SCIENCE SPECTRUM

ਨੈਨੋ ਰੋਬੋਟ ਬਨਾਮ ਗਿਠਮੁਠੀਏ

ਅਮਰਜੀਤ ਸਿੰਘ ਵੜੈਚ (94178-01988)

ਕੀ ਤੁਸੀਂ ਚਾਹੋਗੇ ਕਿ ਤੁਹਾਡਾ ਸਕੂਟਰ, ਮੋਟਰ ਸਾਇਕਲ, ਕਾਰ, ਟਰੱਕ, ਟਰੈਕਟਰ ਆਦਿ 15 ਗੁਣਾਂ ਤੇਲ ਦੀ ਬੱਚਤ ਕਰਨ ਲੱਗ ਪਵੇ ? ਤੁਹਾਨੂੰ ਕਿੰਨਾ ਚੰਗਾ ਲੱਗੇਗਾ ਜੇਕਰ ਤੁਹਾਨੂੰ ਤੁਹਾਡੇ ਮੁਬਾਇਲ ਫੋਨ ਜਾਂ ਲੈਪਟੌਪ ਵਾਸਤੇ ਇਕ ਅਜਿਹਾ ਸਾਫਟਵੇਅਰ ਮਿਲ ਜਾਵੇ ਜੋ ਅੱਖ ਝਪਕਣ ਤੋਂ ਵੀ ਸੌ ਗੁਣਾ ਘੱਟ ਸਮੇਂ ਵਿੱਚ ਤੁਹਾਡੇ ਫੋਨ/ਲੈਪਟੌਪ/ਪੀਸੀ ਵਿੱਚੋਂ ਲੋੜੀਦੀ ਫਾਇਲ ਤੁਹਾਡੀ ਸਕਰੀਨ ‘ਤੇ ਲੈ ਆਵੇ ਜਾਂ ਫਿਰ ਤੁਹਾਡੇ ਫੋਨ/ਲੈਪਟੌਪ/ਪੀਸੀ ਨੂੰ ਸਕਿੰਟਾਂ ਵਿੱਚ ਹੀ ਫਰੈੱਸ਼ ਜਾਂ ਰੀਬੂਟ ਕਰ ਦੇਵੇ।

ਬਿਲਕੁਲ! ਬਹੁਤ ਜਲਦੀ ਇਹ ਤਕਨੀਕ ਆਮ ਹੋ ਜਾਵੇਗੀ ਜਿਸ ਨਾਲ ਧਰਤੀ ਉਪਰ ਜ਼ਿੰਦਗੀ ਬਹੁਤ ਆਸਾਨ ਹੋ ਜਾਵੇਗੀ। ਇਸ ਤਕਨੀਕ ਨਾਲ ਖਾਣ-ਪੀਣ ਦੀਆਂ ਵਸਤਾਂ, ਦਵਾਈਆਂ, ਆਵਾਜਾਈ ਦੇ ਸਾਧਨ, ਖੇਤੀਬਾੜੀ ਵਿੱਚ ਦਵਾਈਆਂ ਅਤੇ ਖਾਦਾਂ ਦੀ ਵਰਤੋਂ, ਬੱਸਾਂ, ਕਾਰਾਂ, ਟਰੱਕ, ਸਾਇਕਲ, ਜਹਾਜ਼, ਟੈਂਕ ਆਦਿ ਵਿੱਚ ਇਨਕਲਾਬ ਆਉਣ ਵਾਲਾ ਹੈ। ਇਸ ਨਾਲ ਚੀਜ਼ਾਂ ਦਾ ਭਾਰ ਘਟਾਇਆ ਜਾਵੇਗਾ ਅਤੇ ਹੰਡਣਸਾਰਤਾ ਵਧਾਈ ਜਾਵੇਗੀ। ਇਹ ਤਕਨੀਕ ਇਕ ਜਹਾਜ਼ ਦਾ ਭਾਰ 15 ਗੁਣਾਂ ਘਟਾ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਜਹਾਜ਼ 20 ਗੁਣਾਂ ਤੇਲ ਦੀ ਬੱਚਤ ਕਰਨ ਲੱਗ ਜਾਵੇਗਾ।

ਇਹ ਟੈਕਨੌਲੋਜੀ ਹੈ ਨੈਨੋ : ਨੈਨੋ ਦਾ ਮਤਲਬ ਹੈ ਸੂਈ ਦੇ ਨੱਕੇ ਤੋਂ ਵੀ ਨਿੱਕਾ ਭਾਵ ਸਿਰ ਦੇ ਵਾਲ ਤੋਂ ਵੀ ਲੱਖ ਗੁਣਾ ਛੋਟਾ । ਤੁਹਾਨੂੰ ਹੈਰਾਨੀ ਹੋਈ ਹੋਵੇਗੀ ਕਿ ਇਸ ਨਾਲ ਹੋਵੇਗਾ ਕੀ ? ਇਸ ਢੰਗ ਨਾ ਭਾਵ ਨੈਨੋ ਨਾਲ ਚੀਜ਼ਾਂ ਦੇ ਭਾਰ ਘਟਾਏ ਜਾਣਗੇ, ਉਨ੍ਹਾਂ ਵਿੱਚ ਮਜ਼ਬੂਤੀ ਆਵੇਗੀ ਅਤੇ ਉਨ੍ਹਾਂ ਦੀ ਉਮਰ ਵਧੇਗੀ।

ਤੁਸੀਂ ਹੈਰਾਨ ਹੋਵੋਗੇ ਕਿ ਮੈਡੀਕਲ ਖੇਤਰ ਵਿੱਚ ਨੈਨੋ ਰੋਬੋਟ ਬਣਾਏ ਜਾ ਰਹੇ ਹਨ ਜਿਨ੍ਹਾਂ ਨੂੰ ਮਨੁੱਖ ਦੀਆਂ ਖੂਨ ਦੀਆਂ ਧਮਣੀਆਂ ਵਿੱਚ ਪਾਕੇ ਸਰੀਰ ਦੇ ਉਸ ਹਿੱਸੇ ਤੱਕ ਭੇਜਿਆ ਜਾ ਸਕੇਗਾ ਜਿਥੇ ਕੋਈ ਬਿਮਾਰੀ ਹੋਵੇਗੀ। ਭਾਵ ਇਹ ਨੈਨੋ ਰੋਬੋਟ ਡਰੋਨ ਵਾਂਗ ਕੰਟਰੋਲ ਕਰਕੇ ਬਿਮਾਰੀ ਦੇ ਕੀਟਾਣੂਆਂ ਉੱਪਰ ਸਿੱਧਾ ਹਮਲਾ ਕਰ ਸਕਣਗੇ। ਜਿਵੇਂ ਜੇਕਰ ਕਿਸੇ ਦੀਆਂ ਦਿਲ ਦੀਆਂ ਧਮਣੀਆਂ ਵਿੱਚ ਫੈਟ ਜੰਮਣ ਕਰਕੇ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਤਾਂ ਇਹ ਨੈਨੋ ਰੋਬੋਟ ਖੂਨ ਦੀਆਂ ਧਮਣੀਆਂ ਰਾਹੀਂ ਉਸ ਫੈਟ ਵਾਲੀ ਥਾਂ ਤੱਕ ਜਾ ਕੇ ਉਸ ਫੈਟ ਨੂੰ ਦਵਾਈ ਲਾ ਕੇ ਖ਼ਤਮ ਕਰ ਦੇਣਗੇ ਅਤੇ ਫਿਰ ਆਪਣਾ ਕੰਮ ਕਰਨ ਮਗਰੋਂ ਆਪ ਵੀ ਖੂਨ ਵਿੱਚ ਘੁੱਲ ਜਾਣਗੇ ਅਤੇ ਕੋਈ ਨੁਕਸਾਨ ਵੀ ਨਹੀਂ ਕਰਨਗੇ।

ਜਪਾਨ ਦੀ ਟੋਕੀਓ ਸਾਇੰਸ ਯੂਨੀਵਰਸਿਟੀ ਦੇ ਨੌਰੀਓ ਤਾਨੀਗੁਚੀ ਨੇ ਪਹਿਲੀ ਵਾਰ 1974 ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਉਂਝ ਇਸ ‘ਤੇ ਖੋਜ ਅਮਰੀਕਾ ‘ਤੇ ਹੋਰ ਕਈ ਮੁਲਕਾਂ ‘ਚ ਹੁੰਦੀ ਰਹੀ ਸੀ। ਇਸ ਤਕਨੀਕ ਨਾਲ ਕੰਪਿਊਟਰ ‘ਚ ਡਾਟਾ ਸਟੋਰ ਕਰਨ ਦੀ ਸਮਰੱਥਾ ਕਈ ਗੁਣਾ ਵੱਧ ਜਾਵੇਗੀ, ਸੋਲਰਪੈਨਲਾਂ ‘ਤੇ ਰੰਗ ਕਰਕੇ ਉਨ੍ਹਾਂ ਦੀ ਉਮਰ ਵਧਾਈ ਜਾਏਗੀ, ਕ੍ਰਿਕੇਟ, ਬੇਸਬਾਲ, ਹਾਕੀ ਆਦਿ ਦਾ ਭਾਰ ਬਹੁਤ ਘੱਟ ਜਾਵੇਗਾ, ਬੂਟਾਂ, ਚੱਪਲਾਂ, ਫੌਜੀ ਬੂਟਾਂ, ਬੰਦੂਕਾਂ, ਪਾਣੀ ਦੀਆਂ ਬੋਤਲਾਂ, ਟਿਫਨ ਆਦਿ ਦਾ ਭਾਰ ਐਨਾ ਘੱਟ ਜਾਵੇਗਾ ਕਿ ਉਸ ਨੂੰ ਵਰਤਣ ਵਾਲੇ ਵਿਅਕਤੀ ਨੂੰ ਆਪਣਾ ਕੰਮ ਕਰਨਾ ਬਹੁਤ ਆਸਾਨ ਹੋ ਜਾਵੇਗਾ।

ਨੈਨੋ ਬਹੁਤ ਹੀ ਸੂਖਮ ਕਣਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਨੰਗੀ ਅੱਖ ਨਾਲ ਵੇਖਣਾ ਅਸੰਭਵ ਹੁੰਦਾ ਹੈ : ਇਸ ਦਾ ਆਕਾਰ ਐਨਾ ਛੋਟਾ ਹੁੰਦਾ ਹੈ ਜਿਵੇਂ ਇਸ ਧਰਤੀ ਦੇ ਸਾਹਮਣੇ ਟੈਨਿਸ ਬਾਲ ਦਾ ਅਕਾਰ ਹੋਵੇ। ਅਕਸਰ ਅਸੀਂ ਛੋਟੇ ਹੁੰਦੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਧਰਤੀ ਦੇ ਹੇਠ ਗਿਠਮੁਠੀਏ ਰਹਿੰਦੇ ਹਨ ਜਿਨ੍ਹਾਂ ਨੂੰ ਵੇਖਿਆ ਨਹੀਂ ਜਾ ਸਕਦਾ ਪਰ ਉਹ ਆਪਣਾ ਕੰਮ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਇਹ ਨੈਨੋ ਟੈਕਨੌਲੋਜੀ ਦੇ ਕਣ ਹਨ ਜੋ ਆਪਣਾ ਕੰਮ ਕਰਨਗੇ ਪਰ ਅਸੀਂ ਵੇਖ ਨਹੀਂ ਸਕਾਂਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button