IndiaTop News

ਉਮਰ ਮਹਿਜ਼ 8 ਸਾਲ, ਦਿਮਾਗ਼ ਸ਼ਾਤਰ… ਪੰਚਕੂਲਾ ‘ਚ KG ਦੀ ਬੱਚੀ ‘ਤੇ ਜਾਨਲੇਵਾ ਹਮਲਾ ਕਰਕੇ ਮੁਲਜ਼ਮ ਵਿਦਿਆਰਥੀ ਨੇ ਰਚੀ ਝੂਠੀ ਕਹਾਣੀ

ਪੰਚਕੂਲਾ ਸਥਿਤ ਸੰਸਕ੍ਰਿਤੀ ਮਾਡਲ ਸਕੂਲ ਅੰਦਰ ਕੇਜੀ (KG) ਜਮਾਤ ਦੀ ਇੱਕ ਮਾਸੂਮ ਬੱਚੀ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਦੀਆਂ ਇੱਕ ਤੋਂ ਬਾਅਦ ਇੱਕ ਗੰਭੀਰ ਲਾਪ੍ਰਵਾਹੀਆਂ ਉੱਭਰ ਕੇ ਸਾਹਮਣੇ ਆਈਆਂ ਹਨ। ਮਾਮਲੇ ਮੁਤਾਬਕ 8 ਸਾਲਾ ਮੁਲਜ਼ਮ ਵਿਦਿਆਰਥੀ ਨੇ ਨਾ ਸਿਰਫ਼ ਪਿਤਾ ਦਾ ਝੂਠਾ ਬਹਾਨਾ ਬਣਾ ਕੇ ਮਾਸੂਮ ਬੱਚੀ ਨੂੰ ਇੱਕ ਸੁੰਨਸਾਨ ਕਮਰੇ ਵਿੱਚ ਲਿਜਾ ਕੇ ਗਮਲਿਆਂ ਅਤੇ ਪੱਥਰਾਂ ਨਾਲ ਬੇਰਹਿਮੀ ਨਾਲ ਕੁੱਟਿਆ, ਸਗੋਂ ਭੇਤ ਖੁੱਲ੍ਹਣ ਦੇ ਡਰੋਂ ਬੱਚੀ ਦੇ ਪਿਤਾ ਨੂੰ ਗੁਮਰਾਹ ਕਰਨ ਲਈ ਇੱਕ ਮਨਘੜਤ ਕਹਾਣੀ ਵੀ ਰਚ ਦਿੱਤੀ।
ਦੂਜੇ ਪਾਸੇ, ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਵੀਡੀਓ ਇੰਨੀ ਭਿਆਨਕ ਤੇ ਖ਼ੌਫ਼ਨਾਕ ਸੀ ਕਿ ਉਨ੍ਹਾਂ ਕੋਲੋਂ ਪੂਰੀ ਵੇਖੀ ਵੀ ਨਹੀਂ ਗਈ। ਇਸ ਪੂਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਪੜਤਾਲ ਲਈ ਉੱਚ ਪੱਧਰੀ ਜਾਂਚ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਿਦਿਆਰਥੀ ਦੀਆਂ ਅਜਿਹੀਆਂ ਹਰਕਤਾਂ ਅਤੇ ਛੋਟੇ ਬੱਚਿਆਂ ਨਾਲ ਕੁੱਟਮਾਰ ਕਰਨ ਸਬੰਧੀ ਸ਼ਿਕਾਇਤਾਂ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਕੋਲ ਪਹੁੰਚੀਆਂ ਸਨ, ਪ੍ਰੰਤੂ ਇਸ ਦੇ ਬਾਵਜੂਦ ਉਸ ਉੱਪਰ ਕੋਈ ਨਿਗਰਾਨੀ ਨਹੀਂ ਰੱਖੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕੈਮਰੇ ਵਿੱਚ ਇਸ ਘਟਨਾ ਦੀ ਸਮੁੱਚੀ ਵਾਰਦਾਤ ਕੈਦ ਹੋਈ, ਉਸ ਦੀ ਲਾਈਵ ਸਕ੍ਰੀਨ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਬਿਲਕੁਲ ਸਾਹਮਣੇ ਚੱਲ ਰਹੀ ਸੀ। ਇਸ ਦੇ ਬਾਵਜੂਦ ਘਟਨਾ ਸਮੇਂ ਕੈਮਰਿਆਂ ਦੀ ਲਾਈਵ ਨਿਗਰਾਨੀ ਕਰਨ ਲਈ ਕੋਈ ਵੀ ਜ਼ਿੰਮੇਵਾਰ ਵਿਅਕਤੀ ਮੌਜੂਦ ਨਹੀਂ ਸੀ। ਲਾਚਾਰ ਪਿਤਾ ਸਕੂਲ ਕੰਪਲੈਕਸ ਵਿੱਚ ਕਰੀਬ 3 ਘੰਟਿਆਂ ਤੱਕ ਆਪਣੀ ਮਾਸੂਮ ਬੱਚੀ ਦੀ ਭਾਲ ਕਰਦਾ ਰਿਹਾ, ਪਰ ਸੁਰੱਖਿਆ ਮੁਲਾਜ਼ਮਾਂ ਨੇ ਉੱਪਰਲੀਆਂ ਮੰਜ਼ਿਲਾਂ ਦੇ ਕਮਰਿਆਂ ਨੂੰ ਬਿਨਾਂ ਜਾਂਚ ਕੀਤਿਆਂ ਹੀ ਬਾਹਰੋਂ ਜਿੰਦਰੇ ਜੜ ਦਿੱਤੇ ਅਤੇ ਨਾ ਹੀ ਸੀਸੀਟੀਵੀ ਫੁਟੇਜ ਦੀ ਫ਼ੌਰੀ ਜਾਂਚ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਆਰੋਪੀ ਵਿਦਿਆਰਥੀ ਬੱਚੀ ਕੋਲ ਪਹੁੰਚਿਆ ਅਤੇ ਕਹਿਣ ਲੱਗਾ ਕਿ “ਤੁਹਾਡੀ ਛੁੱਟੀ ਹੋ ਗਈ ਹੈ ਅਤੇ ਤੁਹਾਡੇ ਪਾਪਾ ਬਾਹਰ ਬੁਲਾ ਰਹੇ ਹਨ।” ਮਾਸੂਮ ਬੱਚੀ ਉਸ ਦੇ ਝਾਂਸੇ ਵਿੱਚ ਆ ਗਈ ਅਤੇ ਉਹ ਉਸ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੇ ਸਥਿਤ ਇੱਕ ਸੁੰਨਸਾਨ ਕਮਰੇ ਵਿੱਚ ਲੈ ਗਿਆ। ਪਹਿਲੀ ਮੰਜ਼ਿਲ ਤੇ ਲਿਜਾ ਕੇ ਉਸ ਨੇ ਬੱਚੀ ਨੂੰ ਲੱਤਾਂ ਮਾਰੀਆਂ, ਪੱਥਰਾਂ ਨਾਲ ਹਮਲਾ ਕੀਤਾ ਅਤੇ ਭਾਰੀ ਗਮਲੇ ਚੁੱਕ ਕੇ ਉਸ ਦੇ ਸਿਰ ਤੇ ਚਿਹਰੇ ਤੇ ਵਾਰ ਕੀਤੇ। ਬੱਚੀ ਦੇ ਬੇਹੋਸ਼ ਹੋ ਜਾਣ ਮਗਰੋਂ ਵੀ ਉਹ ਉਸ ਨੂੰ ਬੇਰਹਿਮੀ ਨਾਲ ਜ਼ਮੀਨ ਤੇ ਘੜੀਸਦਾ ਰਿਹਾ। ਜਦੋਂ ਕਾਫ਼ੀ ਦੇਰ ਤੱਕ ਬੱਚੀ ਨਹੀਂ ਮਿਲੀ ਅਤੇ ਉਸ ਦਾ ਪਿਤਾ ਲੱਭਦਾ ਹੋਇਆ ਉੱਪਰ ਪਹੁੰਚਿਆ, ਤਾਂ ਮੁਲਜ਼ਮ ਬੱਚਾ ਡਰ ਗਿਆ। ਉਹ ਖ਼ੁਦ ਪਿਤਾ ਨੂੰ ਉਸ ਕਮਰੇ ਤੱਕ ਲੈ ਕੇ ਗਿਆ ਅਤੇ ਬੜੀ ਚਲਾਕੀ ਨਾਲ ਕਹਿਣ ਲੱਗਾ “ਕੁਝ ਸੀਨੀਅਰ ਵਿਦਿਆਰਥੀਆਂ ਨੇ ਤੁਹਾਡੀ ਧੀ ਦੀ ਕੁੱਟਮਾਰ ਕਰਕੇ ਉਸ ਨੂੰ ਇੱਥੇ ਜ਼ਖ਼ਮੀ ਹਾਲਤ ਵਿੱਚ ਸੁੱਟ ਦਿੱਤਾ ਹੈ।”
ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਇਹ ਵੀਡੀਓ ਦੇਖੀ ਹੈ ਅਤੇ ਇਹ ਇੰਨੀ ਦਰਦਨਾਕ ਸੀ ਕਿ ਉਨ੍ਹਾਂ ਕੋਲੋਂ ਪੂਰੀ ਵੇਖੀ ਨਹੀਂ ਗਈ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਬੱਚੀ ਨਾਲ ਅਜਿਹੀ ਘਟਨਾ ਵਾਪਰਨਾ ਬੇਹੱਦ ਦਿਲ ਕੰਬਾਊ ਹੈ। ਉਨ੍ਹਾਂ ਨੇ ਤੁਰੰਤ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਅੱਜ ਜਾਂ ਕੱਲ੍ਹ ਤੱਕ ਇਸ ਕਮੇਟੀ ਦੀ ਜਾਂਚ ਰਿਪੋਰਟ ਸਾਹਮਣੇ ਆ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘਟਨਾ ਵਿੱਚ ਜੋ ਵੀ ਅਧਿਕਾਰੀ ਜਾਂ ਸਕੂਲ ਪ੍ਰਸ਼ਾਸਨ ਦਾ ਮੁਲਾਜ਼ਮ ਲਾਪ੍ਰਵਾਹ ਪਾਇਆ ਗਿਆ, ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੈਕਟਰ-6 ਸਥਿਤ ਸਿਵਲ ਹਸਪਤਾਲ ਵਿੱਚ ਮੁੱਢਲੇ ਇਲਾਜ ਮਗਰੋਂ ਗੰਭੀਰ ਹਾਲਤ ਨੂੰ ਦੇਖਦਿਆਂ ਬੱਚੀ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਆਈਸੀਯੂ ਅੰਦਰ ਵੈਂਟੀਲੇਟਰ ਤੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸੈਕਟਰ-20 ਥਾਣੇ ਦੇ ਮੁਖੀ ਯਸ਼ਦੀਪ ਅਤੇ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਪੁਲਿਸ ਟੀਮ ਸਮੇਤ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਮੁਲਜ਼ਮ ਬੱਚੇ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸ ਦੇ ਅਜਿਹੇ ਹਿੰਸਕ ਵਤੀਰੇ ਅਤੇ ਕਾਰਨਾਂ ਦੀ ਅਸਲੀਅਤ ਸਾਹਮਣੇ ਆ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button