ਤਿੜਕਿਆ ਘੜਾ ਤੇ ਮਤਲਬੀ ਰਿਸ਼ਤਾ, ਆਖਰ ਟੁੱਟ ਹੀ ਜਾਂਦਾ ਏ !
ਸੁਬੇਗ ਸਿੰਘ, ਸੰਗਰੂਰ
ਦੁਨੀਆਂ ਇੱਕ ਅਜੀਬ ਪਹੇਲੀ ਹੈ। ਇੱਥੇ ਕਿਹੜੇ ਵੇਲੇ ਕੀ ਹੋ ਜਾਵੇ,ਕੁੱਝ ਵੀ ਪਤਾ ਨਹੀਂ ਚੱਲਦਾ।ਕੌਣ,ਕਿਹੜੇ ਵੇਲੇ ਦੋਸਤ ਤੋਂ ਦੁਸ਼ਮਣ ਬਣ ਜਾਵੇ ਅਤੇ ਕੌਣ ਦੁਸ਼ਮਣ ਤੋਂ ਦੋਸਤ ਬਣ ਜਾਵੇ, ਇਹਦੇ ਵਾਰੇ ਕੋਈ ਪੱਕਾ ਫਾਰਮੂਲਾ ਨਹੀਂ ਹੈ।ਇਹੋ ਕਾਰਨ ਹੈ,ਕਿ ਦੋਸਤੀ,ਦੁਸ਼ਮਣੀ ਵਿੱਚ ਅਤੇ ਦੁਸ਼ਮਣੀ ਦੋਸਤੀ ਚ ਬਦਲਦਿਆਂ ਦੇਰ ਨਹੀਂ ਲੱਗਦੀ।ਇਸ ਲਈ,ਆਪਣੇ ਜਾਂ ਫਿਰ ਕਿਸੇ ਹੋਰ ਦੇ ਰਿਸ਼ਤਿਆਂ ਵਾਰੇ ਕੋਈ ਪੱਕੀ ਧਾਰਣਾ ਬਣਾ ਲੈਣੀ,ਮੂਰਖਤਾ ਤੋਂ ਸਿਵਾਏ ਹੋਰ ਕੁੱਝ ਵੀ ਤਾਂ ਨਹੀਂ ਹੈ। ਅਜੋਕੇ ਦੌਰ ਚ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀ ਤਾਂ ਗੱਲ ਹੀ ਛੱਡੋ।ਅੱਜ ਕੱਲ ਤਾਂ ਮਾਂ ਪਿਓ ਅਤੇ ਧੀਆਂ ਪੁੱਤਰਾਂ ਦੇ ਰਿਸ਼ਤੇ ਅਤੇ ਸਕੇ ਭੈਣ ਭਰਾਵਾਂ ਦੇ ਰਿਸ਼ਤੇ ਵੀ ਸਥਾਈ ਨਹੀਂ ਰਹੇ।ਹੁਣ ਤਾਂ ਮਾਂ ਪਿਉ ਅਤੇ ਭੈਣ ਭਰਾਵਾਂ ਜਿਹੇ ਪਵਿੱਤਰ ਰਿਸ਼ਤੇ ਬਦਲਦਿਆਂ ਵੀ ਦੇਰ ਨਹੀਂ ਲੱਗਦੀ। ਕਿਹੜੇ ਵੇਲੇ ਇਹ ਰਿਸ਼ਤੇ ਦੁਆਵਾਂ ਮੰਗਦੇ 2 ਬਦ ਦੁਆਵਾਂ ਦੇਣ ਲੱਗ ਪੈਣ।ਦੁਆਵਾਂ ਜਾਂ ਬਦ ਦੁਆਵਾਂ ਹੀ ਨਹੀਂ,ਸਗੋਂ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਹੀ ਬਣ ਜਾਣ।ਕਿਉਂਕਿ ਅਜੋਕੇ ਦੌਰ ਦੇ ਰਿਸ਼ਤੇ,ਸੁਆਰਥ ਦੀਆਂ ਨੀਹਾਂ ਤੇ ਖੜ੍ਹੇ ਹਨ,ਜਿਹੜੇ ਕਿਸੇ ਵੇਲੇ ਕੋਈ ਵੀ ਮੋੜ ਲੈ ਸਕਦੇ ਹਨ।
ਹੁਣ ਉਹ ਜਮਾਨਾ ਨਹੀਂ ਰਿਹਾ,ਜਦੋਂ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਲਈ ਦੁਆਵਾਂ ਮੰਗਦੀਆਂ ਹਨ।ਧੀਆਂ ਸਹੁਰੇ ਘਰ ਜਾ ਕੇ,ਸਾਰੀ ਉਮਰ ਆਪਣੇ ਪੇਕਿਆਂ ਨੂੰ ਦੁਆਵਾਂ ਦਿੰਦੀਆਂ ਨਹੀਂ ਥੱਕਦੀਆਂ ਅਤੇ ਆਪਣੇ ਭਰਾਵਾਂ ਜਾਂ ਪੇਕਿਆਂ ਦੇ ਕਿਸੇ ਜੀਅ ਦੀਆਂ ਬੂਹੇ ਤੇ ਖੜ੍ਹਕੇ ਹਰ ਵਕਤ ਉਡੀਕ ਵੀ ਕਰਦੀਆਂ ਹਨ।ਹੁਣ ਤਾਂ ਭੈਣਾਂ ਆਪਣੇ ਭਰਾਵਾਂ ਅਤੇ ਧੀਆਂ ਆਪਣੇ ਮਾਪਿਆਂ ਤੋਂ,ਉਨ੍ਹਾਂ ਦੀ ਸੁੱਖ ਸਾਂਦ ਦੀ ਵਜਾਏ ਉਨ੍ਹਾਂ ਦੀ ਜਾਇਦਾਦ ਚੋਂ ਆਪਣਾ ਹਿੱਸਾ ਵੀ ਮੰਗਦੀਆਂ ਹਨ ਅਤੇ ਹਰ ਤਿੱਥ ਤਿਉਹਾਰ ਅਤੇ ਵਿਆਹ ਸਾਦੀਆਂ ਚ ਚੰਗਾ ਪੈਸਾ ਧੇਲਾ ਦੇਣ ਦੀ ਉਮੀਦ ਵੀ ਰੱਖਦੀਆਂ ਹਨ। ਇਹੋ ਹਾਲ,ਅਜੋਕੇ ਦੌਰ ਦੇ ਪੁੱਤਰਾਂ ਦਾ ਹੈ।ਹੁਣ ਕੋਈ ਪੁੱਤਰ,ਸਰਵਨ ਪੁੱਤਰ ਬਣਕੇ ਅਤੇ ਵਹਿੰਗੀ ਚੁੱਕ ਕੇ ਮਾਪਿਆਂ ਨੂੰ ਤੀਰਥ ਯਾਤਰਾ ਨਹੀਂ ਕਰਵਾਉਂਦਾ,ਸਗੋਂ ਹੁਣ ਤਾਂ ਜਿਉਂਦੇ ਜੀਅ ਆਪਣੀ ਹਰ ਖੁਸ਼ੀ ਪੂਰੀ ਕਰਨ ਅਤੇ ਜਮੀਨ ਜਾਇਦਾਦ ਆਪਣੇ ਨਾਂ ਕਰਵਾਉਣ ਲਈ,ਮਾਪਿਆਂ ਦੀ ਖੱਜਲ ਖੁਆਰੀ ਕਰਨ ਤੋਂ ਵੀ ਨਹੀਂ ਝਿਜਕਦੇ।ਇੱਥੋਂ ਤੱਕ ਕਿ,ਅਜੋਕੇ ਦੌਰ ਦੇ ਸਰਵਣ ਪੁੱਤ,ਆਪਣੇ ਮਾਪਿਆਂ ਦੀ ਕੁੱਟ ਮਾਰ ਤੋਂ ਲੈ ਕੇ ਕਤਲ ਤੱਕ ਵੀ ਕਰ ਦਿੰਦੇ ਹਨ।ਇਸੇ ਲਈ ਤਾਂ ਕਹਿੰਦੇ ਹਨ,ਕਿ ਜਮਾਨਾ ਬੜਾ ਬਦਲ ਗਿਆ ਹੈ ਅਤੇ ਲੋਕ ਬੜੇ ਮਤਲਬੀ ਹੋ ਗਏ ਹਨ।
ਭਾਵੇਂ ਇਸ ਦੁਨੀਆਂ ਚ ਕੁੱਝ ਵੀ ਸਥਾਈ ਨਹੀਂ ਹੈ।ਪਰ ਫੇਰ ਵੀ,ਇੰਨ੍ਹਾਂ ਪਵਿੱਤਰ ਰਿਸ਼ਤਿਆਂ ਦਾ ਐਨੀ ਤੇਜੀ ਨਾਲ ਬਦਲ ਜਾਣਾ ਅਤੇ ਐਨੇ ਗੰਧਲੇ ਹੋ ਜਾਣਾ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ।ਇਹੋ ਤਾਂ ਕਾਰਨ ਹੈ,ਕਿ ਦੁਨੀਆਂ ਚ ਵਿਗਿਆਨ ਦੇ ਐਨੀ ਤਰੱਕੀ ਕਰ ਲੈਣ ਅਤੇ ਐਨੀਆਂ ਸੁੱਖ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਹਰ ਕੋਈ ਦੁਖੀ ਮਹਿਸੂਸ ਕਰਦਾ ਹੈ।ਇਹਦਾ ਸਿਰਫ ਇੱਕੋ ਹੀ ਕਾਰਨ ਹੈ,ਕਿ ਦੁਨੀਆਂ ਦਾ ਹਰ ਮਨੁੱਖ ਮਤਲਬ ਪ੍ਰਸਤ ਹੋ ਚੁੱਕਿਆ ਹੈ ਅਤੇ ਮਤਲਬਪ੍ਰਸਤੀ ਨੇ ਹਰ ਰਿਸ਼ਤੇ ਨੂੰ ਹੀ ਗੰਧਲਾ ਕਰ ਦਿੱਤਾ ਹੈ।ਜਿਹੜਾ ਮਨੁੱਖ ਲਈ,ਬੜਾ ਹੀ ਘਾਤਕ ਸਿੱਧ ਹੋ ਰਿਹਾ ਹੈ। ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ ਤਿੜਕਿਆ ਹੋਇਆ ਘੜਾ ਅਤੇ ਮਤਲਬੀ ਰਿਸ਼ਤਾ,ਜਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦੇ,ਸਗੋਂ ਛੇਤੀ ਹੀ ਖਤਮ ਹੋ ਜਾਂਦੇ ਹਨ।ਕਹਿਣ ਤੋਂ ਭਾਵ ਇਹ ਹੈ,ਕਿ ਜਦੋਂ ਕੋਈ ਘੜਾ ਤਿੜਕ ਜਾਵੇ,ਤਾਂ ਉਹਨੂੰ ਜਿੰਨਾ ਮਰਜੀ ਸਾਂਭ 2 ਕੇ ਰੱਖ ਲਿਆ ਜਾਵੇ,ਪਰ ਉਹ ਆਖਰ ਨੂੰ ਟੁੱਟ ਹੀ ਜਾਂਦਾ ਹੈ।ਇਸੇ ਤਰ੍ਹਾਂ, ਕਿਸੇ ਨਾ ਕਿਸੇ ਮਤਲਬ ਨਾਲ ਜੁੜਿਆ ਹੋਇਆ ਕੋਈ ਵੀ ਰਿਸ਼ਤਾ ਜਿਆਦਾ ਦੇਰ ਤੱਕ ਕਾਇਮ ਨਹੀਂ ਰਹਿ ਸਕਦਾ।
ਆਖਰ ਇਹ ਰਿਸ਼ਤਾ ਟੁੱਟ ਹੀ ਜਾਂਦਾ ਹੈ। ਮੁੱਕਦੀ ਗੱਲ ਤਾਂ ਇਹ ਹੈ,ਕਿ ਭਾਵੇਂ ਇਸ ਦੁਨੀਆਂ ਚ ਕੁੱਝ ਵੀ ਸਥਾਈ ਨਹੀਂ ਹੈ। ਦੁਨੀਆਂ ਦੀ ਹਰ ਚੀਜ,ਪਤਾ ਨਹੀਂ ਕਿਹੜੇ ਵੇਲੇ ਸਾਥ ਛੱਡ ਦੇਵੇ,ਇਹਦੇ ਵਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।ਇੱਥੋਂ ਤੱਕ ਕਿ,ਜਿੰਦਗੀ ਦੀ ਡੋਰ ਕਿਹੜੇ ਵੇਲੇ ਟੁੱਟ ਜਾਵੇ, ਇਹਦੇ ਵਾਰੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ।ਇਹੋ ਹਾਲ,ਤਿੜਕੇ ਹੋਏ ਘੜੇ ਦਾ ਵੀ ਹੁੰਦਾ ਹੈ।ਕਿਉਂਕਿ ਤਿੜਕਿਆ ਹੋਇਆ ਘੜਾ,ਕਿਹੜੇ ਵੇਲੇ ਟੁੱਟ ਜਾਵੇ,ਕੁੱਝ ਵੀ ਨਹੀਂ ਕਿਹਾ ਜਾ ਸਕਦਾ।ਪਰ ਇੱਕ ਗੱਲ ਤਾਂ ਜਰੂਰ ਹੈ,ਕਿ ਸਾਨੂੰ ਆਪਣੇ ਤਿੜਕ ਰਹੇ ਪਰਿਵਾਰਕ ਰਿਸ਼ਤਿਆਂ ਨੂੰ ਬਚਾਉਣ ਲਈ ਕੋਈ ਨਾ ਕੋਈ ਉਪਰਾਲਾ ਜਰੂਰ ਕਰਨਾ ਚਾਹੀਦਾ ਹੈ,ਤਾਂ ਕਿ ਇਸ ਅਨਮੋਲ ਜਿੰਦਗੀ ਨੂੰ ਚੈਨ ਨਾਲ ਜੀਇਆ ਜਾ ਸਕੇ ਅਤੇ ਜਿੰਦਗੀ ਦੇ ਚਾਰ ਦਿਨ ਆਰਾਮ ਨਾਲ ਬਤੀਤ ਹੋ ਸਕਣ।
93169-10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.