SOCIETY SEGMENTS

ਸਾਇਬਰ ਕਰਾਈਮ ਬਨਾਮ ਔਨਲਾਈਨ ਜੁਰਮ

ਅਮਰਜੀਤ ਸਿੰਘ ਵੜੈਚ

ਅੱਜ ਅਸੀਂ ਇੰਟਰਨੈੱਟ ‘ਤੇ ਇਸ ਕਦਰ ਨਿਰਭਰ ਹੋਣ ਲੱਗ ਪਏ ਹਾਂ ਕਿ ਹਰ ਕੰਮ ਇੰਟਰਨੈੱਟ ‘ਤੇ ਹੀ ਕਰਨਾ ਚਾਹੁੰਦੇ ਹਾਂ, ਔਨ-ਲਾਈਨ ਕਲਾਸਾਂ, ਔਨ-ਲਾਈਨ ਖਰੀਦਾਰੀ, ਔਨ-ਲਾਈਨ ਡਾਕਟਰੀ ਸਲਾਹ, ਔਨ-ਲਾਈਨ ਨੌਕਰੀ, ਔਨ-ਲਾਈਨ ਸੈਮੀਨਾਰ, ਔਨ-ਲਾਈਨ ਗੱਲਬਾਤ, ਔਨ-ਲਾਈਨ ਸੁਨੇਹੇ ਭਾਵ ਕਿ ਅਸੀਂ ਘਰ ਬੈਠਕੇ ਹੀ ਸਭ ਕੰਮ ਕਰਨਾ ਚਾਹੁੰਦੇ ਹਾਂ।ਵਿਗਿਆਨਿਕ ਖੋਜਾਂ ਹੁੰਦੀਆਂ ਤਾਂ ਮਨੁੱਖ ਦੀ ਸਹੂਲਤ ਅਤੇ ਵਿਕਾਸ ਲਈ ਹਨ ਪਰ ਸਮਾਜ ਵਿੱਚ ਕੁਝ ਸ਼ਰਾਰਤੀ ਲੋਕ ਇਨ੍ਹਾਂ ਦਾ ਗ਼ਲਤ ਇਸਤੇਮਾਲ ਵੀ ਕਰਨ ਲੱਗ ਪੈਂਦੇ ਹਨ। ਇਹੀ ਹਾਲ ਔਨ-ਲਾਈਨ ਤਕਨੀਕ ਦਾ ਹੈ। ਇਸ ਜੁਰਮ ਦਾ ਵੱਡਾ ਨੁਕਸਾਨ ਇਹ ਹੈ ਕਿ ਇਹ ਜੁਰਮ ਕਰਨ ਵਾਲੇ ਦਾ ਪਤਾ ਲਗਾਉਣਾ ‘ਖਾਲਾ ਜੀ ਦਾ ਵਾੜਾ’ ਨਹੀਂ। ਇਹ ਜੁਰਮ ਕਿਸੇ ਵੀ ਮੁਲਕ ਵਿੱਚ ਬੈਠਕੇ ਕਿਸੇ ਵੀ ਦੂਜੇ ਮੁਲਕ ਵਿੱਚ ਅੰਜ਼ਾਮ ਦਿੱਤਾ ਜਾ ਸਕਦਾ ਹੈ।

ਔਨ-ਲਾਈਨ ਜੁਰਮ ਜਿਵੇਂ ਅਸ਼ਲੀਲ ਲਿਖਤੀ ਸੁਨੇਹੇ, ਤਸਵੀਰਾਂ,ਆਡੀਓ, ਕਾਰਟੂਨ ਆਦਿ ਕਿਸੇ ਦੀ ਈਮੇਲ,ਵਟਸਐਪ,ਫੇਸਬੁੱਕ ਆਦਿ ‘ਤੇ ਭੇਜਣੇ, ਕੰਪਿਊਟਰ ਵਿੱਚੋਂ ਔਨ-ਲਾਈਨ ਜਾਣਕਾਰੀ ਚੋਰੀ ਕਰਨੀ, ਟੈਲੀਫੋਨ ਕਰਕੇ ਔਨ-ਲਾਈਨ ਬੈਂਕ ਖਾਤਿਆਂ ਤੱਕ ਦੇ ਪਾਸਵਰਡ ਚੁਰਾਉਣੇ, ਔਨ-ਲਾਈਨ ਧਮਕੀਆਂ ਦੇਣੀਆਂ, ਪੈਸੈ ਲੈਣ ਲਈ ਕਹਿਣਾ, ਜਾਣਕਾਰੀ ਦੱਸਣ ਲਈ ਧਮਕੀ ਦੇਣਾ, ਸਰਕਾਰੀ ਜਾਣਕਾਰੀ ਹਾਸਿਲ ਕਰਨ ਲਈ ਸਰਕਾਰੀ ਨੈੱਟਵਰਕ ਨੂੰ ਔਨ-ਲਾਈਨ ਹੈਕ (ਸੰਨ੍ਹ ਲਾਉਣੀ) ਕਰਨਾ, ਔਨ-ਲਾਈਨ ਏਟੀਐੱਮ ਕਾਰਡ ਚੋਰੀ ਕਰਨੇ, ਬੱਚਿਆਂ ਨੂੰ ਕਾਮ ਸੁਨੇਹੇ/ਵੀਡੀਓ/ਕਾਰਟੂਨ ਆਦਿ ਰਾਹੀਂ ਉਕਸਾਉਣਾ, ਈਮੇਲ/ਐੱਸਐੱਮਐੱਸ ਰਾਹੀਂ ਕੋਈ ਨੈੱਟ ਵਰਕ ਦਾ ਲਿੰਕ ਖੋਲਣ ਲਈ ਕਹਿਣਾ, ਮੁਬਾਇਲ ਫੋਨ ‘ਤੇ ਐੱਸਐੱਮਐੱਸ ਜਾਂ ਕਾਲ ਕਰਕੇ ਪਾਸਵਰਡ ਪੁਛਣਾ, ਕਾਲ ਕਰਕੇ ਏਟੀਐੱਮ/ਬੀਮਾ ਪਾਲਿਸੀ,ਬੈਂਕ ਅਕਾਊਂਟ ਬਾਰੇ ਸੁਨੇਹੇ ਦੇਣੇ, ਕਿਸੇ ਰਿਸ਼ਤੇਦਾਰ ਬਾਰੇ ਮਾੜੀ ਖ਼ਬਰ ਦੇਣੀ, ਤਸਵੀਰਾਂ ਨੂੰ ਐਡਿਟ ਕਰਕੇ ਕਿਸੇ ਨੂੰ ਬਦਨਾਮ ਕਰਨਾ, ਅੱਤਵਾਦ ਅਤੇ ਨਫ਼ਰਤ ਫੈਲਾਉਣਾ, ਕਿਸੇ ਦੇ ਇੰਟਰਨੈੱਟ ਨੂੰ ਹੈਕ ਕਰਕੇ ਉਸ ਦਾ ਵਕਤ ਚੋਰੀ ਕਰਨਾ,ਉਸ ਦੇ ਕੰਪਿਊਟਰ ਵਿੱਚ ਕੋਈ ਜਾਣਕਾਰੀ ਪਾ ਦੇਣੀ, ਕਿਸੇ ਦਾ ਟੈਲੀਫ਼ੋਨ ਸੁਣਨਾ ਆਦਿ ਕਈ ਕਿਸਮ ਦੇ ਢੰਗ ਵਰਤ ਕੇ ਇਹ ‘ਔਨ ਲਾਈਨ ਠੱਗ’ ਭੋਲੇ ਭਾਲੇ ਹੀ ਨਹੀਂ ਬਲਕਿ ਪੜ੍ਹੇ ਲਿਖੇ ਲੋਕਾਂ ਨੂੰ ਵੀ ਮੂਰਖ ਬਣਾ ਜਾਂਦੇ ਹਨ।

ਪਟਿਆਲਾ ਲੋਕ ਸਭਾ ਦੇ ਮੈਂਬਰ ਪ੍ਰਨੀਤ ਕੌਰ ਦੇ ਅਕਾਊਂਟ ਵਿੱਚੋਂ ਧੋਖੇਬਾਜ਼ਾਂ ਨੇ ਫੋਨ ‘ਤੇ ਹੀ ਪਾਸਵਰਡ ਲੈਕੇ ਵੱਡੀ ਰਕਮ ਦੂਸਰੇ ਖਾਤੇ ਵਿੱਚ ਪਾ ਲਈ ਸੀ। ਪੰਜਾਬ ਦੀ ਸਿਆਸਤ ਵਿੱਚ ਚਰਚਿਤ ਟੌਹੜਾ ਪਰਿਵਾਰ ਦੀ ਧੀ ਤੋਂ ਧੋਖੇਬਾਜ਼ਾ ਨੇ ਔਨ ਲਾਈਨ ਪੈਸੇ ਲੁੱਟ ਲਏ। ਰਾਜਪੁਰੇ ਦੇ ਕੁਲਦੀਪ ਸਿੰਘ ਉਗਾਣੀ, ਸਾਬਕਾ ਪ੍ਰਿੰਸੀਪਲ ਤੋਂ ਧੋਖੇਬਾਜ਼ਾਂ ਨੇ ਬੈਂਕ-ਅਕਾਉਂਟ ਬੰਦ ਹੋਣ ਦੀ ਜਾਣਕਾਰੀ ਦੇ ਕੇ ਪੈਸੇ ਕਢਵਾ ਲਏ। ਭਾਰਤ ਵਿੱਚ 2014 ਦੇ ਮੁਕਾਬਲੇ 2018 ਦੇ ਅੰਕੜਿਆਂ ਅਨੁਸਾਰ ਤਿੰਨ ਗੁਣਾ ਔਨ-ਲਾਈਨ ਧੋਖਾਧੜੀ ਦੇ ਕੇਸ ਵਧ ਗਏ ਹਨ। ਜੋ ਕੇਸ 2014 ਵਿੱਚ 9622 ਸਨ ਓਹ 2018 ਵਿੱਚ 27248 ਤੱਕ ਪਹੁੰਚ ਗਏ ਸਨ। ਅੱਜ ਲੋੜ ਇਸ ਗੱਲ ਦੀ ਹੈ ਕਿ ਸਰਕਾਰ, ਵਿੱਦਿਅਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਨਿੱਜੀ ਪੱਧਰ ‘ਤੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਖਾਸ ਕਰ ਅਨਪੜ੍ਹ ਅਤੇ ਪਿੰਡਾਂ ਆਦਿ ਵਿੱਚ ਵਿਸ਼ੇਸ ਕੈਂਪ ਲਾ ਕੇ ਸਾਈਬਰ ਜੁਰਮ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ ਤਾਂ ਕਿ ਆਮ ਲੋਕਾਂ ਅਤੇ ਵਿਸ਼ੇਸ਼ ਕਰ ਬੱਚਿਆਂ ਨੂੰ ਸੰਭਾਵਿਤ ਖਤਰਿਆਂ ਤੋਂ ਬਚਾਇਆ ਜਾ ਸਕੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button