
ਵਿਦੇਸ਼ ਦੀ ਚਮਕ-ਧਮਕ ਵਾਲੀ ਜ਼ਿੰਦਗੀ ਅਤੇ ਝੂਠੇ ਸੁਪਨੇ ਅੱਜ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ। ਦੁਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਇਸ ਦਲਦਲ ਵਿੱਚ ਧੱਕਣ ਵਾਲਾ ਕੋਈ ਆਪਣਾ ਹੀ ਹੁੰਦਾ ਹੈ। ਅਜਿਹੀ ਹੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਪੰਜਾਬ ਦੀਆਂ ਅਤੇ ਇੱਕ ਕੇਰਲ ਦੀ ਰਹਿਣ ਵਾਲੀ ਹੈ।
ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਮਿਲਣ ਪਹੁੰਚੀ ਇੱਕ ਪੀੜਤਾ ਲੜਕੀ ਨੇ ਆਪਣੀ ਰੋਂਗਟੇ ਖੜੇ ਕਰਨ ਵਾਲੀ ਆਪ- ਬੀਤੀ ਸਾਂਝੀ ਕਰਦਿਆਂ ਕਿਹਾ ਕਿ, ਜੇਕਰ ਇੱਕ ਲੜਕੀ ਉੱਥੋਂ ਵਾਪਸ ਆ ਰਹੀ ਹੈ, ਤਾਂ ਉਸ ਦੀ ਥਾਂ ਕਈ ਹੋਰ ਲੜਕੀਆਂ ਨੂੰ ਫਸਾ ਦਿੱਤਾ ਜਾਂਦਾ ਹੈ।
ਇਹ ਵਾਪਸੀ ਵਿਦੇਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਈ। ਜਿਸ ਲਈ ਸੰਤ ਸੀਚੇਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਸੀ, ਜੋ ਵਿਦੇਸ਼ਾਂ ਵਿੱਚ ਝੂਠੇ ਵਾਅਦਿਆਂ ਅਤੇ ਮਨੁੱਖੀ ਤਸਕਰੀ ਦੇ ਜਾਲ ਵਿੱਚ ਫਸੀਆਂ ਹੋਈਆਂ ਸਨ। ਅੱਜ ਉਨ੍ਹਾਂ ਵਿੱਚੋਂ ਇੱਕ ਪੀੜਤਾ ਧੰਨਵਾਦ ਪ੍ਰਗਟ ਕਰਨ ਲਈ ਸੰਤ ਸੀਚੇਵਾਲ ਕੋਲ ਪਹੁੰਚੀ। ਇਸ ਲੜਕੀ ਦਾ ਪਰਿਵਾਰ ਦਸੰਬਰ ਮਹੀਨੇ ਸਹਾਇਤਾ ਲਈ ਸੰਤ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਵਿੱਚ ਆਇਆ ਸੀ ਅਤੇ ਲੜਕੀ 2 ਫਰਵਰੀ ਨੂੰ ਸੁਰੱਖਿਅਤ ਤੌਰ ਤੇ ਭਾਰਤ ਵਾਪਸ ਪਹੁੰਚੀ।
ਪੀੜਤਾ ਨੇ ਦੱਸਿਆ ਕਿ ਉਹ ਮਈ 2024 ਵਿੱਚ ਆਪਣੀ ਹੀ ਕਜ਼ਨ ਭੈਣ ਦੇ ਰਾਹੀਂ ਓਮਾਨ ਗਈ ਸੀ, ਪਰ ਉਹ ਕਜ਼ਨ ਭੈਣ ਖੁਦ ਭਾਰਤ ਵਾਪਸ ਆ ਗਈ ਅਤੇ ਇਸ ਲੜਕੀ ਨੂੰ ਉੱਥੇ ਫਸਾ ਦਿੱਤਾ ਗਿਆ। ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਕਰਾਰਨਾਮਿਆਂ ਤੇ ਦਸਤਖ਼ਤ ਕਰਵਾ ਲਏ ਗਏ। ਲੜਕੀ ਨੇ ਆਪਣੀ ਦਰਦਨਾਕ ਹੱਡ ਬੀਤੀ ਦੱਸਦਿਆਂ ਕਿਹਾ ਕਿ ਭਾਰੀ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਕਦੇ ਵੀ ਤਨਖ਼ਾਹ ਨਹੀਂ ਦਿੱਤੀ ਗਈ। ਛੋਟੀਆਂ-ਛੋਟੀਆਂ ਗੱਲਾਂ ਤੇ ਮਾਰਕੁੱਟ, ਤਸ਼ੱਦਦ ਅਤੇ ਅਮਾਨਵੀ ਸਲੂਕ ਸਹਿਣਾ ਪੈਂਦਾ ਸੀ। ਜਦੋਂ ਉਸਨੇ ਵਾਪਸੀ ਦੀ ਮੰਗ ਕੀਤੀ, ਤਾਂ ਸਪੋਂਸਰਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਜਾਂਦਾ ਸੀ।
ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸਦੇ ਨਾਲ-ਨਾਲ ਓਮਾਨ ਵਿੱਚ ਕਰੀਬ 100 ਦੇ ਆਸ-ਪਾਸ ਹੋਰ ਭਾਰਤੀ ਲੜਕੀਆਂ ਵੀ ਇਸੇ ਤਰ੍ਹਾਂ ਫਸੀਆਂ ਹੋਈਆਂ ਸਨ। ਉਸਨੇ ਕਿਹਾ ਕਿ ਇੱਕ ਲੜਕੀ ਦੇ ਨਿਕਲਣ ਨਾਲ ਹੀ ਗਿਰੋਹ ਵੱਲੋਂ ਉਸ ਦੀ ਥਾਂ ਦੂਜੀ ਲੜਕੀ ਲਿਆਂਦੀ ਜਾਂਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਓਮਾਨ ਵਿੱਚ ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪੋਂਸਰ ਜਾਂ ਉਸ ਦੇ ਉੱਪਰਲੇ ਸਪੋਂਸਰ ਦੀ ਮਨਜ਼ੂਰੀ ਤੋਂ ਬਿਨਾਂ ਵਾਪਸੀ ਲਗਭਗ ਅਸੰਭਵ ਹੋ ਗਈ ਹੈ। ਪੈਸਿਆਂ ਦੀ ਅਦਾਇਗੀ ਕੀਤੇ ਬਿਨਾਂ ਲੜਕੀਆਂ ਨੂੰ ਮੁੜ ਭੇਜਣ ਤੋਂ ਸਾਫ਼ ਇਨਕਾਰ ਕੀਤਾ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




