
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਨੇ ਬਾਦਲ ਦਲ ਨਾਲ ਸਿਆਸੀ ਗੱਠਜੋੜ ਕਰਕੇ ਉਸਦੇ ਸਿੱਖ ਕੌਮ ਖ਼ਿਲਾਫ਼ ਕੀਤੇ ਗੁਨਾਹਾਂ ’ਚ ਭਾਈਵਾਲੀ ਕਰ ਲਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਯਾਦ ਕਰਵਾਉਦਿਆਂ ਦੱਸਿਆ ਕਿ ਬਾਦਲ ਦਲੀਆਂ ਨੇ ਆਪਣੀ ਸਰਕਾਰ ਵੇਲੇ ਪੰਜਾਬ ’ਚ ਜਿਵੇਂ ਸੌਦਾ ਸਾਧ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ, ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੇਖ ਧਾਰਨ ਵਾਲੇ ਕੇਸ ਚੋਂ ਬਚਾਇਆ ਅਤੇ ਫਿਰ ਜਿਵੇਂ ਉਸ ਨੂੰ ਮੁਆਫ਼ੀ ਦਿੱਤੀ, ਉਸ ਮੁਆਫ਼ੀ ਦੇ ਪ੍ਰਚਾਰ ਲਈ ਗੁਰੂ ਕੀ ਗੋਲਕ ਦਾ ਸਰਮਾਇਆ ਲੁਟਾਇਆ ਗਿਆ, ਇਨ੍ਹਾਂ ਸਾਰੇ ਗੁਨਾਹਾਂ ਦਾ ਇਕਬਾਲਨਾਮਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਇਕੱਠ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਕੀਤਾ ਗਿਆ ਸੀ। ਏਨਾ ਹੀ ਨਹੀਂ ਡੇਰਾ ਮੁਖੀ ਦੇ ਪੈਰੋਕਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਕੇਸਾਂ ਵਿਚ ਗ੍ਰਿਫਤਾਰੀਆਂ ਨਾ ਕਰਨ ਵਾਲਾ ਗੁਨਾਹ ਵੀ ਸੁਖਬੀਰ ਨੇ ਕਬੂਲ ਕੀਤਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਬੀੜ ਲੱਭਣ ’ਚ ਆਪਣੀ ਨਾਕਾਮੀ ਉਸ ਨੇ ਖ਼ੁਦ ਮੰਨੀ ਸੀ। ਇਹੀ ਉਹ ਦੋਸ਼ ਸਨ ਜਿਨ੍ਹਾਂ ਬਦਲੇ ਉਸ ਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਜਾ ਸੁਣਾਈ ਸੀ, ਪਰ ਬਾਅਦ ’ਚ ਉਹ ਆਪਣੇ ਕਬੂਲਨਾਮੇ ਤੋਂ ਮੁਕਰ ਗਿਆ, ਜਿਸ ਨਾਲ ਉਸਦੇ ਸਾਰੇ ਗੁਨਾਹ ਜਿਓਂ ਦੇ ਤਿਓਂ ਖੜੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਮੰਨ ਕੇ ਮੁਕਰ ਜਾਣ ਨਾਲ ਉਹ ਹੋਰ ਵੀ ਵੱਡਾ ਗੁਨਾਹਗਾਰ ਅਤੇ ਗੁਰੂ ਦੀ ਹਜ਼ੂਰੀ ਵਿਚ ਝੂਠ ਬੋਲਣ ਵਾਲਾ ਸਾਬਤ ਹੋ ਚੁੱਕਾ ਹੈ। ਅਜਿਹੇ ਝੂਠੇ ਅਤੇ ਪਾਖੰਡੀ ਆਗੂ ਨਾਲ ਸਾਂਝ ਪਾ ਕੇ ਭਾਜਪਾ ਨੇ ਉਹ ਸਾਰੇ ਗੁਨਾਹਾਂ ’ਚ ਭਾਈਵਾਲੀ ਕਰ ਲਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੀ ਭਾਜਪਾ ਪੰਜਾਬ ਨੂੰ ਬਚਾਉਣ ਦੇ ਦਾਅਵਿਆਂ ਨਾਲ ਸੂਬੇ ’ਚ ਸਿਆਸੀ ਸਰਗਰਮੀਆਂ ਚਲਾ ਰਹੀ ਸੀ, ਉਸ ਨੇ ਪੰਜਾਬ ਅਤੇ ਸਿੱਖ ਵਿਰੋਧੀ ਧੜੇ ਨਾਲ ਗੱਠਜੋੜ ਕਰਕੇ ਆਪਣੇ ਪੰਜਾਬ ਬਚਾਉਣ ਦੇ ਦਾਅਵੇ ਦੀ ਖ਼ੁਦ ਹੀ ਫੂਕ ਕੱਢ ਦਿੱਤੀ ਹੈ। ਹੁਣ ਸੂਬੇ ਦੇ ਲੋਕ ਕਾਂਗਰਸ ਵਾਂਗ ਭਾਜਪਾ ਨੂੰ ਵੀ ਮੂੰਹ ਲਗਾਉਣ ਤੋਂ ਗੁਰੇਜ ਕਰਨਗੇ। ਇਸ ਨਾਪਾਕ ਸਿਆਸੀ ਗੱਠਜੋੜ ਨੇ ਪੰਜਾਬ ਵਿਰੋਧੀਆਂ ਦੇ ਚਿਹਰਿਆਂ ਤੋਂ ਨਕਾਬ ਉਤਾਰ ਦਿੱਤਾ ਹੈ। ਆਗਾਮੀ ਚੋਣਾਂ ਵਿਚ ਇਨ੍ਹਾਂ ਦੀ ਸ਼ਰਮਨਾਕ ਹਾਰ ਇਕ ਇਤਿਹਾਸ ਬਣੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




