SOCIETY SEGMENTS

ਹਰ 20 ਮਿੰਟ ਮਗਰੋਂ ਇਕ ਬਲਾਤਕਾਰ

ਅਮਰਜੀਤ ਸਿੰਘ ਵੜੈਚ (9417801988)

ਤੇਤੀ ਕਰੋੜ ਦੇਵੀ -ਦੇਵਤਿਆਂ, ਗੁਰੂਆਂ, ਪੀਰਾਂ, ਫ਼ਕੀਰਾਂ, ਸਾਧਾਂ-ਸੰਤਾਂ ਅਤੇ ਇਨ੍ਹਾਂ ਦੇ ਅਰਬਾਂ ਸੇਵਕਾਂ ਦੇ ਦੇਸ਼ ਵਿੱਚ ਵੀ ਜੇਕਰ ਨਾਰੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਉਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਮਹਿਫ਼ੂਜ਼ ਨਹੀਂ :  ਭਾਰਤ ਵਿੱਚ ਹਰ 20 ਮਿੰਟ ਮਗਰੋਂ ਇਕ ਭਾਰਤੀ ਨਾਰੀ ਦੀ ਆਬਰੂ ਤਾਰ-ਤਾਰ ਕਰ ਦਿੱਤੀ ਜਾਂਦੀ ਹੈ। ਅਮਰੀਕਾ ਦੇ ਵਪਾਰਿਕ ਰਸਾਲੇ ਫ਼ੌਰਬਜ਼ Forbes ਦੇ ਜੁਲਾਈ 2019 ਦੇ ਅੰਕ ਵਿੱਚ Women’s Danger Index , ਦੇ ਅੰਕੜਿਆਂ ਤੇ ਝਾਤ ਮਾਰਿਆ ਪਤਾ ਲੱਗਾ ਕਿ ਦੱਖਣੀ ਅਫਰੀਕਾ, ਬਰਾਜ਼ੀਲ, ਰੂਸ, ਮੈਕਸੀਕੋ, ਈਰਾਨ, ਡੌਮੀਨਿਕਾ ਲੋਕਰਾਜ, ਮਿਸਰ ਮੌਰੱਕੋ, ਭਾਰਤ ਅਤੇ ਥਾਈਲੈਂਡ ਦੇਸ਼ ਇਕੱਲੀਆਂ ਔਰਤਾਂ ਲਈ ਸੈਰ-ਸਪਾਟੇ ਲਈ ਬਹੁਤ ਹੀ ਖਤਰਨਾਕ ਦੇਸ਼ ਹਨ।

ਭਾਰਤ ਸਰਕਾਰ ਦੇ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ 2020 ਦੇ ਅੰਕੜੇ ਸੁੰਨ ਕਰਨ ਵਾਲੇ ਹਨ। ਜੇ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਹਰ ਤਿੰਨ ਘੰਟਿਆਂ ਮਗਰੋਂ ਤਿੰਨ ਅਤੇ ਹਰ ਰੋਜ਼ 77 ਬਲਾਤਕਾਰ ਹੁੰਦੇ ਹਨ। ਇਨ੍ਹਾਂ ਦੀ ਮਹੀਨੇ ਦੀ ਗਿਣਤੀ 2337 ਅਤੇ ਇਸ ਅਨੁਸਾਰ 2020 ਵਿੱਚ 28046 ਔਰਤਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਪੁਲਿਸ ਕੇਸ ਰਜਿਸਟਰਡ ਹੋਏ ਹਨ। ਜੇਕਰ ਇਨ੍ਹਾਂ ਅੰਕੜਿਆਂ ਦੀ ਜ਼ਮੀਨੀ ਹਕੀਕਤ ਵੇਖੀ ਜਾਵੇ ਤਾਂ ਇਹ ਅੰਕੜਾ ਘੱਟੋ-ਘੱਟ 50 ਹਜ਼ਾਰ ਤਾਂ ਟੱਪ ਹੀ ਜਾਵੇਗਾ ਕਿਉਂਕਿ ਬਹੁਤ ਸਾਰੇ ਕੇਸ ਕਈ ਕਾਰਨਾਂ ਕਰਕੇ ਪੁਲਿਸ ਦੇ ਕੋਲ ਤਾਂ ਪਹੁੰਚਦੇ ਹੀ ਨਹੀਂ।

ਸਾਲ 2020 ਦੇ ਅੰਕੜਿਆਂ ਅਨੁਸਾਰ ਬਲਾਤਕਾਰ ਦੇ ਮਾਮਲਿਆਂ ਵਿੱਚ ਪਹਿਲੇ ਨੰਬਰ ‘ਤੇ ਰਾਜਸਥਾਨ (5310), ਦੋ ਨੰਬਰ ‘ਤੇ ਯੂਪੀ (2769), ਐੱਮ ਪੀ (2339)ਤੀਜੇ ਨੰਬਰ ‘ਤੇ, 2061 ਨੰਬਰਾਂ ਨਾਲ ਮਹਾਂਰਾਸ਼ਟਰ ਚੌਥੇ ਨੰਬਰ ‘ਤੇ ਆਂਉਂਦਾ ਹੈ। ਯੂਟੀ ਵਿੱਚੋਂ ਦਿੱਲੀ ਵਿੱਚ ਸਭ ਤੋਂ ਵੱਧ (997) ਅਤੇ ਦੂਜੇ ਨੰਬਰ ‘ਤੇ ਜੇ ਐਂਡ ਕੇ (243) ਆਉਂਦਾ ਹੈ।

ਬਿਊਰੋ ਦੇ ਵਿਸ਼ਲੇਸ਼ਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਬਲਾਤਕਾਰ ਦੇ ਕੇਸਾਂ ਵਿੱਚੋਂ 96 ਫ਼ੀਸਦੀ ਬਲਾਤਕਾਰ ਤਾਂ ਜਾਣ ਪਹਿਚਾਣ ਵਾਲੇ ਹੀ ਕਰਦੇ ਹਨ : ਇਨ੍ਹਾਂ ਦਰਿੰਦਿਆਂ ਵਿੱਚ ਘਰ ਦਾ ਕੋਈ ਮੈਂਬਰ, ਰਿਸ਼ਤੇਦਾਰ, ਗੁਆਂਢੀ, ਦੋਸਤ, ਔਨਲਾਈਨ ਦੋਸਤ, ਸਹੇਲੀ ਦੇ ਰਿਸ਼ਤੇਦਾਰ ,ਦਫ਼ਤਰ ਵਿੱਚ ਕੰਮ ਕਰਨ ਵਾਲਾ ਕੋਈ ਸਾਥੀ, ਬੌਸ ਆਦਿ ਹੁੰਦੇ ਹਨ।

ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਔਰਤਾਂ ਵਿਰੁਧ ਹੋਣ ਵਾਲ਼ੇ ਜ਼ੁਲਮਾਂ ਦੀ ਲਿਸਟ ਬਹੁਤ ਵੱਡੀ ਹੈ, ਇਨ੍ਹਾਂ ਜੁਰਮਾਂ ‘ਚ ਬਲਾਤਕਾਰ, ਘਰੇਲੂ ਹਿੰਸਾ, ਇਜ਼ਤ ‘ਤੇ ਹਮਲਾ, ਅਗਵਾ, ਪਤੀ/ਦੋਸਤ/ਪ੍ਰੇਮੀ ਵੱਲੋਂ ਮਾਰ ਪਿਟ, ਸਮੱਗਲਿੰਗ, ਵੇਸਵਾਵਰਿਤੀ, ਅਣਖ ਲਈ ਕਤਲ, ਭਰੂਣ ਹੱਤਿਆ, ਦਹੇਜ ਕਾਰਨ ਕੁੱਟ-ਮਾਰ, ਦਹੇਜ ਕਾਰਨ ਕਤਲ, ਦਫ਼ਤਰ/ਬੱਸ/ਟਰੇਨ/ਬੱਸ ਅੱਡਾ/ਰੇਲਵੇ ਸਟੇਸ਼ਨ/ਸ਼ੌਪਿੰਗਮਾਲ/ਸਿਨੇਮਾਹਾਲ/ਸਕੂਲ/ਟਰੇਨਿੰਗ ਸੈਂਟਰ/ਕਾਲਿਜ/ਯੂਨੀਵਰਸਿਟੀ/ਖੇਤਾਂ/ਸਟੋਰ ਆਦਿ ਵਿਚ ਛੇੜਛਾੜ, ਧੱਕੇ ਨਾਲ਼ ਵਿਆਹ,ਛੋਟੀ ਉਮਰੇ ਵਿਆਹ, ਵੱਡੀ ਉਮਰ ਦੇ ਬੰਦੇ ਨਾਲ ਵਿਆਹ, ਸੋਸ਼ਲ ਮੀਡੀਆ ਤੇ ਬਦਨਾਮ ਕਰਨ ਆਦਿ ਵਰਗੇ ਜ਼ੁਲਮ ਅੱਜ ਦੀ ਭਾਰਤੀ ਨਾਰੀ ਨੂੰ ਸਹਿਣੇ ਪੈ ਰਹੇ ਹਨ।

ਔਰਤਾਂ ਦੀ ਸਮਾਜਿਕ ਸੁਰੱਖਿਆ ਦਾ ਸਾਡੇ ਮੁਲਕ ਵਿੱਚ ਬਹੁਤ ਹੀ ਮਾੜਾ ਹਾਲ ਹੈ। The Georgetown University’s Institute for Women, Peace and Security (GIWPS) ਦੇ 2019 ਦੇ ਵਿਸ਼ਲੇਸ਼ਣ ਦੀ ਲਿਸਟ ਔਰਤਾਂ ਦੀ ਸੁਰੱਖਿਆ ਦੇ ਇੰਡੈਕਸ ਦੇ 167 ਦੇਸ਼ਾਂ ਵਿੱਚੋਂ ਭਾਰਤ ਦਾ ਨੰਬਰ 133 ਹੈ। ਵਰਲਡ ਪਾਪੂਲੇਸ਼ਨ ਰਿਵਿਊ 2022 ਦੀ ਰਿਪੋਰਟ ਅਨੁਸਾਰ ਏਸ਼ੀਆ ਦੇ ਭਾਰਤ ਸਮੇਤ ਕਈ ਮੁਲਕ ਹਨ ਜਿਨ੍ਹਾਂ ਵਿੱਚ ਇਕੱਲੀ ਵਿਦੇਸ਼ੀ ਔਰਤ ਦਾ ਸੈਰ-ਸਪਾਟੇ ਤੇ ਜਾਣਾ ਅਤਿ ਖ਼ਤਰਨਾਕ ਹੈ। ਸਪੇਨ, ਸਿੰਘਾਪੁਰ, ਆਇਰਲੈਂਡ, ਆਸਟਰੀਆ ਅਤੇ ਸਵਿਟਜ਼ਰਲੈਂਡ ਔਰਤਾਂ ਲਈ ਸੁਰੱਖਿਅਤ ਦੇਸ਼ ਮੰਨੇ ਗਏ ਹਨ।

ਸਮਾਜਿਕ, ਸਰਕਾਰੀ, ਧਾਰਮਿਕ, ਵਿੱਦਿਅਕ, ਰਾਜਨੀਤਿਕ ਆਦਿ ਸੰਸਥਾਵਾਂ ਵੱਲੋਂ ਪਹਿਲ ਦੇ ਆਧਾਰ ਤੇ ਇਸ ਖਤਰਨਾਕ ਸਥਿਤੀ ‘ਚ ਸੁਧਾਰ ਲਿਆਉਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ  ਕਿ ਔਰਤ ਦੀ ਇਜ਼ਤ ਕਿਵੇਂ ਕਰਨੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button