SOCIETY SEGMENTS

ਖੁਰਾਕ ਵਾਧੂ ਪਰ 19 ਕਰੋੜ ਭਾਰਤੀ ਰੋਜ਼ ਰਾਤ ਨੂੰ ਭੁੱਖੇ ਸੌਣ ਲਈ ਮਜਬੂਰ

ਅਮਰਜੀਤ ਸਿੰਘ ਵੜੈਚ (94178-01988)

ਭਾਰਤੀ ਹਰੀ ਕ੍ਰਾਂਤੀ ਦੇ ਪਿਤਾਮਾ ਐੱਮ.ਐੱਸ ਸਵਾਮੀਨਾਥਨ ਨੇ ਇਕ ਵਾਰ ਅਮਰੀਕਾ ‘ਚ ਆਪਣੇ ਸੰਬੋਧਨ ‘ਚ ਕਿਹਾ ਸੀ ਕਿ ਭਾਰਤ ਨੂੰ ਸਭ ਤੋਂ ਵੱਧ ਧਿਆਨ ਆਪਣੇ ਅਨਾਜ (ਕਣਕ, ਚਾਵਲ, ਮੱਕੀ, ਦਾਲਾਂ ਆਦਿ) ਨੀਤੀ ‘ਤੇ ਦੇਣਾ ਚਾਹੀਦਾ ਹੈ ਕਿਉਂਕਿ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੀ ਭਾਰਤ ਦੀ ਖੁਰਾਕ ਪੈਦਾ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਸੀ ਭਾਰਤ ਨੂੰ ਖੇਤੀ ਸੈਕਟਰ ਵਿੱਚ ਵੱਧ ਪੈਸਾ ਲਾਉਣ ਦੀ ਲੋੜ ਹੈ। ਭਾਰਤ ਖੁਰਾਕ ਉਤਪਾਦਨ ਦੇ ਮਾਮਲੇ ‘ਚ ਦੁਨੀਆਂ ‘ਤੇ ਰਾਜ ਕਰ ਸਕਦਾ ਹੈ।

ਸਚਾਈ ਇਹ ਹੈ ਕਿ ਸਾਡੇ ਮੁਲਕ ਵਿੱਚ ਕੁਲ ਖੁਰਾਕ ਉਤਪਾਦਨ ਦਾ 40 ਫ਼ੀਸਦ ਹਿੱਸਾ ਤਾਂ ਨਸ਼ਟ ਹੋ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਹਰ ਇਕ ਭਾਰਤੀ ਹਰ ਸਾਲ ਘੱਟੋ-ਘੱਟ 50 ਕਿਲੋ ਖਾਣਾ ਖਰਾਬ ਕਰ ਦਿੰਦਾ ਹੈ। 50 ਕਿਲੋ ਖਾਣੇ ਨਾਲ 125 ਵਿਅਕਤੀ ਇਕ ਦਿਨ ਪੇਟ ਭਰ ਕਿ ਖਾਣਾ ਖਾ ਸਕਦੇ ਹਨ। 50 ਕਿਲੋ ਨੂੰ 140 ਕਰੋੜ ਨਾਲ ਗੁਣਾ ਕਰ ਲਓ! ਵਿਸ਼ਵ ਸਿਹਤ ਸੰਸਥਾ ਅਨੁਸਾਰ ਇਕ ਵਿਅਕਤੀ ਨੂੰ ਇਕ ਦਿਨ ਵਿੱਚ ਫਲ ਅਤੇ ਸਬਜ਼ੀਆਂ ਦੀ 400 ਗਰਾਮ ਖੁਰਾਕ ਦ‌ੀ ਲੋੜ ਹੁੰਦ‌ੀ ਹੈ। ਇਸ ਵਿੱਚ ਬਾਕੀ ਊਲ-ਜਲੂਲ ਚੀਜ਼ਾਂ -ਮਿਟਾਈ ਵਗੈਰਾ ਸ਼ਾਮਿਲ ਨਹੀਂ। ਭਾਰਤ ‘ਚ ਅੱਜ ਵੀ ਪ੍ਰਤੀ ਵਿਅਕਤੀ 507 ਗਰਾਮ ਚੰਗੀ ਖੁਰਾਕ ਉਪਲਬਧ ਹੈ ਪਰ ਭਾਰਤ ਵਿੱਚ ਹਰ ਰੋਜ਼ 19 ਕਰੋੜ ਲੋਕ ਰਾਤ ਦਾ ਖਾਣਾ ਖਾਧੇ ਬਿਨ੍ਹਾਂ ਹੀ ਸੜਕਾਂ ਦੇ ਫੁੱਟਪਾਥਾਂ ਤੇ ਸੌਂਦੇ ਹਨ।

ਵਿਸ਼ਵ ਦੇ ਖੇਤੀ ਅਤੇ ਖੁਰਾਕ ਮਾਹਿਰ ਇਹ ਕਹਿੰਦੇ ਹਨ ਕਿ ਭਵਿੱਖ ਵਿੱਚ ਦੁਨੀਆਂ ਨੂੰ ਬੰਬ-ਬੰਦੂਕਾ ਦੀ ਨਹੀਂ ਸਗੋਂ ਚੰਗੇ ਭੋਜਨ ਦ‌ੀ ਲੋੜ ਪਏਗੀ। ਜਿਹੜਾ ਮੁਲਕ ਖੁਰਾਕ ਉਤਪਾਦਨ ਵਿੱਚ ਮੁਹਾਰਤ ਹਾਸਿਲ ਕਰ ਲਵੇਗਾ ਉਹ ਹੀ ਦੁਨੀਆਂ ‘ਤੇ ਰਾਜ ਕਰੇਗਾ। ਜਿਸ ਹਿਸਾਬ ਨਾਲ ਆਬਾਦੀ ਵਧ ਰਹੀ ਹੈ ਉਸ ਤੋਂ ਇਹ ਡਰ ਪੈਦਾ ਹੋ ਰਿਹਾ ਹੈ ਕਿ 2050 ਵਿੱਚ ਦੁਨੀਆ ਦੀ ਵੱਡੀ ਗਿਣਤੀ ਵਿੱਚ ਲੋਕ ਭੁੱਖ ਨਾਲ ਮਰਨਗੇ। ਸੰਨ 2050 ਤੱਕ ਦੁਨੀਆਂ ਦੀ ਅਬਾਦੀ 10 ਅਰਬ ਦੇ ਨੇੜੇ ਲੱਗ ਜਾਏਗੀ। ਮੌਜੂਦਾ ਸਮੇਂ ਵਿੱਚ ਵਿਸ਼ਵ ਵਿੱਚ 10 ਹਜ਼ਾਰ ਬੱਚਿਆਂ ਸਮੇਤ 25 ਹਜ਼ਾਰ ਲੋਕ ਰੋਜ਼ ਭੁੱਖ ਜਾਂ ਭੁੱਖ ਕਾਰਨ ਹੋਈਆਂ ਬਿਮਾਰੀਆਂ ਕਾਰਨ ਮਰ ਰਹੇ ਹਨ। ਭਾਰਤ ਵਿੱਚ ਹਰ ਸਾਲ ਤਿੰਨ ਲੱਖ ਲੋਕ ਭੁੱਖ ਕਾਰਨ ਦਮ ਤੋੜ ਜਾਂਦੇ ਹਨ। 45 ਸੌ ਬੱਚੇ ਮਾੜੀ ਅਤੇ ਅਧੂਰੀ ਖੁਰਾਕ ਕਰਕੇ ਭਾਰਤ ਵਿੱਚ ਰੋਜ਼ ਮਰ ਜਾਂਦੇ ਹਨ।

ਅਸੀਂ ਹਰ ਰੋਜ਼ ਘਰਾਂ, ਹੋਟਲਾਂ, ਢਾਬਿਆਂ, ਧਾਰਮਕਿ ਸਥਾਨਾਂ, ਵਿਆਹਾਂ, ਮਰਗਾਂ ਆਦਿ ਤੇ ਬਹੁਤ ਖਾਣਾ ਖਰਾਬ ਕਰਦੇ ਹਾਂ। ਇਸ ਤੋਂ ਇਲਾਵਾ ਖੇਤਾਂ, ਆਵਾਜਾਈ, ਮੰਡੀਆਂ, ਸਟੋਰਾਂ, ਦੁਕਾਨਾਂ ਆਦਿ ਵਿੱਚ ਵੱਡੀ ਮਾਤਰਾ ‘ਚ ਆਨਾਜ ਖਰਾਬ ਹੁੰਦਾ ਹੈ। ਸਾਨੂੰ ਹਰ ਪੱਧਰ ‘ਤੇ ਖੁਰਾਕ ਨੂੰ ਜ਼ਾਇਆ ਹੋਣ ਤੋਂ ਰੋਕਣ ਦ‌ੀ ਲੋੜ ਹੈ। ਹੁਣ ਤਾਂ ਭਾਰਤ ਸਰਕਾਰ ਨੇ ਵੀ ਸੰਯੁਕਤ ਰਾਸ਼ਟਰ ਦੇ ਖੁਰਾਕ ਪ੍ਰੋਗਰਾਮ ਦੇ ਤਹਿਤ ਹਰ ਰਾਜ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਸਕੂਲੀ ਬੱਚਿਆਂ ਦੇ ਸਿਲੇਬਸ ਵਿੱਚ ਖਾਣਾ ਬਚਾਉਣ ਅਤੇ ਨਸ਼ਟ ਹੋਣ ਤੋਂ ਰੋਕਣ ਬਾਰੇ ਦੱਸਣ ਲਈ ਇਕ-ਇਕ ਚੈਪਟਰ ਸ਼ਾਮਿਲ ਕੀਤਾ ਜਾਵੇ ।

ਖਾਣਾ ਬਚਾਉਣ ਦੀ ਸ਼ੁਰੂਆਤ ਸਾਨੂੰ ਅੱਜ ਤੋਂ ਆਪਣੇ-ਆਪਣੇ ਘਰ ਤੋਂ ਹੀ ਕਰ ਦੇਣੀ ਚਾਹੀਦ‌ੀ ਹੈ : ਖਾਣੇ ਦੀ ਇਜ਼ਤ ਕਰੋ, ਲੋੜ ਮੁਤਾਬਿਕ ਖਾਣਾ ਪਕਾਓ, ਪਲੇਟ ਵਿੱਚ ਲੋੜ ਜਿੰਨਾ ਹੀ ਖਾਣਾ ਪਾਓ, ਵਧ ਗਿਆ ਖਾਣਾ ਜ਼ਰੂਰਤ ਮੰਦਾ ਨੂੰ ਖਵਾਓ ਇਸ ਲਈ ਸਾਂਝੇ ਯਤਨ ਕੀਤੇ ਜਾਣ, ਖੁਰਾਕ ਨੂੰ ਲੋੜ ਅਨੁਸਾਰ ਅਤੇ ਠੀਕ ਢੰਗ ਨਾਲ ਸਟੋਰ ਕਰੋ, ਸਥਾਨਕ ਖੁਰਾਕ ਦੀ ਵੱਧ ਵਰਤੋਂ ਕਰੋ, ਹੋਟਲ ਵਿੱਚ ਖਾਣ ਸਮੇਂ ਜੇ ਤੁਹਾਡਾ ਖਾਣਾ ਵਧ ਜਾਵੇ ਤਾਂ ਪੈਕ ਕਰਵਾ ਕੇ ਘਰ ਲੈ ਜਾਓ, ਐਕਸਪਾਇਰੀ ਡੇਟ ਤੋਂ ਪਹਿਲਾਂ ਪੈਕਡ ਖਾਣਾ ਵਰਤੋਂ, ਵਿਗੜੈ ਆਕਾਰ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਨਾ ਸੁੱਟੋ ਬਲਕਿ ਜੂਸ, ਚਾਟ, ਸਲਾਦ ਆਦਿ ਲਈ ਵਰਤੋਂ ਅਤੇ ਜੇਕਰ ਖਾਣਾ ਖਰਾਬ ਹੋ ਜਾਵੇ ਤਾਂ ਉਸ ਦੀ ਖਾਦ ਬਣਾਉਣ ਲਈ ਵਰਤੋਂ ਕਰੋ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button