ ‘ਚੋਂ ਅਸਤੀਫ਼ਾ ਦੇਣ ਮਗਰੋਂ ਪੰਜਾਬੀਆਂ ਦਾ ਭਰੋਸਾ ਗੁਆ ਲੈਣਾ, ਪੰਜਾਬ ਦੇ ਮੁੱਦਿਆਂ ‘ਤੇ ਸੰਸਦ ਵਿੱਚ ਚੁੱਪ ਰਹਿਣਾ, 2007 ਤੋਂ 2017 ਤੱਕ ਪੰਜਾਬ ‘ਚ ਹਕੂਮਤ ਹੋਣ ਸਮੇਂ ਆਪਣੇ ਹੀ ਰਿਸ਼ਤੇਦਾਰਾਂ ਨੂੰ ਮੰਤਰੀ ਬਣਾਉਣਾ, ਵਧੀ ਬੇਰੁਜ਼ਗਾਰੀ, ਨਸ਼ੇ-ਸ਼ਰਾਬ-ਮਾਈਨਿੰਗ ਮਾਫ਼ੀਏ, ਆਮ-ਲੋਕਾਂ ਦੇ ਕੰਮ ਨਾ ਹੋਣਾ, ਪਾਰਟੀ ਵਰਕਰਾਂ ਦੇ ਵੀ ਕੰਮ ਨਾ ਹੋਣੇ, ਹਲਕਾ ਇੰਚਾਰਜਾਂ ਵੱਲੋਂ ਲੋਕਾਂ ਦੀ ਅਣਦੇਖੀ, ਪੁਲਿਸ ਅਤੇ ਪ੍ਰਸਾਸ਼ਨ ਵਿੱਚ ਪਾਰਟੀ ਪ੍ਰਤੀ ਨਿਰਾਸ਼ਾ, ਟੌਹੜ ਤੇ ਕੈਪਟਨ ਗਰੁੱਪਾਂ ਸਮੇਤ ਹੋਰ ਵੱਡੇ ਚਿਹਰਿਆਂ ਦੀ ਅਣਦੇਖੀ ਤੇ ਸੰਗਤ-ਦਰਸ਼ਨਾਂ ਦੇ ਘਪਲਿਆਂ ਦੇ ਦੋਸ਼ ਆਦਿ ਕਈ ਕਾਰਨ ਹਨ।
ਕਿਸੇ ਵਕਤ ਵਿਧਾਨ ਸਭਾ ‘ਚ 73-1985, 75-1997, 49+19 ਭਾਜਪਾ -2007 ਅਤੇ 56+12 -2012 ਸੀਟਾਂ ਜਿੱਤਣ ਵਾਲੀ ਪਾਰਟੀ 2017 ਵਿੱਚ 15 ਅਤੇ 2022 ‘ਚ ਸਿਰਫ਼ 3 ਸੀਟਾਂ ਤੇ ਸੁੰਗੜ ਗਈ। ਹੁਣ ਸੰਗਰੂਰ ਲੋਕਸਭਾ ਸੀਟ ‘ਤੇ ਵੀ ਪਾਰਟੀ ਨੂੰ ਵੱਡੀ ਨਾਮੋਸ਼ੀ ਝੱਲਣੀ ਪੈ ਰਹੀ ਹੈ। ਪਾਰਟੀ ‘ਤੇ ਲਗਾਤਾਰ ਬਾਦਲ ਕੁਨਬੇ ਦਾ 27 ਸਾਲਾਂ ਤੋਂ ਕਬਜ਼ਾ ਹੋਣਾ ਅਤੇ ਕਿਸੇ ਹੋਰ ਲੀਡਰ ਨੂੰ ਭਵਿਖ ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਤਿਆਰ ਨਾ ਹੋਣ ਦੇਣਾ ਹੀ ਵੱਡਾ ਕਾਰਨ ਬਣਿਆ ਹੈ ਕਿ ਪਹਿਲਾਂ ਫਰਵਰੀ ‘ਚ ਵਿਧਾਨ ਸਭਾ ਦੀਆਂ ਚੋਣਾਂ ‘ਚ ਪਾਰਟੀ ਨੂੰ 117 ਸੀਟਾਂ ‘ਚੋਂ ਸਿਰਫ ਤਿੰਨ ਸੀਟਾਂ ਮਿਲਣਾ ਅਤੇ ਹੁਣ ਸੰਗਰੂਰ ਲੋਕਸਭਾ ਸੀਟ ਦੀ ਚੋਣ ‘ਚ ਪਾਰਟੀ ਦਾ ਪੰਜਵੇਂ ਸਥਾਨ ‘ਤੇ ਆਕੇ ਜ਼ਮਾਨਤ ਜ਼ਬਤ ਹੋਣ ਮਗਰੋਂ ਪਾਰਟੀ ਅੰਦਰ ਸੁਖਬੀਰ ਬਾਦਲ ਵਿਰੁੱਧ ਕੋਰ ਕਮੇਟੀ ‘ਚ ਸੁਰ ਉੱਚੇ ਹੋਏ ਹਨ ਪਰ ‘ਬਗ਼ਾਵਤੀ ਸੁਰਾਂ ‘ ਦੀ ਅਗਵਾਈ ਕਰਨ ਲਈ ਹਾਲੇ ਪਾਰਟੀ ਵਿੱਚ ਕੋਈ ਲੀਡਰ ਬਲੀ ਦੇਣ ਨੂੰ ਤਿਆਰ ਨਹੀਂ ਹੋਇਆ।
ਭਵਿੱਖ ਵਿੱਚ ਪਾਰਟੀ ਲੀਡਰਸ਼ਿਪ ਬਦਲਣਾ ਪੱਕਾ ਹੋ ਚੁੱਕਿਆ ਹੈ ਪਰ ਬਾਦਲ ਪਰਿਵਾਰ ਵੱਲੋਂ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨਗੀ ਬਚਾ ਲਈ ਜਾਵੇ। ਭਾਵੇਂ ਪਾਰਟੀ ਦਾ ਭਾਜਪਾ ਨਾਲੋਂ ਨਾਤਾ ਟੁੱਟ ਚੁੱਕਿਆ ਹੈ ਪਰ ਇਹ ਵੀ ਕਣਸੋਆਂ ਹਨ ਕਿ ਭਾਜਾਪਾ ਭਵਿੱਖ ਵਿੱਚ ਆਕਾਲੀ ਲੀਡਰਸ਼ਿਪ ਬਦਲਣ ਮਗਰੋਂ ਪਾਰਟੀ ਨਾਲ ਹੱਥ ਮਿਲ ਸਕਦੀ ਹੈ। ਭਾਜਪਾ ਪੰਜਾਬ ‘ਚ ਅਕਾਲੀ ਪਾਰਟੀ ਨੂੰ ਰਾਜ ਸੱਤ੍ਹਾ ਦੇਕੇ ਪੰਜਾਬ ਵਿਚਲੀਆਂ ਸੰਸਦੀ ਸੀਟਾਂ ‘ਤੇ ਕਬਜ਼ਾ ਕਰਨ ਲਈ ਭਵਿਖ ਵਿੱਚ ਕਦੇ ਵੀ ਪੈਂਤੜਾ ਬਦਲ ਸਕਦੀ ਹੈ। ਇਹ ਤਾਂ ਪੱਕਾ ਹੈ ਕਿ ਲੋਕ ਅਤੇ ਪਾਰਟੀ ਦੇ ਵਰਕਰ ਆਕਾਲੀ ਪਾਰਟੀ ਨੂੰ ਤਾਂ ਚਾਹੁੰਦੇ ਨੇ ਪਰ ਮੋਜੂਦਾ ਲਡਿਰਸ਼ਿਪ ਨਹੀਂ। ਹੁਣ ਸਿਰਫ਼ ਇੰਤਜ਼ਾਰ ਹੈ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨ੍ਹਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.