SCIENCE SPECTRUM

ਭਵਿੱਖ ਵਿੱਚ ਮੌਤ ਦਰ ਵਧੇਗੀ !

ਅਮਰਜੀਤ ਸਿੰਘ ਵੜੈਚ

ਵਾਤਾਵਰਣ ‘ਤੇ ਹੋ ਰਹੀ ਖੋਜ ਨੇ ਸੁੰਨ ਕਰਨ ਵਾਲੇ ਤੱਥ ਪੇਸ਼ ਕੀਤੇ ਹਨ, ਸੰਨ 2040 ਤੋਂ ਮਗਰੋਂ ਦੁਨੀਆਂ ਵਿੱਚ ਜਨਮ ਦਰ ਘੱਟਣ ਲੱਗ ਪਏਗੀ ਅਤੇ ਮੌਤ ਦਰ ਵਧਣ ਲੱਗ ਪਵੇਗੀ। 1900 ਵਿੱਚ ਵਿਸ਼ਵ ਦੀ ਆਬਾਦੀ ਦੋ ਅਰਬ ਸੀ ਜੋ 2020 ਵਿੱਚ ਸੱਤ ਅਰਬ 70 ਕਰੋੜ ਹੋ ਗਈ ਸੀ। ਹਰ ਵਰ੍ਹੇ ਵੱਖ-ਵੱਖ ਕਾਰਨਾਂ ਕਰਕੇ 5 ਕਰੋੜ 60 ਲੱਖ ਵਿਅਕਤੀ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਇਕ ਕਰੋੜ 26 ਲੱਖ ਲੋਕ ਸਿਰਫ਼ ਲੂ ਲੱਗਣ ਜਾਂ ਫਿਰ ਕੜਾਕੇ ਦੀ ਠੰਡ ਨਾ ਸਹਾਰਦੇ ਹੀ ਦਮ ਤੋੜ ਦਿੰਦੇ ਹਨ।

ਪਿਛਲੇ ਤਕਰੀਬਨ ਸੌ ਸਾਲਾਂ ਦੌਰਾਨ ਮਨੁੱਖ ਨੇ ਜਿਥੇ ਉਦਯੋਗਿਕ ਅਤੇ ਦੂਸਰੇ ਤਰੱਕੀ ਦੇ ਸ਼ੋਹਬਿਆਂ ਵਿੱਚ ਵੱਡੀਆਂ ਛਾਲਾਂ ਮਾਰੀਆਂ ਹਨ ਓਥੇ ਨਾਲ ਦੀ ਨਾਲ ਪੈਸਾ ਇਕੱਠਾ ਕਰਨ ਦੀ ਹੋੜ ਵਿੱਚ ਮਨੁੱਖ ਨੇ ਆਪਣੀ ਬਰਬਾਦੀ ਲਈ ਡੂੰਘੀਆਂ ਖਾਈਆਂ ਵੀ ਪੱਟੀਆਂ ਹਨ। ਧਰਤੀ ਤੋਂ ਇਸ ਵਿਕਾਸ ਕਾਰਨ ਵੱਡੀ ਗਿਣਤੀ ‘ਚ ਰੁੱਖ, ਵੇਲਾਂ, ਜੜੀ-ਬੂਟੀਆਂ ਅਤੇ ਝਾੜੀਆਂ ਹੇਠਲਾ ਰਕਬਾ ਸੁੰਗੜਿਆ ਹੈ। ਦੂਜਾ ਧਰਤੀ ਉਪਰ ਇਮਾਰਤਾਂ, ਸੜਕਾਂ, ਪੁੱਲ ਆਦਿ ਵੱਡੀ ਗਿਣਤੀ ‘ਚ ਉਸਾਰੇ ਗਏ ਹਨ ਜਿਸ ਕਾਰਨ ਆਨਾਜ, ਸਬਜ਼ੀਆਂ, ਫ਼ਲਾਂ, ਦਾਲਾਂ, ਦਵਾਈਆਂ ਵਾਲੀਆਂ ਜੜੀ- ਬੂਟੀਆਂ ਦੀ ਪੈਦਾਵਾਰ ਘੱਟਣ ਲਗੀ ਹੈ। ਆਬਾਦੀ ਬੇਤਹਾਸ਼ਾ ਵਧਣ ਲੱਗੀ। ਅਮੀਰੀ ਅਤੇ ਗਰੀਬੀ ‘ਚ ਪਾੜਾ ਵਧਣ ਲੱਗਿਆ। ਦੁਨੀਆ ਵਿੱਚ ਗਰੀਬਾਂ ਦੀ ਜਨ ਸੰਖਿਆ ਵਧਣ ਲੱਗੀ ਅਤੇ ਗਰੀਬਾਂ ਨੂੰ ਚੰਗੀ ਸਿਹਤ ਲਈ ਲੋੜੀਂਦੀ ਖੁਰਾਕ ਦਰ ਕਿਨਾਰ ਹੋਣ ਲੱਗੀ  ਹੈ ।

ਇਸ ਵਿਕਾਸ ਦੀ ਮਾਰ ਸਭ ਤੋਂ ਵੱਧ ਵਾਤਾਵਰਣ ‘ਤੇ ਪਈ  ਹੈ ; ਨਦੀਆਂ ਵਿੱਚ ਪਾਣੀ ਘੱਟਣ ਲੱਗ ਪਿਆ ਹੈ, ਸਰਦੀਆਂ ਦੇ ਮੌਸਮ  ਦਾ ਸਮਾਂ ਘਟਣ ਲੱਗਾ, ਗਰਮੀਆਂ ਦਾ ਮੌਸਮ ਲੰਮਾ ਹੋਣ ਲੱਗਾ ਹੈ। ਗਰਮੀ ਹਰ ਵਰ੍ਹੇ ਵਧਣ ਲੱਗੀ ਹੈ ਅਤੇ ਸਰਦੀ ਵੀ ਕੜਾਕੇ ਦੀ ਪੈਣ ਲੱਗੀ ਹੈ। ਧਰਤੀ ਉਪਰਲਾ ਨਦੀਆਂ, ਨਾਲਿਆਂ, ਝੀਲਾਂ, ਤਲਾਬਾ, ਖੂਹਾਂ, ਬਾਉਲੀਆਂ ਅਤੇ ਛੱਪੜਾਂ ਦਾ ਪਾਣੀ ਘਟਣ ਲੱਗਾ ਹੈ। ਕਈ ਪਿੰਡਾਂ ਦੇ ਨਲਕੇ, ਖੂ੍ਹ, ਤਲਾਅ ਅਤੇ ਛੱਪੜ ਸੁਕਣ ਲੱਗ ਪਏ ਹਨ। ਖੇਤੀ ਲਈ ਪਾਣੀ ਦੀ ਘਾਟ ਹੋਣ ਲੱਗ ਪਈ ਜਿਸ ਕਰਕੇ ਧਰਤੀ ਵਿੱਚੋਂ ਬੋਰਾਂ ਰਾਹੀਂ ਪਾਣੀ ਨਿਕਲਣ ਲੱਗਾ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਪਾਣੀ ਦੇਣ ਲਈ ਹਜ਼ਾਰ-ਹਜ਼ਾਰ ਫੁੱਟ ਡੂੰਘੇ ਬੋਰ ਹੋਣ ਲੱਗ ਪਏ। ਧਰਤੀ ਹੇਠਲਾ ਪਾਣੀ ਡੂੰਘਾ ਜਾਣ ਕਰਕੇ ਧਰਤੀ ਉਪਰਲੀ ਬਨਸਪਤੀ ਦੀਆਂ ਜੜ੍ਹਾਂ ਨੂੰ ਮਿਲਣ ਵਾਲਾ ਪਾਣੀ ਵੀ ਘਟਣ ਲੱਗਾ ਜਿਸ ਕਰਕੇ ਰੁੱਖਾਂ, ਵੇਲਾਂ, ਬੂਟੀਆਂ ਆਦਿ ਦੀਆਂ ਕਈ ਕਿਸਮਾਂ ਅਲੋਪ ਹੋਣ ਲੱਗ ਪਈਆਂ ਹਨ।

ਮੌਨਾਸ਼ ਯੂਨੀਵਰਸਿਟੀ, ਆਸਟਰੇਲੀਆ ਅਤੇ ਸੋਨਡਾਂਗ ਯੂਨੀਵਰਸਿਟੀ, ਚੀਨ ਦ‌ੀ ਖੋਜ ਅਨੁਸਾਰ ਪਿਛਲੇ ਸਮੇਂ ‘ਧਰਤੀ ਉਪਰ ਠੰਡ 0.2 ਡਿਗਰੀ ਸੈਲਸੀਅਸ ਘਟੀ ਹੈ ਅਤੇ ਗਰਮੀ 0.2 ਡਿਗਰੀ ਸੈਲਸੀਅਸ ਵਧੀ ਹੈ। ਗਰਮੀ ਵਧਣ ਕਰਕੇ ਖੁਰਾਕ ਦੀ ਗੁਣਵੱਤਾ ਵਿੱਚ ਕਮੀ ਆਈ ਹੈ ਅਤੇ ਬਿਮਾਰੀਆਂ ਵਧੀਆਂ ਹਨ। ਮਲੇਰੀਆ, ਹੈਜਾ ਅਤੇ ਡੇਂਗੂ ਜਿਹੀਆਂ ਬਿਮਾਰੀਆਂ ਮੌਤ ਦਾ ਕਾਰਨ ਬਣਨ ਲੱਗੀਆਂ ਹਨ। ਸਾਫ਼ ਹਵਾ, ਪਾਣੀ, ਲੋੜ ਅਨੁਸਾਰ ਚੰਗੀ ਖੁਰਾਕ ਅਤੇ ਗਰੀਬ ਲੋਕਾਂ ਲਈ ਰੈਣ ਬਸੇਰਾ ਬਣਾਉਣਾ ਵੱਡੀ ਮੁਸ਼ਕਿਲ ਬਣ ਗਈ ਹੈ। ਲੂ ਲੱਗਣ ਅਤੇ ਕੜਾਕੇ ਦੀ ਠੰਡ ਵੱਡੀ ਗਿਣਤੀ ‘ਚ ਮੌਤਾਂ ਦਾ ਕਾਰਨ ਬਣ ਰਹੀਆਂ ਹਨ।

IPCC (Intergovernmental Penal for Climate Change) ਅਨੁਸਾਰ ਵਾਤਾਵਰਣ ਵਿੱਚ ਸਿਰਫ਼ 1.5 ਡਿਗਰੀ ਸੈਲਸੀਅਸ ਤੱਕ ਹੀ ਹੋਰ ਗਰਮੀ ਸਹਿਣ ਦੀ ਸਮਰੱਥਾ ਹੈ। ਜੇ ਕਰ ਇਸ ਤੋਂ ਗਰਮੀ ਵਧਦੀ ਹੈ ਤਾਂ ਵਿਸ਼ਵ ਵਿੱਚ ਚੁੱਪਚਾਪ ਭਿਆਨਕ ਤਬਾਹੀ ਹੋਣੀ ਸ਼ੁਰੁ ਹੋ ਜਾਵੇਗੀ। ਜੇਕਰ ਅਸੀ ਵਾਤਾਵਰਣ ਨੂੰ ਬਚਾਉਣ ਲਈ ਹੁਣੇ ਤੋਂ ਹੀ ਵਿਸ਼ਵ ਪੱਧਰ ‘ਤੇ ਉਪਰਾਲੇ ਨਾ ਕੀਤੇ ਤਾਂ ਅਸੀਂ ਕਿਸੇ ਵੱਡੀ ਮੁਸ਼ਕਲ ਵਿੱਚ ਫਸ ਸਕਦੇ ਹਾਂ। ਇਸ ਪੈਨਲ ਦੀ ਚਿਤਵਨੀ ਹੈ ਕਿ ਅਗਲੇ ਦੋ ਦਹਾਕਿਆਂ ਦੌਰਾਨ ਵਾਤਾਵਰਣ ਵਿੱਚ 2.5 ਡਿਗਰੀ ਸੈਲਸੀਅਸ ਗਰਮੀ ਵਧਣ ਦਾ ਪੂਰਾ ਡਰ ਹੈ ਜੋ ਧਰਤੀ ਉਪਰਲੇ ਜੀਵ,ਜੰਤੂਆਂ ਅਤੇ ਬਨਸਪਤੀ ਲਈ ਖ਼ਤਰਨਾਕ ਸਿਧ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button