ਕੰਸਰਟ ਤੋਂ ਪਹਿਲਾਂ ਦਿਲਜੀਤ ਦੁਸਾਂਝ ਨੂੰ ਲੱਗ ਸਕਦੈ ਵੱਡਾ ਝਟਕਾ, ਸਟੇਜ ‘ਤੇ ਇਹ 4 ਗੀਤ ਗਾਉਣ ‘ਤੇ ਪਾਬੰਦੀ ਲਗਾਉਣ ਦੀ ਮੰਗ ਨੇ ਛੇੜੀ ਨਵੀਂ ਚਰਚਾ

21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਇੱਕ ਐਸੋਸੀਏਟ ਪ੍ਰੋਫੈਸਰ ਨੇ ਉਨ੍ਹਾਂ ਦੇ ਚਾਰ ਗੀਤਾਂ, ਬੱਚਿਆਂ ਨੂੰ ਸਟੇਜ ‘ਤੇ ਬੁਲਾਉਣ ਅਤੇ ਪਰਫਾਰਮੈਂਸ ਦੌਰਾਨ ‘ਬੁਲੇਟ-ਬੈਲਟ’ (ਕਾਰਤੂਸਾਂ ਵਾਲੀ ਬੈਲਟ) ਪਹਿਨਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਬੱਚਿਆਂ ‘ਤੇ ਨਸ਼ਿਆਂ ਅਤੇ ਬੰਦੂਕ ਸੱਭਿਆਚਾਰ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜਤਾਈ ਹੈ। ਚੰਡੀਗੜ੍ਹ ਦੇ ਇੱਕ ਸਰਕਾਰੀ ਕਾਲਜ ਵਿੱਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਪੰਡਿਤਰਾਓ ਧਰੇਨਾਵਰ ਨੇ ਅਹਿਮਦਾਬਾਦ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO) ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਨ੍ਹਾਂ 4 ਗੀਤਾਂ ਨੂੰ ਨਾ ਗਾਉਣ ਦੀ ਕੀਤੀ ਅਪੀਲ
ਉਨ੍ਹਾਂ ਨੇ ਦੁਸਾਂਝ ਦੇ ‘RuPay Aura India Tour’ ਤਹਿਤ ਹੋਣ ਵਾਲੇ ਇਸ ਕੰਸਰਟ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (DCPU) ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੂੰ ਪੱਤਰ ਲਿਖ ਕੇ ਉਠਾਏ ਗਏ ਤਿੰਨਾਂ ਮੁੱਦਿਆਂ ‘ਤੇ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਇੰਚਾਰਜ) ਸ਼ੁਭਮ ਨੇ ਧਰੇਨਾਵਰ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਪੁਲਿਸ ਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ ਕਿ ਸ਼ਰਾਬ, ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ, ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਇਆ ਜਾਵੇ ਅਤੇ ਗਾਇਕ ਲਾਈਵ ਸ਼ੋਅ ਦੌਰਾਨ ‘ਬੁਲੇਟ-ਬੈਲਟ’ ਨਾ ਪਹਿਨਣ।
ਧਰੇਨਾਵਰ ਨੇ ਖ਼ਾਸ ਤੌਰ ‘ਤੇ ਚਾਰ ਗੀਤਾਂ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੀਭ ਵਿਚੋਂ ਅਫੀਮ ਲੱਭਿਆ’ ਅਤੇ ‘ਜੱਟ ਉੱਠੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾਂ ਦੀ’ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਰਫਾਰਮੈਂਸ ਦੌਰਾਨ ਇਨ੍ਹਾਂ ਗੀਤਾਂ ਦੇ ਬੋਲ ਬਦਲ ਵੀ ਦਿੱਤੇ ਜਾਣ, ਤਾਂ ਵੀ ਇਨ੍ਹਾਂ ਨੂੰ ਨਹੀਂ ਗਾਇਆ ਜਾਣਾ ਚਾਹੀਦਾ।
ਧਰੇਨਾਵਰ ਨੇ IANS ਨੂੰ ਦੱਸਿਆ, “ਇਨ੍ਹਾਂ ਚਾਰ ਗੀਤਾਂ ਨੂੰ ਨਹੀਂ ਗਾਇਆ ਜਾਣਾ ਚਾਹੀਦਾ, ਕਿਉਂਕਿ ਇਹ ਸ਼ਰਾਬ, ਨਸ਼ਿਆਂ ਅਤੇ ਬੰਦੂਕਾਂ ਨੂੰ ਉਤਸ਼ਾਹਿਤ ਕਰਦੇ ਹਨ। ਅਜਿਹੇ ਗੀਤਾਂ ਦਾ ਬੱਚਿਆਂ ‘ਤੇ ਗਲਤ ਪ੍ਰਭਾਵ ਪੈਂਦਾ ਹੈ।” ਉਨ੍ਹਾਂ ਨੇ ਅਦਾਲਤ ਦੇ ਉਸ ਨਿਰਦੇਸ਼ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਗੀਤ ਨਹੀਂ ਚਲਾਏ ਜਾਣੇ ਚਾਹੀਦੇ, ਇੱਥੋਂ ਤੱਕ ਕਿ ਲਾਈਵ ਪਰਫਾਰਮੈਂਸ ਦੌਰਾਨ ਵੀ ਨਹੀਂ।
ਉਨ੍ਹਾਂ ਦੀ ਦੂਜੀ ਮੰਗ ਹੈ ਕਿ ਪਰਫਾਰਮੈਂਸ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਇਆ ਜਾਵੇ। ਧਰੇਨਾਵਰ ਦਾ ਤਰਕ ਹੈ ਕਿ ਲਾਈਵ ਕੰਸਰਟ ਵਿੱਚ ਬਹੁਤ ਤੇਜ਼ ਆਵਾਜ਼ ਅਤੇ ਚਮਕਦਾਰ ਲਾਈਟਾਂ ਹੁੰਦੀਆਂ ਹਨ, ਜੋ ਬੱਚਿਆਂ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀਆਂ ਹਨ। ਉਨ੍ਹਾਂ ਨੇ ਆਵਾਜ਼ ਦੇ ਸੰਪਰਕ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ਦੀਆਂ ਗਾਈਡਲਾਈਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ 120 ਡੈਸੀਬਲ ਤੋਂ ਵੱਧ ਤੇਜ਼ ਆਵਾਜ਼ ਦੇ ਸੰਪਰਕ ਵਿੱਚ ਨਹੀਂ ਆਉਣਾ ਚਾਹੀਦਾ।
ਤੀਜਾ ਇਤਰਾਜ਼ ਇਸ ਗੱਲ ‘ਤੇ ਹੈ ਕਿ ਪਰਫਾਰਮੈਂਸ ਦੌਰਾਨ ਦਿਲਜੀਤ ਆਪਣੀ ਛਾਤੀ ‘ਤੇ ਚਾਂਦੀ ਦੀਆਂ ਗੋਲੀਆਂ ਵਾਲੀਆਂ ਦੋ ਬੈਲਟਾਂ ਪਹਿਨਦੇ ਹਨ, ਜਿਨ੍ਹਾਂ ਨੂੰ ‘ਬੈਂਡੋਲੀਅਰ’ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਨਕਲੀ ਧਾਤ ਦੇ ਕਾਰਤੂਸ ਵੀ ਹੁੰਦੇ ਹਨ। ਧਰੇਨਾਵਰ ਦਾ ਕਹਿਣਾ ਹੈ ਕਿ ਇਹ ਚੀਜ਼ਾਂ ‘ਗਨ ਕਲਚਰ’ (ਬੰਦੂਕ ਸੱਭਿਆਚਾਰ) ਨੂੰ ਦਰਸਾਉਂਦੀਆਂ ਹਨ ਅਤੇ ਦਰਸ਼ਕਾਂ, ਖ਼ਾਸ ਕਰਕੇ ਬੱਚਿਆਂ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ।
ਪੁਲਿਸ ਕਮਿਸ਼ਨਰ ਨੂੰ ਲਿਖੇ DCPO ਦੇ ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੰਸਰਟ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ। ‘ਬੁੱਕਮਾਈਸ਼ੋ’ (BookMyShow) ਦੀ ਅਧਿਕਾਰਤ ਲਿਸਟਿੰਗ ਵਿੱਚ ਵੀ ਦਾਖ਼ਲੇ ਲਈ ਘੱਟੋ-ਘੱਟ ਉਮਰ 5 ਸਾਲ ਦੱਸੀ ਗਈ ਹੈ। ਇਹ ਪ੍ਰੋਗਰਾਮ 21 ਨਵੰਬਰ ਨੂੰ ਮੋਟੇਰਾ ਸਥਿਤ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣਾ ਹੈ ਅਤੇ ਪਰਫਾਰਮੈਂਸ ਦੁਪਹਿਰ 3 ਵਜੇ ਸ਼ੁਰੂ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




