InternationalTop News

ਅਮਰੀਕਾ ਦੀ ਵੱਡੀ ਕਾਰਵਾਈ: ਭਾਰਤੀ ਜੋੜੇ ਸਮੇਤ 9 ਕੰਪਨੀਆਂ ’ਤੇ ਲਾਈਆਂ ਪਾਬੰਦੀਆਂ, ਈਰਾਨ ਦੀ ਮਦਦ ਕਰਨ ਦਾ ਦੋਸ਼

 ਅਮਰੀਕਾ ਨੇ ਭਾਰਤ ਅਤੇ ਤੁਰਕੀ ਦੀਆਂ ਕੰਪਨੀਆਂ ਤੇ ਵਿਅਕਤੀਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਈਰਾਨ ਨੂੰ ਤੇਲ ਨਾਲ ਜੁੜੀਆਂ ਪਾਬੰਦੀਆਂ ਤੋਂ ਬਚਣ ਵਿੱਚ ਮਦਦ ਕੀਤੀ ਹੈ।ਅਮਰੀਕੀ ਖਜ਼ਾਨਾ ਵਿਭਾਗ ਨੇ ਇਹ ਨਵੀਆਂ ਪਾਬੰਦੀਆਂ ਉਸ ਸਮੇਂ ਲਗਾਈਆਂ ਹਨ, ਜਦੋਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਸ ਨੇ ਵੱਡੀ ਜਿੱਤ ਹਾਸਲ ਕਰਦਿਆਂ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਕੰਟਰੋਲ ਹਾਸਲ ਕਰ ਲਿਆ ਹੈ। ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਈਰਾਨ ਯੁੱਧ ਅਤੇ ਅਮਰੀਕਾ ਵਿੱਚ ਵਧਦੀ ਮਹਿੰਗਾਈ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।ਇਹ ਪਾਬੰਦੀਆਂ ਟਰੰਪ ਪ੍ਰਸ਼ਾਸਨ ਦੇ ‘ਆਪਰੇਸ਼ਨ ਇਕਨਾਮਿਕ ਆਊਟਕਾਸਟ’ ਦਾ ਹਿੱਸਾ ਹਨ। ਇਸ ਦਾ ਮਕਸਦ ਈਰਾਨ ਦੀ ਤੇਲ ਵੇਚਣ ਦੀ ਸਮਰੱਥਾ ਨੂੰ ਖ਼ਤਮ ਕਰਨਾ ਹੈ, ਤਾਂ ਜੋ ਉਹ ਅਮਰੀਕਾ ਅਤੇ ਇਜ਼ਰਾਈਲ ਖ਼ਿਲਾਫ਼ ਜੰਗ ਲਈ ਫੰਡ ਇਕੱਠੇ ਨਾ ਕਰ ਸਕੇ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਈਰਾਨੀ ਸਰਕਾਰ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਰਵਾਈ ਜਾਰੀ ਰੱਖੇਗ
ਪਾਬੰਦੀਆਂ ਦੀ ਸੂਚੀ ਵਿੱਚ ਭਾਰਤ ਵਿੱਚ ਰਹਿਣ ਵਾਲੇ ਸੁਨੀਲ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਜਸਪ੍ਰੀਤ ਪ੍ਰੀਤੀ ਸ਼ਾਹਿਦ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਭਾਰਤੀ ਨਾਗਰਿਕ ਵੀ ਸ਼ਾਮਲ ਹਨ, ਜੋ ਇਸ ਜੋੜੇ ਦੇ ਦੋ ਕਾਰੋਬਾਰਾਂ ਦਾ ਪ੍ਰਬੰਧਨ ਕਰਦੇ ਹਨ।ਸ਼ਰਮਾ ਨਾਲ ਜੁੜੀਆਂ ਨੌਂ ਵੱਖ-ਵੱਖ ਕੰਪਨੀਆਂ ਅਤੇ ਸੰਸਥਾਵਾਂ ਨੂੰ ਵੀ ਪਾਬੰਦੀਆਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਅਮਰੀਕੀ ਖਜ਼ਾਨਾ ਵਿਭਾਗ ਮੁਤਾਬਕ ਇਨ੍ਹਾਂ ਸਾਰਿਆਂ ਨੇ ਸਮੁੰਦਰੀ ਧੋਖਾਧੜੀ ਦੇ ਇੱਕ ਨੈੱਟਵਰਕ ਰਾਹੀਂ ਈਰਾਨ ਦੇ ‘ਸ਼ੈਡੋ ਫਲੀਟ’ ਨੂੰ ਸਹਾਇਤਾ ਦਿੱਤੀ ਸੀ।
ਖਜ਼ਾਨਾ ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਨੈੱਟਵਰਕ ਰਾਹੀਂ ਈਰਾਨੀ ਪੈਟਰੋਲੀਅਮ ਦੀ ਢੋਆ-ਢੁਆਈ ਵਿੱਚ ਸ਼ਾਮਲ ਪਾਬੰਦੀਸ਼ੁਦਾ ਜਹਾਜ਼ਾਂ ਨੂੰ ਜਾਅਲੀ ਝੰਡੇ ਅਤੇ ਸਰਟੀਫਿਕੇਟ ਮੁਹੱਈਆ ਕਰਵਾਏ ਗਏ। ਇਨ੍ਹਾਂ ਵਿੱਚ ਉਹ ਜਹਾਜ਼ ਵੀ ਸ਼ਾਮਲ ਹਨ, ਜੋ ਈਰਾਨੀ ਫ਼ੌਜ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਲਈ ਕੰਮ ਕਰਦੇ ਹਨ।
ਜਾਅਲੀ ਝੰਡਿਆਂ ਅਤੇ ਸਮੁੰਦਰੀ ਸਰਟੀਫਿਕੇਟਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਜਹਾਜ਼ ਕੌਮਾਂਤਰੀ ਸੁਰੱਖਿਆ ਅਤੇ ਵਾਤਾਵਰਨ ਨਿਯਮਾਂ ਤੋਂ ਬਚ ਨਿਕਲਦੇ ਹਨ। ਇਨ੍ਹਾਂ ਕੋਲ ਮੁਆਵਜ਼ੇ ਲਈ ਕੋਈ ਬੀਮਾ ਵੀ ਨਹੀਂ ਹੁੰਦਾ। ਇਸ ਕਾਰਨ ਅਜਿਹੇ ਜਹਾਜ਼ ਉਨ੍ਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਪਹੁੰਚਾ ਸਕਦੇ ਹਨ, ਜਿਨ੍ਹਾਂ ਦੇ ਸਮੁੰਦਰੀ ਖੇਤਰਾਂ ਵਿੱਚ ਉਹ ਕੰਮ ਕਰਦੇ ਹਨ
ਅਮਰੀਕਾ ਨੇ ਤੁਰਕੀ ਸਥਿਤ ਫਿਊਗੋ ਗਰਾਊਂਡ ਸਰਵਿਸਿਜ਼ ਇੰਕ. ’ਤੇ ਵੀ ਪਾਬੰਦੀਆਂ ਲਗਾਈਆਂ ਹਨ। ਇਹ ਕੰਪਨੀ ਈਰਾਨ ਦੇ ਹਵਾਬਾਜ਼ੀ ਖੇਤਰ ਨੂੰ ਲਗਾਤਾਰ ਸਹਾਇਤਾ ਦੇ ਰਹੀ ਸੀ, ਜਿਸ ’ਤੇ ਪਹਿਲਾਂ ਤੋਂ ਹੀ ਸਖ਼ਤ ਪਾਬੰਦੀਆਂ ਲੱਗੀਆਂ ਹੋਈਆਂ ਹਨ।
ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕੀ ਸਰਕਾਰ ਤਹਿਰਾਨ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਰਵਾਈ ਜਾਰੀ ਰੱਖੇਗੀ।
ਸਕਾਟ ਬੇਸੈਂਟ ਨੇ ਇੱਕ ਬਿਆਨ ਵਿੱਚ ਕਿਹਾ, ”ਸਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਹੋ। ਜਿਹੜੇ ਲੋਕ ਈਰਾਨੀ ਸ਼ਾਸਨ ਦਾ ਸਮਰਥਨ ਕਰਨਾ ਜਾਰੀ ਰੱਖਣਗੇ, ਉਨ੍ਹਾਂ ’ਤੇ ਅਸੀਂ ਪਾਬੰਦੀਆਂ ਲਗਾਵਾਂਗੇ, ਭਾਵੇਂ ਉਹ ਜ਼ਮੀਨੀ, ਸਮੁੰਦਰੀ ਜਾਂ ਹਵਾਈ ਰਸਤੇ ਅਜਿਹਾ ਕਰ ਰਹੇ ਹੋਣ।”
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਵੀ ਕਿਹਾ ਕਿ ਆਪਰੇਸ਼ਨ ਇਕਨਾਮਿਕ ਆਊਟਕਾਸਟ ਤਹਿਤ ਸਪੱਸ਼ਟ ਹੈ ਕਿ ਤੁਸੀਂ ਜਾਂ ਤਾਂ ਸਾਡੇ ਨਾਲ ਹੋ ਜਾਂ ਸਾਡੇ ਖ਼ਿਲਾਫ਼।
‘ਆਬਸੀਡੀਅਨ ਰਿਸਕ ਐਡਵਾਈਜ਼ਰਜ਼’ ਦੇ ਮੈਨੇਜਿੰਗ ਪ੍ਰਿੰਸੀਪਲ ਬ੍ਰੈਟ ਐਰਿਕਸਨ ਨੇ ਸਮਾਚਾਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਇਨ੍ਹਾਂ ਨਵੀਆਂ ਪਾਬੰਦੀਆਂ ਰਾਹੀਂ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਕਿ ਚੋਣਾਂ ਵਿੱਚ ਮਾੜੇ ਨਤੀਜਿਆਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਈਰਾਨ ਖ਼ਿਲਾਫ਼ ਆਪਣੀ ਆਰਥਿਕ ਜੰਗ ਹੋਰ ਤੇਜ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਵੀ ਵਾਸ਼ਿੰਗਟਨ ਤਣਾਅ ਘਟਾਉਣ ਵੱਲ ਇੱਕ ਛੋਟਾ ਜਿਹਾ ਕਦਮ ਚੁੱਕਣ ਲਈ ਵੀ ਤਿਆਰ ਨਹੀਂ ਦਿਖਾਈ ਦੇ ਰਿਹਾ।
ਅਮਰੀਕੀ ਖਜ਼ਾਨਾ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਰਹਿਣ ਵਾਲੇ ਸ਼ਰਮਾ ਅਤੇ ਸ਼ਾਹਿਦ ਨੇ ਗੁਯਾਨਾ, ਐਸਵਾਤੀਨੀ ਅਤੇ ਲਾਓਸ ਵਰਗੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਦਾ ਝੂਠਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਨਾਂ ’ਤੇ ਝੰਡੇ ਅਤੇ ਸਰਟੀਫਿਕੇਟ ਜਾਰੀ ਕੀਤੇ, ਜਿਸ ਨਾਲ ਈਰਾਨੀ ਫ਼ੌਜ ਅਤੇ ਉਸ ਦੇ ਸਹਿਯੋਗੀਆਂ ਲਈ ਕੰਮ ਕਰਨ ਵਾਲੇ ਜਹਾਜ਼ਾਂ ਨੂੰ ਕੌਮਾਂਤਰੀ ਪਾਬੰਦੀਆਂ ਤੋਂ ਬਚਣ ਅਤੇ ਆਪਣਾ ਕਾਰੋਬਾਰ ਜਾਰੀ ਰੱਖਣ ਵਿੱਚ ਮਦਦ ਮਿਲੀ।ਸ਼ਰਮਾ ਦੇ ਨੈੱਟਵਰਕ ਨੇ ਵੈੱਬ ਡੋਮੇਨ ਖਰੀਦੇ ਅਤੇ ਅਜਿਹੀਆਂ ਵੈੱਬਸਾਈਟਾਂ ਬਣਾਈਆਂ, ਜੋ ਇਨ੍ਹਾਂ ਦੇਸ਼ਾਂ ਅਤੇ ਹੋਰ ਮੁਲਕਾਂ ਵੱਲੋਂ ਸਮੁੰਦਰੀ ਸੇਵਾਵਾਂ ਦੇਣ ਦਾ ਦਾਅਵਾ ਕਰਦੀਆਂ ਸਨ। ਇਨ੍ਹਾਂ ਸੇਵਾਵਾਂ ਵਿੱਚ ਜਹਾਜ਼ਾਂ ਦੀ ਰਜਿਸਟ੍ਰੇਸ਼ਨ, ਸਮੁੰਦਰੀ ਕਰਮਚਾਰੀਆਂ ਦੀ ਸਿਖਲਾਈ ਤੇ ਸਰਟੀਫਿਕੇਸ਼ਨ ਅਤੇ ਜਹਾਜ਼ਾਂ ਦੀ ਵਰਗੀਕਰਨ ਸੇਵਾ ਸ਼ਾਮਲ ਸੀ।
ਇਸ ਜੋੜੇ ਨੇ ਭਾਰਤ ਵਿੱਚ ਸਥਿਤ ਕੰਪਨੀਆਂ ਦਾ ਇੱਕ ਨੈੱਟਵਰਕ ਵੀ ਚਲਾਇਆ, ਜਿਸ ਦੀ ਵਰਤੋਂ ਜਾਅਲੀ ਸਮੁੰਦਰੀ ਝੰਡਾ ਰਜਿਸਟਰੀਆਂ ਬਣਾਉਣ ਲਈ ਕੀਤੀ ਜਾਂਦੀ ਸੀ। ਇਨ੍ਹਾਂ ਕੰਪਨੀਆਂ ’ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।
ਖਜ਼ਾਨਾ ਵਿਭਾਗ ਨੇ ਦੱਸਿਆ ਕਿ ਪਾਬੰਦੀਸ਼ੁਦਾ ਤੁਰਕੀ ਦੀ ਕੰਪਨੀ ਫਿਊਗੋ ਗਰਾਊਂਡ ਸਰਵਿਸਿਜ਼ ਨੇ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਕਈ ਈਰਾਨੀ ਏਅਰਲਾਈਨਾਂ ਨੂੰ ਗਰਾਊਂਡ ਹੈਂਡਲਿੰਗ ਅਤੇ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ। ਇਨ੍ਹਾਂ ਵਿੱਚ ਈਰਾਨ ਏਅਰ ਟੂਰ, ਸਾਹਾ ਏਅਰਲਾਈਨਜ਼, ਤਬਾਨ ਏਅਰਲਾਈਨਜ਼ ਅਤੇ ਅਤਾ ਏਅਰਲਾਈਨਜ਼ ਸ਼ਾਮਲ ਹਨ, ਜੋ ਤੁਰਕੀ ਲਈ ਉਡਾਣਾਂ ਭਰਦੀਆਂ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button