IndiaTop News

ਘੱਟ ਰੇਟ ’ਤੇ ਕਿਵੇਂ ਬਣਨਗੀਆਂ ਮਹਾਨਗਰ ਦੀਆਂ ਸੜਕਾਂ, ਥਰਡ ਪਾਰਟੀ ਜਾਂਚ ’ਤੇ ਉੱਠੇ ਸਵਾਲ?

ਸ਼ਹਿਰ ਵਿੱਚ ਸੜਕਾਂ, ਟਾਈਲਾਂ ਅਤੇ ਰੈਡੀ ਮਿਕਸ ਕੰਕਰੀਟ (ਆਰਐੱਮਸੀ) ਨਾਲ ਸਬੰਧਤ 27 ਕੰਮਾਂ ਦੇ ਟੈਂਡਰਾਂ ਤੋਂ ਬਾਅਦ ਵਰਕ ਆਰਡਰ ਜਾਰੀ ਹੋਣ ਦੀ ਤਿਆਰੀ ਨੇ ਨਗਰ ਨਿਗਮ ਦੇ ਕੰਮਕਾਜ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਠੇਕੇਦਾਰਾਂ ਨੇ ਇਹ ਕੰਮ ਸਰਕਾਰੀ ਅਨੁਮਾਨਿਤ ਲਾਗਤ ਨਾਲੋਂ 20.86 ਤੋਂ 40.50 ਫ਼ੀਸਦੀ ਤੱਕ ਘੱਟ ਰੇਟ ’ਤੇ ਲਏ ਹਨ। ਸਵਾਲ ਇਹ ਹੈ ਕਿ ਇੰਨੇ ਘੱਟ ਰੇਟ ’ਤੇ ਕੰਮ ਲੈਣ ਤੋਂ ਬਾਅਦ ਟੈਕਸ ਭਰਨ, ਮੁਨਾਫ਼ਾ ਰੱਖਣ ਅਤੇ ਕਥਿਤ ਕਮਿਸ਼ਨ ਦੇਣ ਮਗਰੋਂ ਠੇਕੇਦਾਰ ਸੜਕਾਂ ਵਿੱਚ ਕਿੰਨੀ ਸਮੱਗਰੀ ਲਾਉਣਗੇ। ਜੇਕਰ ਠੇਕੇਦਾਰ ਇੰਨਾ ਘੱਟ ਰੇਟ ਭਰਨ ਦੇ ਬਾਵਜੂਦ ਪੂਰੀ ਸਮੱਗਰੀ ਲਾਉਂਦੇ ਹਨ ਤਾਂ ਕੀ ਉਹ ਸਮਾਜ ਸੇਵਾ ਕਰ ਰਹੇ ਹਨ? ਇਨ੍ਹਾਂ ਕਥਿਤ ਬੇਨਿਯਮੀਆਂ ਕਾਰਨ ਹੀ ਮਹਾਨਗਰ ਦੀਆਂ ਸੜਕਾਂ ਇਕ ਮੀਂਹ ਵੀ ਨਹੀਂ ਝੱਲ ਪਾਉਂਦੀਆਂ।
ਸਭ ਤੋਂ ਘੱਟ ਰੇਟ ’ਤੇ ਕਬੀਰ ਨਗਰ ਮੇਨ ਮਾਰਕੀਟ ਦੀ ਸੜਕ ਦਾ ਕੰਮ ਦਿੱਤਾ ਗਿਆ ਹੈ, ਜੋ 40.50 ਫ਼ੀਸਦੀ ਘੱਟ ਹੈ। ਸੁੰਦਰ ਨਗਰ ਗਲੀ ਨੰਬਰ 2 ਵਿੱਚ ਆਰਐੱਮਸੀ ਦਾ ਕੰਮ 39.99 ਫ਼ੀਸਦੀ ਅਤੇ ਰਾਮ ਨਗਰ ਵਾਰਡ ਨੰਬਰ 79 ਦਾ ਕੰਮ 38 ਫ਼ੀਸਦੀ ਘੱਟ ਰੇਟ ’ਤੇ ਦਿੱਤਾ ਗਿਆ ਹੈ। ਗਿੱਲ ਰੋਡ ਤੋਂ ਲੇਬਰ ਚੌਕ, ਪ੍ਰੇਮ ਨਗਰ ਪਾਰਟ-2, ਹਰੀ ਕਰਤਾਰ ਕਾਲੋਨੀ ਅਤੇ ਬਿਹਾਰੀ ਕਾਲੋਨੀ ਦੇ ਕੰਮ ਵੀ ਲਗਪਗ 35 ਤੋਂ 36 ਫ਼ੀਸਦੀ ਘੱਟ ਰੇਟ ’ਤੇ ਦਿੱਤੇ ਗਏ ਹਨ। ਕੁੱਲ 27 ਕੰਮਾਂ ਵਿੱਚੋਂ 14 ਕੰਮ 30 ਫ਼ੀਸਦੀ ਤੋਂ ਵੱਧ ਘੱਟ ਰੇਟ ’ਤੇ ਦਿੱਤੇ ਗਏ ਹਨ।
ਇਨ੍ਹਾਂ ਸਾਰੇ ਵਰਕ ਆਰਡਰਾਂ ਨੂੰ ਨਗਰ ਨਿਗਮ ਦੀ ਫਾਇਨਾਂਸ ਐਂਡ ਕੰਟਰੈਕਟ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਠੇਕੇਦਾਰਾਂ ਨੂੰ ਕੰਮ ਅਲਾਟ ਕੀਤੇ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਐੱਫਐਂਡਸੀਸੀ ਦੇ ਮੈਂਬਰ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਕੀ ਫ਼ੈਸਲਾ ਕਰਦੇ ਹਨ।
ਮੰਨ ਲਓ ਕਿ ਕਿਸੇ ਕੰਮ ਦੀ ਸਰਕਾਰੀ ਅਨੁਮਾਨਿਤ ਲਾਗਤ 100 ਰੁਪਏ ਹੈ। ਜੇਕਰ ਠੇਕੇਦਾਰ ਨੇ 40.50 ਫ਼ੀਸਦੀ ਘੱਟ ਰੇਟ ਭਰਿਆ ਹੈ ਤਾਂ ਉਸ ਨੂੰ 59.50 ਰੁਪਏ ਮਿਲਣਗੇ। ਇਸ ਵਿੱਚੋਂ 18 ਫ਼ੀਸਦੀ ਜੀਐੱਸਟੀ, 2 ਫ਼ੀਸਦੀ ਇਨਕਮ ਟੈਕਸ ਅਤੇ 1 ਫ਼ੀਸਦੀ ਲੇਬਰ ਸੈੱਸ ਕੱਟਿਆ ਜਾਵੇਗਾ। ਠੇਕੇਦਾਰ ਆਪਣਾ ਲਗਪਗ 10 ਫ਼ੀਸਦੀ ਮੁਨਾਫ਼ਾ ਵੀ ਰੱਖੇਗਾ। ਇਸ ਤੋਂ ਇਲਾਵਾ ਠੇਕੇਦਾਰਾਂ ਵਿਚਾਲੇ 12 ਫ਼ੀਸਦੀ ਕਮਿਸ਼ਨ ਦੀ ਚਰਚਾ ਵੀ ਹੈ।
ਇਸ ਤਰ੍ਹਾਂ ਲਗਪਗ 43 ਫ਼ੀਸਦੀ,ਕਰੀਬ 25.60 ਰੁਪਏ ਇਨ੍ਹਾਂ ਮੱਦਾਂ ਵਿੱਚ ਚਲੇ ਜਾਣਗੇ। ਸੜਕ ’ਤੇ ਲਾਉਣ ਲਈ ਸਿਰਫ਼ 34 ਰੁਪਏ ਦੇ ਕਰੀਬ ਬਚਣਗੇ। ਇੰਨੀ ਰਕਮ ਵਿੱਚ ਸੜਕ ਦਾ ਨਿਰਧਾਰਤ ਮਾਪਦੰਡਾਂ ਅਨੁਸਾਰ ਨਿਰਮਾਣ ਕਰਨਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ। ਹਾਲਾਂਕਿ, ਦੋਸ਼ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਚੁੱਪ ਹਨ।
ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਰੇਟ ’ਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਸੜਕ ਬਣਾਉਣਾ ਲਗਪਗ ਨਾਮੁਮਕਿਨ ਹੈ। ਅਜਿਹੇ ਵਿੱਚ ਜਾਂ ਤਾਂ ਆਰਐੱਮਸੀ ਦੀ ਮੋਟਾਈ ਅਤੇ ਸੀਮੈਂਟ ਦੀ ਮਾਤਰਾ ਘਟਾਈ ਜਾਵੇਗੀ ਜਾਂ ਫਿਰ ਘਟੀਆ ਗੁਣਵੱਤਾ ਵਾਲੀਆਂ ਟਾਈਲਾਂ ਲਾਈਆਂ ਜਾਣਗੀਆਂ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸੜਕਾਂ ਇਕ ਮੀਂਹ ਵੀ ਨਹੀਂ ਝੱਲ ਪਾਉਂਦੀਆਂ ਅਤੇ ਕੁਝ ਮਹੀਨਿਆਂ ਵਿੱਚ ਹੀ ਮੁੜ ਟੁੱਟਣ ਲੱਗ ਜਾਂਦੀਆਂ ਹਨ। ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਟੈਕਸ ਦੇ ਪੈਸੇ ਦੀ ਵਾਰ-ਵਾਰ ਬਰਬਾਦੀ ਹੁੰਦੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button