ਸਿੱਖਾਂ ਦਾ ਡਰ ਜਾਇਜ਼ ਹੈ ਕਿ ਨਹੀਂ? ਜਰਾ ਤੁਸੀ ਹੀ ਦੱਸੋ
ਮੌਜੂਦਾ ਸਮੇਂ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਖਬਰ ਨੇ ਜਿੱਥੇ ਦੁਨੀਆਂ ਭਰ ਵਿੱਚ ਬੈਠੀ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਥਾਹ ਖੁਸ਼ੀ ਪ੍ਰਦਾਨ ਕੀਤੀ ਹੈ ਉੱਥੇ ਦੂਜੇ ਪਾਸੇ ਲੋਕਾਂ ਦੇ ਮਨਾਂ ਅੰਦਰ ਇੱਕ ਧੁਕਤੁਕੀ ਇਹ ਵੀ ਲੱਗੀ ਹੋਈ ਹੈ ਕਿ ਕਿਤੇ ਸਿਆਸੀ ਲੋਕ ਆਪਸ ਵਿਚ ਲੜ ਕੇ ਇਹ ਲਾਂਘੇ ਨੂੰ ਖੁਲ੍ਹਦਿਆਂ ਖੁਲ੍ਹਦਿਆਂ ਕਿਤੇ ਬੰਦ ਨਾ ਕਰਵਾ ਦੇਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸੰਗਤ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਵੇਗੀ। ਇਸ ਲਈ ਚਾਰੇ ਪਾਸੇ ਇਹ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਕਿ ਦੋਵਾਂ ਪਾਸੋਂ ਭਾਵੇਂ ਹਾਲਾਤ ਕਿਹਾ ਜਿਹੇ ਵੀ ਬਣ ਜਾਣ ਪਰ ਉਨ੍ਹਾਂ ਹਾਲਾਤਾਂ ਦਾ ਅਸਰ ਇਸ ਲਾਂਘੇ ਤੇ ਨਹੀਂ ਪੈਣਾ ਚਾਹੀਦਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 100 ਦਿਨ ਪਹਿਲਾਂ ਜਦੋਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਸੱਤਾ ਵਿੱਚ ਤਬਦੀਲੀ ਹੋਈ ਸੀ ਤਾਂ ਉੱਥੇ ਨਵੇਂ ਬਣੇ ਪ੍ਰਧਾਨਮੰਤਰੀ ਇਮਰਾਨ ਖਾਨ ਵਲੋਂ ਜਿੱਥੇ ਲਗਾਤਾਰ ਭਾਰਤ ਨਾਲ ਸੁਖਾਵੇਂ ਸੰਬੰਧ ਬਣਾਉਣ ਦੇ ਬਿਆਨ ਦਿੱਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਭਾਰਤੀ ਹੁਕਮਰਾਨ ਇਹ ਕਹਿ ਕੇ ਪਾਕਿਸਤਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਕਾਰਦੇ ਦਿਖਾਈ ਦਿੰਦੇ ਹਨ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਹਿ ਦੇਣੀ ਬੰਦ ਨਹੀਂ ਕਰਦਾ ਉਦੋਂ ਤੱਕ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਸੰਭਵ ਨਹੀਂ ਹੈ।
Read Also ਜੰਗਲਾਂ ‘ਚ ਰਾਤਾਂ ਕੱਟ ਕੇ ਸਿੱਖਾਂ ਨੇ ਬਚਾਈਆਂ ਜਾਨਾਂ, ਨਵੰਬਰ 84 ਕੌਮ ਨੂੰ ਕਰ ਗਿਆ ਸੀ ਬਰਬਾਦ
ਪਰ ਇਸਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਸਦਕਾ ਅੱਜ ਇਨ੍ਹਾਂ ਸੰਬੰਧਾਂ ਨੂੰ ਇੰਨੇ ਕੁ ਸੁਖਾਵੇਂ ਬਣਾਉਣ ਵਿੱਚ ਕਾਮਯਾਬੀ ਮਿਲੀ ਹੈ ਕਿ ਸਿੱਖ ਸੰਗਤ ਦੀ ਸੱਤ ਦਹਾਕਿਆਂ ਤੋਂ ਅਕਾਲਪੁਰਖ ਅੱਗੇ ਕੀਤੀ ਜਾ ਰਹੀ ਅਰਦਾਸ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਦੇ ਰੂਪ ਵਿੱਚ ਕਬੂਲ ਹੋਣ ਜਾ ਰਹੀ ਹੈ। ਇਸ ਮੌਕੇ ਬੀਤੀ 26 ਨਵੰਬਰ ਨੂੰ ਭਾਰਤ ਨੇ ਅਤੇ 28 ਨਵੰਬਰ ਨੂੰ ਪਾਕਿਸਤਾਨ ਨੇ ਆਪੋ ਆਪਣੇ ਪਾਸੇ ਇਸ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਸਮਾਗਮ ਕੀਤੇ ਜਿਸ ਵਿਚ ਜਿੱਥੇ ਭਾਰਤ ਵਾਲੇ ਪਾਸੇ ਲੀਡਰ ਇਸ ਲਾਂਘੇ ਨੂੰ ਖੋਲ੍ਹਣ ਲਈ ਇੱਕ ਦੂਜੇ ਤੋਂ ਸਿਹਰਾ ਖੋਹ-ਖੋਹ ਕੇ ਆਪਣੇ ਮੱਥੇ ਤੇ ਬੰਨ੍ਹਣ ਦੀ ਕੋਸ਼ਿਸ਼ ਕਰਦੇ ਦਿਸੇ ਉੱਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਸ ਮੌਕੇ ਵੀ ਪਾਕਿਸਤਾਨ ਨੂੰ ਅੱਤਵਾਦ ਦੇ ਨਾਮ ਤੇ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ। ਮੁੱਖਮੰਤਰੀ ਨੇ ਪਾਕਿਸਤਾਨ ਦੇ ਉਸ ਜਨਰਲ ਬਾਜਵਾ ਨੂੰ ਨਿਸ਼ਾਨਾ ਬਣਾ ਕੇ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਜਿਸ ਨਾਲ ਇੱਕ ਵਾਰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਮਨਾਂ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਗੱਲਾਂ ਸੁਣ ਕੇ ਪਾਕਿਸਤਾਨ ਇਹ ਲਾਂਘਾ ਖੋਲ੍ਹਣ ਤੋਂ ਮੁਕਰ ਹੀ ਨਾ ਜਾਵੇ। ਇਸ ਤੋਂ ਇਲਾਵਾ ਇੱਕ ਹੋਰ ਨਕਾਰਾਤਮਕ ਗੱਲ ਉਸ ਵੇਲੇ ਹੋਈ ਜਦੋਂ ਇਸ ਦੌਰਾਨ ਪਾਕਿਸਤਾਨ ਸਰਕਾਰ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੇ ਸਾਰਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਵੀ ਸੁਸ਼ਮਾ ਸਵਰਾਜ ਨੇ ਇਹ ਕਹਿ ਕੇ ਪਾਕਿਸਤਾਨ ਦੇ ਇਸ ਸੱਦੇ ਨੂੰ ਠੁਕਰਾ ਦਿੱਤਾ ਕਿ ਪਾਕਿ ਪਹਿਲਾਂ ਅੱਤਵਾਦ ਬੰਦ ਕਰੇ ਤੇ ਉਸ ਨਾਲ ਫਿਰ ਕੋਈ ਸਟੇਜ ਸਾਂਝੀ ਕੀਤੀ ਜਾ ਸਕਦੀ ਹੈ। ਸੁਸ਼ਮਾ ਸਵਰਾਜ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਦਿਨ ਬਾਅਦ ਇਮਰਾਨ ਖਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਹ ਸੁਣ ਕੇ ਵੀ ਲੋਕਾਂ ਦੇ ਦਿਲ ਦੀ ਧੜਕਣ ਇੱਕ ਵਾਰ ਫਿਰ ਵੱਧ ਗਈ ਕਿ ਕਿਤੇ ਇਸ ਗੱਲ ਤੋਂ ਨਾਰਾਜ਼ ਹੋ ਕੇ ਵੀ ਪਾਕਿਸਤਾਨ ਇਹ ਲਾਂਘਾ ਖੁਲ੍ਹਦਾ ਖੁਲ੍ਹਦਾ ਬੰਦ ਨਾ ਕਰ ਦੇਵੇ। ਪਰ ਬਾਬੇ ਨਾਨਕ ਦੀ ਮਿਹਰ ਸਦਕਾ ਸਾਰਾ ਕੁਝ ਸੁਖੀ ਸਾਂਦੀ ਨਿਬੜ ਗਿਆ ਤੇ ਦੋਵਾਂ ਪਾਸੋਂ ਇਸ ਲਾਂਘੇ ਦੀ ਉਸਾਰੀ ਦੇ ਕਾਰਜ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਹ ਸਭ ਬੀਤਿਆਂ ਅਜੇ ਇੱਕ ਦਿਨ ਹੀ ਹੋਇਆ ਸੀ ਕਿ ਪਾਕਿਸਤਾਨ ਵਿੱਚ ਇਮਰਾਨ ਖਾਨ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਕੀਤੇ ਗਏ ਇੱਕ ਵੱਡੇ ਸਮਾਗਮ ਦੌਰਾਨ ਬੋਲਦਿਆਂ ਉਥੋਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਹਿੰਦੁਸਤਾਨ ਸਰਕਾਰ ਨੇ ਉਨ੍ਹਾਂ ਵਲੋਂ ਭੇਜੇ ਗਏ ਅਮਨ ਦੇ ਪੈਗਾਮ ਨੂੰ ਬੇਸ਼ੱਕ ਨਕਾਰ ਦਿੱਤਾ ਸੀ
ਪਰ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਾਲੀ ਅਜਿਹੀ ਗੁਗਲੀ ਸੁੱਟੀ ਕਿ ਪੂਰੀ ਦੁਨੀਆਂ ਨੇ ਦੇਖਿਆ ਕਿ ਹਿੰਦੁਸਤਾਨ ਨੂੰ ਇਸ ਮੌਕੇ ਪਾਕਿਸਤਾਨ ਵਿੱਚ ਕੀਤੇ ਜਾਣ ਵਾਲੇ ਸਮਾਗਮ ਵਿਚ ਆਪਣੇ ਦੋ ਮੰਤਰੀ ਭੇਜਣੇ ਹੀ ਪਏ। ਭਾਵੇਂ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਇਸਨੂੰ ਅਮਨ ਦੇ ਯਤਨਾਂ ਦੀ ਜਿੱਤ ਕਰਕੇ ਪਰਚਾਰਿਆ ਸੀ ਪਰ ਹਿੰਦੁਸਤਾਨੀ ਮੀਡੀਆ ਦੇ ਕੁਝ ਹਲਕਿਆਂ ਵਲੋਂ ਕੁਰੈਸ਼ੀ ਦੇ ਇਸ ਬਿਆਨ ਨੂੰ ਇੰਝ ਕਰਕੇ ਪੇਸ਼ ਕੀਤਾ ਗਿਆ ਜਿਵੇਂ ਉਨ੍ਹਾਂ ਨੇ ਭਾਰਤੀ ਮੰਤਰੀਆਂ ਨੂੰ ਧੋਖੇ ਨਾਲ ਪਾਕਿਸਤਾਨ ਬੁਲਵਾ ਕੇ ਕੋਈ ਗਲਤ ਕੰਮ ਕਰਵਾ ਲਿਆ ਹੋਵੇ। ਜਿਉਂ ਹੀ ਇਹ ਬਿਆਨ ਚਾਰੇ ਪਾਸੇ ਵਾਇਰਲ ਹੋਇਆ ਤਾਂ ਜਿਨ੍ਹਾਂ ਨੇ ਹਿੰਦੁਸਤਾਨੀ ਮੀਡੀਆ ਦੇ ਉਸ ਖਾਸ ਹਲਕਿਆਂ ਵਲੋਂ ਚਲਾਏ ਗਏ ਉਸ ਬਿਆਨ ਨੂੰ ਸੁਣਿਆ ਉਨ੍ਹਾਂ ਨੇ ਪਾਕਿਸਤਾਨ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਥੋੜ੍ਹੇ ਸਿਆਣੇ ਸਨ ਉਨ੍ਹਾਂ ਨੇ ਪਾਕਿਸਤਾਨ ਦੇ ਜੀਓ ਟੀਵੀ ਵਲੋਂ ਪ੍ਰਸਾਰਿਤ ਕੀਤੇ ਗਏ ਉਸ 19 ਮਿੰਟ ਦੀ ਵੀਡੀਓ ਨੂੰ ਪੂਰਾ ਚਲਾ ਕੇ ਸੁਣਿਆ ਤੇ ਮਾਮਲਾ ਸਾਰੇ ਦਾ ਸਾਰਾ ਸਾਫ ਹੋ ਗਿਆ। ਇੱਥੇ ਇੱਕ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਵਲੋਂ ਆਪਣੇ ਭਾਸ਼ਣ ਦੇ ਅੰਤ ਵਿੱਚ ਰਾਗ ਕਸ਼ਮੀਰੀ ਇੱਕ ਵਾਰ ਫਿਰ ਛੇੜ ਲਿਆ ਤੇ ਜਾਂਦੇ ਜਾਂਦੇ ਉਹ ਕਸ਼ਮੀਰੀਆਂ ਨੂੰ ਇਹ ਕਹਿ ਗਏ ਕਿ ਕੁਝ ਵੀ ਹੋਵੇ ਪਾਕਿਸਤਾਨ ਪੂਰੀ ਤਰ੍ਹਾਂ ਉਨ੍ਹਾਂ ਦੀ ਹਿਮਾਇਤ ਕਰਦਾ ਰਹੇਗਾ।
ਬੱਸ ਕੁੱਲ ਮਿਲਾ ਕੇ ਕ੍ਰਿਪਾ ਇੱਥੇ ਹੀ ਅਟਕੀ ਹੋਈ ਹੈ ਕਿਉਂਕਿ ਜਿੱਥੇ ਪਾਕਿਸਤਾਨ ਕਸ਼ਮੀਰ ਨੂੰ ਪਿਛਲੇ 70 ਸਾਲਾਂ ਤੋਂ ਆਪਣਾ ਹਿੱਸਾ ਕਹਿੰਦਾ ਆ ਰਿਹਾ ਹੈ ਉੱਥੇ ਹਿੰਦੁਸਤਾਨ ਇਸਨੂੰ ਆਪਣਾ ਅਨਿੱਖੜਵਾਂ ਅੰਗ ਦੱਸਦਾ ਹੈ। ਇਸੇ ਸੂਬੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਹੁਣ ਤੱਕ ਤਿੰਨ ਜੰਗਾਂ ਹੋ ਚੁੱਕੀਆਂ ਹਨ ਜਿਸਨੇ ਦੋਵਾਂ ਹੀ ਦੇਸ਼ਾਂ ਦੀ ਆਵਾਮ ਦੇ ਮਨਾਂ ਅੰਦਰ ਇਹ ਮੁੱਦਾ ਧੁਰ ਅੰਦਰ ਤੱਕ ਵਾੜ ਦਿੱਤਾ ਹੈ ਜਿਸਨੂੰ ਜੇਕਰ ਪਾਕਿਸਤਾਨ ਇਕਦਮ ਛੱਡ ਦਿੰਦਾ ਹੈ ਤਾਂ ਉਥੋਂ ਦੇ ਸਿਆਸਤਦਾਨਾਂ ਨੂੰ ਪਾਕਿਸਤਾਨੀ ਕੱਟੜਪੰਥੀ ਤੋੜ ਤੋੜ ਕੇ ਖਾ ਜਾਣਗੇ। ਤੇ ਅਜਿਹਾ ਜਾਪਦਾ ਹੈ ਕਿ ਇਸਤੋਂ ਬਚਣ ਲਈ ਹੀ ਪਾਕਿਸਤਾਨ ਦੇ ਸਿਆਸਤਦਾਨਾਂ ਨੂੰ ਰਹਿ-ਰਹਿ ਕੇ ਰਾਗ ਕਸ਼ਮੀਰੀ ਛੇੜਨਾ ਹੀ ਪੈਂਦਾ ਹੈ। ਨਹੀਂ ਤਾਂ ਗੌਰ ਉਸ ਗੱਲ ਤੇ ਵੀ ਕਰਨੀ ਬਣਦੀ ਹੈ ਜਿਹੜੀ ਇਮਰਾਨ ਖਾਨ ਨੇ ਕਹੀ ਸੀ ਕਿ ਉਹ ਕਸ਼ਮੀਰ ਮਸਲੇ ਦਾ ਹੱਲ ਵੀ ਭਾਰਤ ਨਾਲ ਕੱਢਣਾ ਲੋਚਦੇ ਹਨ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਬੀਤੇ ਸਮੇਂ ਦੌਰਾਨ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਵਿਚ ਬੰਬ ਧਮਾਕੇ ਅਤੇ ਹਿੰਸਕ ਵਾਰਦਾਤਾਂ ਹੋਈਆਂ ਹਨ ਉਸਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜਾਂਚ ਕਰਕੇ ਸਾਰਾ ਭਾਂਡਾ ਪਾਕਿਸਤਾਨੀ ਸੂਹੀਆ ਏਜੰਸੀ ਆਈਐਸਆਈ ਦੇ ਸਿਰ ’ਤੇ ਭੰਨ ਦਿੱਤਾ ਹੈ। ਪਰ ਇਸਦੇ ਨਾਲ ਹੀ ਇੱਕ ਸੱਚ ਇਹ ਵੀ ਹੈ ਕਿ ਜਿੰਨੇ ਬੰਬ ਧਮਾਕੇ ਅਤੇ ਹਿੰਸਾ ਦੀਆਂ ਵਾਰਦਾਤਾਂ ਲਹਿੰਦੇ ਪੰਜਾਬ ਅਤੇ ਪੂਰੇ ਪਾਕਿਸਤਾਨ ਵਿੱਚ ਵਾਪਰ ਰਹੀਆਂ ਹਨ ਉਨੀਆਂ ਤਾਂ ਸ਼ਾਇਦ ਭਾਰਤ ਅੰਦਰ ਵਾਪਰਨ ਵੀ ਨਾ।
ਲਿਹਾਜ਼ਾ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਖਾਸ ਕਰ ਚੜ੍ਹਦੇ ਪੰਜਾਬ ਨਾਲੋਂ ਵੱਧ ਅੱਤਵਾਦ ਪੀੜਤ ਪਾਕਿਸਤਾਨ ਹੈ ਜਿਸਨੇ ਹਿੰਸਾਂ ਦੀਆਂ ਵਾਰਦਾਤਾਂ ਵਿੱਚ ਆਪਣੇ ਪ੍ਰਧਾਨ ਮੰਤਰੀ ਤੱਕ ਨੂੰ ਗਵਾ ਦਿੱਤਾ ਸੀ। ਭਾਰਤ ਸਰਕਾਰ ਵਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਕਸ਼ਮੀਰ ਦੇ ਨਾਲ-ਨਾਲ ਚੜ੍ਹਦੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਉਕਸਾ ਕੇ ਇੱਥੇ ਅੱਤਵਾਦ ਭੜਕਾਉਣਾ ਚਾਹੁੰਦਾ ਹੈ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਖਬਰ ਦੀ ਨਾਲ-ਨਾਲ ਕੁਝ ਹਲਕਿਆਂ ਵਲੋਂ ਇਹ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਇਹ ਲਾਂਘਾ ਤਾਂ ਖੁਲ੍ਹਣ ਜਾ ਰਿਹਾ ਹੈ ਪਰ ਇਸਦੇ ਨਾਲ ਅੱਤਵਾਦ ਵਧਣ ਦੀ ਸੰਭਾਵਨਾ ਵੱਧ ਜਾਵੇਗੀ। ਅਜਿਹੇ ਮੌਕੇ ਇਨ੍ਹਾਂ ਮਾਮਲਿਆਂ ਦੇ ਮਾਹਰ ਤਰਕ ਦਿੰਦੇ ਹਨ ਕਿ ਪੰਜਾਬ ਵਿਚ ਅੱਤਵਾਦ ਦਾ ਖਾਤਮਾ ਹੋਇਆਂ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਸਿੱਖ ਨੌਜਵਾਨ ਲਗਾਤਾਰ ਪਾਕਿਸਤਾਨ ਸਥਿਤ ਗੁਰਧਾਮਾ ਦੇ ਦਰਸ਼ਨਾਂ ਲਈ ਜਾ ਰਹੇ ਹਨ ਤੇ ਜੇਕਰ ਅਜਿਹਾ ਹੁੰਦਾ ਤਾਂ ਉਹ ਲੋਕ ਪੰਜਾਬ ਵਿੱਚ ਅੱਤਵਾਦ ਕਦੇ ਬੰਦ ਨਾ ਹੋਣ ਦਿੰਦੇ ਕਿਉਂਕਿ ਸਿੱਖ ਯਾਤਰੂਆਂ ਤੇ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਪਿਆ।
ਇੱਥੇ ਅਸੀਂ ਅਜਿਹਾ ਹਰਗਿਜ਼ ਨਹੀਂ ਕਹਿ ਰਹੇ ਕਿ ਰਾਤੋਂ ਰਾਤ ਕੁਝ ਅਜਿਹਾ ਹੋਇਆ ਹੈ ਜਿਸ ਨਾਲ ਪੂਰੀ ਤਰ੍ਹਾਂ ਪਾਕਿਸਤਾਨ ਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਪਰ ਜੇਕਰ ਵਿਸ਼ਵ ਪੱਧਰ ਤੇ ਪਾਕਿਸਤਾਨ ਪ੍ਰਤੀ ਬਦਲ ਰਹੇ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਜਿਸ ਤਰ੍ਹਾਂ ਅਮਰੀਕਾ ਨੇ ਪਾਕਿਸਤਾਨ ਨੂੰ ਵਿੱਤੀ ਮਦਦ ਦੇਣੀ ਬੰਦ ਕਰ ਦਿੱਤੀ ਹੈ ਉਸਨੂੰ ਦੇਖਦਿਆਂ ਸਮੇਂ ਦੀ ਇਹ ਮੰਗ ਹੈ ਕਿ ਪਾਕਿਸਤਾਨ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਦੇ ਅਜਿਹੇ ਸਾਧਨ ਮੁਹੱਈਆ ਕਰਵਾਵੇ ਜਿਸ ਨਾਲ ਨਾ ਸਿਰਫ਼ ਉਹ ਉਥੋਂ ਦੀ ਆਵਾਮ ਨੂੰ ਖੁਸ਼ਹਾਲ ਬਣਾ ਸਕੇ ਬਲਕਿ ਉਹ ਲੋਕ ਆਪਣੇ ਦੇਸ਼ ਨੂੰ ਆਤਮ ਨਿਰਭਰ ਵੀ ਬਣਾ ਸਕਣ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸਦੀ ਪੁਸ਼ਟੀ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਉਹ ਬਿਆਨ ਵੀ ਕਰਦਾ ਹੈ ਜਿਸ ਵਿਚ ਸ਼ਾਹ ਮਹਿਮੂਦ ਕੁਰੈਸ਼ੀ ਕਹਿੰਦੇ ਹਨ ਕਿ ਪਾਕਿਸਤਾਨ ਵਿਚ ਪੂੰਜੀ ਨਿਵੇਸ਼ ਤਾਂ ਹੋ ਸਕਦਾ ਹੈ, ਉੱਥੇ ਰੁਜ਼ਗਾਰ ਦੇ ਮੌਕੇ ਤਾਂ ਮੁਹੱਈਆ ਹੋ ਸਕਦੇ ਹਨ ਜੇਕਰ ਭਾਰਤ ਵਿਚ ਅਮਨ ਹੋਵੇ ਤੇ ਉਸ ਨਾਲ ਪਾਕਿਸਤਾਨ ਦੇ ਸਬੰਧ ਸੁਖਾਵੇਂ ਬਣਨ। ਇਸ ਲਈ ਭਾਰਤ ਨਾਲ ਦੋਸਤੀ ਅਤੇ ਅਮਨ ਇਸ ਵੇਲੇ ਪਾਕਿਸਤਾਨ ਦੀ ਜਰੂਰਤ ਹੈ।
ਪਰ ਇਸਦੇ ਬਾਵਜੂਦ ਅਮਨ ਦੀ ਇਸ ਗੱਲਬਾਤ ਦੇ ਨਾਲ-ਨਾਲ ਹੁੰਦੀਆਂ ਹਿੰਸਕ ਵਾਰਦਾਤਾਂ ਅਤੇ ਪਾਕਿਸਤਾਨ ਵਲੋਂ ਛੇੜੇ ਜਾ ਰਹੇ ਰਾਗ ਕਸ਼ਮੀਰੀ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾਣਾ ਚਾਹੀਦਾ। ਲਿਹਾਜ਼ਾ ਸਮੇਂ ਦੀ ਇਹ ਮੰਗ ਹੈ ਕਿ ਜਿੱਥੇ ਭਾਰਤ ਦੀਆਂ ਸੂਹੀਆਂ ਏਜੰਸੀਆਂ ਚੌਕੰਨੀਆਂ ਰਹਿਣ ਉੱਥੇ ਦੂਜੇ ਪਾਸੇ ਅਮਨ ਦੀ ਗੱਲਬਾਤ ਵਾਲੇ ਇਸ ਦੌਰ ਨੂੰ ਰੁਕਣ ਨਹੀਂ ਦੇਣਾ ਚਾਹੀਦਾ ਤੇ ਜੋ ਲੋਕ ਵੀ ਇਸ ਮਾਮਲੇ ਵਿੱਚ ਸਿਆਸਤ ਕਰਕੇ ਅਮਨ ਅਤੇ ਭਾਈਚਾਰਕ ਸਾਂਝ ਵੱਲ ਵਧਦੇ ਕਦਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਉਨ੍ਹਾਂ ਨੂੰ ਉੱਥੇ ਹੀ ਬਰੇਕ ਲਾਉਣ ਲਈ ਕਿਹਾ ਜਾਵੇ ਤਾਂ ਕਿ ਅਜਿਹਾ ਨਾ ਹੋਵੇ ਕਿ ਇਹ ਦੋਵੇਂ ਮੁਲਕ ਅਕਾਲਪੁਰਖ ਵਲੋਂ ਬਾਬੇ ਨਾਨਕ ਦੇ ਅਸਥਾਨਾਂ ਨੂੰ ਆਪਸ ਵਿਚ ਜੋੜਨ ਵਾਲੇ ਇਸ ਲਾਂਘੇ ਦੇ ਰੂਪ ਵਿੱਚ ਦਿੱਤੇ ਜਾ ਰਹੇ ਇੱਕ ਸੁਨਹਿਰੀ ਮੌਕੇ ਨੂੰ ਸਿਆਸਤ ਦੀ ਭੇਂਟ ਚੜਵਾ ਬੈਠਣ ਤੇ ਜੇਕਰ ਅਜਿਹਾ ਹੋਇਆ ਤਾਂ ਇਤਿਹਾਸ ਦੋਵਾਂ ਮੁਲਕਾਂ ਦੀ ਆਵਾਮ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.