SOCIETY SEGMENTS

ਹੁਣ ਸਿਰਫ ਲੀਡਰ ਲੜਨਗੇ ਤੇ ‘ਮਰਨਗੇ’

ਪੰਜਾਬ ਦਾ ਫ਼ਤਵਾ : ਹੁਣ ਸਿਰਫ਼ ਲੀਡਰ ਹੀ 'ਮਰਨਗੇ'

ਅਮਰਜੀਤ ਸਿੰਘ ਵੜੈਚ
(94178-01988)

ਦੁਨੀਆਂ ਵਿੱਚ 4300 ਸੌ ਤੋਂ ਵੱਧ ਧਰਮ ਅਤੇ ਧਾਰਮਿਕ ਸੰਪਰਦਾਵਾਂ ਹਨ। ਇਸ ਤੋਂ ਇਲਾਵਾ ਕਈ ਸਥਾਨਕ ਧਰਮ ਵੀ ਹਨ। ਇਨ੍ਹਾਂ ਦੀ ਗਿਣਤੀ ਅਸੰਭਵ ਹੈ। ਧਰਮਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਮੁੱਖ ਧਰਮਾਂ ਵਿਚੋਂ ਅੱਗੇ ਗਰੁੱਪ ਬਣ ਰਹੇ ਹਨ ਅਤੇ ਫਿਰ ਕੁਝ ਸਮੇਂ ਮਗਰੋਂ ਉਹ ਗਰੁੱਪ ਇਕ ਵੱਖਰਾ ਧਰਮ ਹੋਣ ਦਾ ਐਲਾਨ ਕਰ ਦਿੰਦਾ ਹੈ।  ਇਕ ਦਿਨ ਅਜਿਹਾ ਆਵੇਗਾ ਕਿ ਇਨ੍ਹਾਂ ਦਾ ਹਿਸਾਬ ਕਿਤਾਬ ਰੱਖਣਾ ਵੀ ਮੁਸ਼ਕਿਲ ਹੋ ਜਾਵੇਗਾ।

ਧਰਮਾਂ ਕਾਰਨ ਦੁਨੀਆਂ ਵਿੱਚ ਹਮੇਸ਼ਾ ਮਾਰ-ਮਰਾਈ ਹੁੰਦੀ ਰਹਿੰਦੀ ਹੈ। ਪਿਊ ਰਿਸਰਚ ਸੈਂਟਰ (PEW RESEARCH CENTRE) ਅਨੁਸਾਰ ਵਿਸ਼ਵ ਵਿੱਚ ਫਿਰਕੂ ਦੰਗਿਆਂ ਲਈ ਸੀਰੀਆ, ਨਾਈਜ਼ੀਰੀਆ ਅਤੇ ਈਰਾਕ ਤੋਂ ਮਗਰੋਂ ਚੌਥੇ ਨੰਬਰ ਤੇ ਭਾਰਤ ਦਾ ਨਾਮ ਆਉਂਦਾ ਹੈ। 1947 ਵਿੱਚ ਹਿੰਦੁਸਤਾਨ ਦੀ ਭਾਰਤ ਅਤੇ ਪਾਕਿਸਤਾਨ ਵੰਡ ਦੁਨੀਆਂ ਦੇ ਵੱਡੇ ਫਿਰਕੂ ਦੰਗਿਆਂ ਦੀ ਇਕ ਸ਼ਰਮਨਾਕ ਮਿਸਾਲ ਹੈ। ਇਸ ਵੰਡ ਸਮੇਂ ਤਕਰੀਬਨ 20 ਲੱਖ ਲੋਕ ਮਾਰ ਗਏ ਅਤੇ ਇਸ ਤੋਂ ਵੱਡੀ ਗਿਣਤੀ ‘ਚ ਲੋਕ ਘਰੋਂ-ਬੇਘਰ ਹੋਏ ਸਨ। ਇਹ ਵੰਡ ਦੁਨੀਆ ਦੇ ਵੱਡੇ ਆਬਾਦੀ ਦੇ ਤਬਾਦਲੇ ਦੀ ਵੀ ਕੋਝੀ ਉਦਾਹਰਣ ਹੈ ਕਿਉਂਕਿ ਉਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਬੇਘਰ ਹੋ ਕੇ ਹਿੰਦੂ ਅਤੇ ਸਿੱਖ ਭਾਰਤ ਆਏ ਸਨ ਅਤੇ ਲੱਖਾਂ ਦੀ ਗਿਣਤੀ ਵਿੱਚ ਬੇਘਰ ਹੋ ਕੇ ਮੁਸਲਮਾਨ ਇਧਰੋਂ ਪਾਕਿਸਤਾਨ ਗਏ ਸਨ।

ਸਭ ਧਰਮਾਂ ਵਾਲੇ ਇੱਕ ਰੱਬ ਦੀ ਗੱਲ ਕਰਦੇ ਹਨ। ਇਕ ਦੂਜੇ ਨਾਲ ਪਿਆਰ ਨਾਲ ਜੀਣ ਦੀ ਗੱਲ ਕਰਦੇ ਹਨ ਤਾਂ ਫਿਰ ਧਰਮ ਦੇ ਨਾਂ ‘ਤੇ ਦੁਨੀਆ ਵਿੱਚ ਕਤਲੋਗਾਰਤ ਕਿਉਂ ਹੁੰਦੀ ਹੈ? ਦਰਅਸਲ ਮਨੁੱਖੀ ਸੱਭਿਅਤਾ ਵਿੱਚ ਧਰਮ ਦੀ ਆਮਦ ਹੀ ਉਦੋਂ ਹੋਈ ਹੋਵੇਗੀ ਜਦੋਂ ਮਨੁੱਖ ਦੇ ਸੁਭਾਅ ਅਤੇ ਕਰਮ ਵਿੱਚ ਗਿਰਾਵਟ ਆਈ ਹੋਵੇਗੀ। ਤੁਸੀਂ ਦੇਖੋ ਧਰਮਾਂ ‘ਚ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਜ਼ਲੂਮ ‘ਤੇ ਅੱਤਿਆਚਾਰ ਨਹੀਂ ਕਰਨਾ ਚਾਹੀਦਾ : ਇਸ ਦਾ ਮਤਲਬ ਸਾਫ਼ ਹੈ ਕਿ ਧਰਮਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਮਨੁੱਖ ਜ਼ਾਲਿਮ ਪ੍ਰਵਿਰਤੀ ਦਾ ਹੋਵੇਗਾ। ਜੇਕਰ ਕੋਈ ਇਨਸਾਨ ਜਾਂ ਜਾਨਵਰ ‘ਤੇ ਜ਼ੁਲਮ ਕਰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸ ਦਾ ਲੇਖਾ ਅਗਲੀ ਦਰਗਾਹ ਵਿੱਚ ਦੇਣਾ ਪਵੇਗਾ। ਧਰਮਾਂ ਦੀਆਂ ਬਹੁਤ ਹੀ ਪਵਿੱਤਰ ਅਤੇ ਸ਼ਕਤੀਸ਼ਾਲੀ ਰਵਾਇਤਾਂ ਹੁੰਦੀਆਂ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਫਿਰ ਹੁਣ ਕਿਉਂ ਮਨੁੱਖ ਕੁਰਾਹੇ ਪੈ ਗਿਆ ਹੈ? ਕੀ ਮਨੁੱਖ ਦੇ ਅੰਦਰੋਂ ਅਗਲੀ ਦਰਗਾਹ ਭਾਵ ਰੱਬ ਦਾ ਡਰ ਖਤਮ ਹੋ ਗਿਆ ਹੈ ? ਅੱਜ ਕੱਲ੍ਹ ਦੇ ਸਮਾਜਿਕ ਵਰਤਾਰੇ ਤੋਂ ਲਗਦਾ ਹੈ ਕਿ ਕੁਝ ਲੋਕ ਜਿਨ੍ਹਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਆਗੂ (ਅਖੌਤੀ)ਕਿਹਾ ਜਾਂਦਾ ਹੈ ਉਹ ਇਹ ਸਮਝ ਬੈਠੇ ਹਨ ਕਿ ਰੱਬ ਨਾਂ ਦੀ ਕੋਈ ਬਲਾ ਹੈ ਹੀ ਨਹੀਂ। ਸਿਰਫ  ਸਰਮਾਇਆ ਅਤੇ ਸਿਆਸੀ ਸ਼ਕਤੀ ਹੀ ਰੱਬ ਹੈ।

ਆਮ ਨਾਗਰਿਕ ਰੱਬ ਵਿੱਚ ਅਥਾਹ ਵਿਸ਼ਵਾਸ ਰੱਖਦਾ ਹੈ। ਵਿਸ਼ਵਾਸ ਹੀ ਮਨੁੱਖ ਨੂੰ ਬੁਲੰਦੀਆਂ ਵੱਲ ਲੈ ਜਾਂਦਾ ਹੈ। ਇਸ ਅਥਾਹ ਵਿਸ਼ਵਾਸ ਦਾ, ਧਰਮਾਂ ਦੇ ਅਖੌਤੀ ਆਗੂ ਜੋ ਭ੍ਰਿਸ਼ਟ ਰਾਜਸੀ ਲੀਡਰਾਂ ਦੇ ਵਗਾਰੀ ਹੁੰਦੇ ਹਨ, ਨਜਾਇਜ਼ ਲਾਭ ਉਠਾਉਂਦੇ ਹਨ। ਧਾਰਮਿਕ ਦੰਗੇ ਆਮ ਲੋਕ ਨਹੀਂ ਵਿਓੁਤਦੇ ਇਹ ਚਾਲਾਂ ਅਖੌਤੀ ਆਗੂ ਚਲਦੇ ਹਨ ਜਿਨ੍ਹਾਂ ਨੇ ਸਿਆਸੀ ਲਾਭ ਲੈਣੇ ਹੁੰਦੇ ਹਨ। ਕੀ ਤੁਹਾਨੂੰ ਯਾਦ ਹੈ ਕਿ ਕਦੇ ਇਨ੍ਹਾਂ ਦੰਗਿਆਂ ਵਿੱਚ ਕਿਸੇ ਵੀ ਪਾਸਿਓ ਕੋਈ ਵੱਡਾ ਰਾਜਸੀ/ਧਾਰਮਿਕ ਆਗੂ ਵੀ ਸੜਕਾਂ ‘ਤੇ ਲੜਦਿਆਂ ਮਰਿਆ/ਸੜਿਆ ਹੋਵੇ ? ਭਾਰਤ ਵਿੱਚ 2016 ਮਗਰੋਂ ਫ਼ਿਰਕੂ ਦੰਗਿਆਂ ਵਿੱਚ ਕਮੀ ਆਈ ਸੀ ; 2016-869, 2017-723, 2018-512, 2019 -438 ਪਰ 2020 ਵਿੱਚ ਫਿਰ ਸਿਟੀਜ਼ਨ ਅਮੈਂਡਮੈਂਟ ਐਕਟ ਕਾਰਨ ਇਹ ਗਿਣਤੀ 2016 ਵਾਲੇ ਅੰਕੜੇ ਦੇ ਕੋਲ ਪਹੁੰਚ 857 ਹੋ ਗਈ।

ਹਾਲ ਹੀ 29 ਅਪ੍ਰੈਲ ਨੂੰ ਪਟਿਆਲੇ ਵਿੱਚ ਹੋਏ ਝਗੜੇ ਨੂੰ ਸੋਸ਼ਲ ਮੀਡੀਆ ਰਾਹੀਂ ਹਿੰਦੂ-ਸਿੱਖ ਫ਼ਸਾਦ ਬਣਾਉਣ ਦੀ ਪੂਰੀ ਚਾਲ ਚੱਲੀ ਗਈ ਪਰ ਸਾਜ਼ਿਸ਼ੀ ਲੋਕ ਸਫ਼ਲ ਨਹੀਂ ਹੋ ਸਕੇ। ਸ਼ਰਾਰਤੀ ਲੋਕਾਂ ਦੀਆਂ ਚਾਲਾਂ ਨੂੰ ਲੋਕਾਂ ਵੱਲੋਂ ਸਮਝਣ ਅਤੇ ਫੇਲ੍ਹ ਕਰਨ ਦੀ ਇਹ ਬਹੁਤ ਹੀ ਵੱਡੀ ਉਦਾਹਰਣ ਹੈ। ਰਿਕਾਰਡ ਸਮੇਂ ‘ਚ ਦੋਸ਼ੀ ਫੜਨ ਦੀ ਵੀ ਇਹ ਉਦਾਹਰਣ ਹੈ। ਕਮਾਲ ਹੈ 2015 ਦੇ ਬੇਅਦਬੀ ਵਾਲੇ ਦੋਸ਼ੀ ਹਾਲੇ ਵੀ ਆਜ਼ਾਦ ਫਿਰ ਰਹੇ ਹਨ ; ਪੁਲਿਸ ਪੱਕੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।

ਪੰਜਾਬ 1978 ਤੋਂ 1992 ਤੱਕ ਫ਼ਿਰਕੂ ਚਾਲਾਂ ‘ਚ ਬਹੁਤ ਕੁਝ ਗਵਾ ਚੁੱਕਿਆ ਹੈ। ਹੁਣ ਆਮ ਲੋਕ, ਦੁਕਾਨਦਾਰ, ਵਪਾਰੀ, ਮਜ਼ਦੂਰ, ਕਿਸਾਨ ਆਦਿ ਇਨ੍ਹਾਂ ਲੋਕਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਭਵਿੱਖ ਵਿੱਚ ਵੀ ਇਹੋ ਜਿਹੀਆਂ ਚਾਲਾਂ ਨੂੰ ਮੂਧੈ-ਮੂੰਹ ਸੁੱਟਣ ਲਈ ਜ਼ਰੂਰੀ ਹੈ ਕਿ ਲੋਕ ਇਕੱਠੇ ਹੋ ਕੇ ਕਮੇਟੀਆਂ ਬਣਾਉਣ ਅਤੇ ਬਿਨ੍ਹਾਂ ਕਿਸੇ ਵੱਡੇ ਕਾਰਨ ਤੋਂ ਪੰਜਾਬ ਬੰਦ ਵਰਗੇ ਸੱਦਿਆ ਦਾ ਵਿਰੋਧ ਕਰਨ ਅਤੇ ਆਪਣੇ ਪਰਿਵਾਰਿਕ ਮੈਂਬਰਾ ਖਾਸ ਕਰ ਨੌਜਵਾਨਾਂ ਨੂੰ ਪਿਆਰ ਨਾਲ ਸਮਝਾ ਕੇ ਘਰੇ ਰੱਖਣ। ਪਟਿਆਲੇ ਦੀਆਂ ਘਟਨਾਵਾਂ ਤੋਂ ਸਮਾਜ ਨੇ ਲੀਡਰਾਂ ਨੂੰ ਕਿਹਾ ਹੈ ਕਿ  ਲੀਡਰ ਆਪ ਹੀ ਸੜਕਾਂ ‘ਤੇ ਆਹਮੋ-ਸਾਹਮਣੇ ਹੋ ਕੇ ਫੈਸਲਾ ਕਰ ਲਿਆ ਕਰਨ, ਲੋਕ ਹੁਣ ਸੜਕਾਂ ‘ਤੇ ਨਹੀਂ ਲੜਨਗੇ ਨਾ ਹੀ ਮਰਨਗੇ, ਹੁਣ ਸਿਰਫ਼ ਧਰਮ ਅਤੇ ਸਿਆਸਤ ਦੇ ਅਖੌਤੀ ਲੀਡਰ ਸੜਕਾਂ ਤੇ ਲੜਨਗੇ ਅਤੇ ਮਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button