ਮਾਨ ਦੇ ਮੇਹਣੇ ਪੁਲਿਸ ਦੀਆਂ ਚਪੇੜਾਂ, ਮਜਬੂਰ ਕਿਸਾਨ ਸੜਕਾਂ ‘ਤੇ
ਅਮਰਜੀਤ ਸਿੰਘ ਵੜੈਚ (94178-01988)
ਗੁਰਦਾਸਪੁਰ ਦੇ ਪਿੰਡਾਂ ਕਿਸ਼ਨਕੋਟ ਤੇ ਪੇਜੋਚੱਕ ‘ਚ ਜੋ ਕੁਝ 11 ਮਈ ਨੂੰ ਹੋਇਆ ਹੈ ਉਸ ਨੇ ਸਿਰ ਸ਼ਰਮ ਨਾਲ਼ ਝੁਕਾ ਦਿਤਾ ਹੈ । ਕਿਸਾਨਾਂ ਦੀਆਂ ਜ਼ਮੀਨਾਂ ਭਾਰਤਮਾਲਾ ਪ੍ਰੋਜੈਕਟ ਤਹਿਤ ਦਿੱਲੀ-ਅੰਮ੍ਰਿਤਸਰ -ਕਟੜਾ ਲਈ ਬਣ ਰਹੀ ਹਾਈਵੇ ਦੀ ਉਸਾਰੀ ਵਾਸਤੇ ਇਕੁਆਇਰ ਕਰਨ ਮਗਰੋਂ ਕਬਜ਼ਾ ਲੈਣ ਗਏ ਅਫਸਰਾਂ ਨਾਲ਼ ਗਈ ਪੁਲਿਸ ਨੇ ਜੋ ‘ਤਾਕਤ’ ਦਾ ਮੁਜਾਹਰਾ ਕੀਤਾ ਹੈ ਉਹ ਅਤਿ ਨਿੰਦਣਯੋਗ ਹੈ । ਇਕ ਪੁਲਿਸ ਮੁਲਾਜ਼ਿਮ ਵੱਲੋਂ ਇਕ ਕਿਸਾਨ ਬੀਬੀ ਦੇ ਮੂੰਹ ‘ਤੇ ਚਪੇੜ ਮਾਰਨ ਦੀ ਵੀਡੀਓ ਕੱਲ੍ਹ ਸਾਰਾ ਦਿਨ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਮੂੰਹ ‘ਤੇ ਵਾਰ-ਵਾਰ ਵੱਜਦੀ ਚਪੇੜ ਬਣਕੇ ਘੁੰਮਦੀ ਰਹੀ । ਇਸ ਤਰ੍ਹਾਂ ਦੀ ਇਕ ਤਰ੍ਹਾਂ ਦੀ ਇਕ ਸ਼ਰਮਨਾਕ ਘਟਨਾ ਮਾਰਚ 2013 ਨੂੰ ਤਰਨਤਾਰਨ ‘ਚ ਵੀ ਵਾਪਰੀ ਸੀ ਜਦੋਂ ਪੁਲਿਸ ਵਾਲਿਆਂ ਨੇ ਇਕ ਔਰਤ ਨੂੰ ਬਹੁਤ ਬੁਰੀ ਤਰ੍ਹਾਂ ਕੁਟਿਆ ਸੀ ਜੋ ਪੁਲਿਸ ਕੋਲ਼ ਕਿਸੇ ਵਿਅਕਤੀ ਵੱਲੋਂ ਉਸ ਨਾਲ਼ ਕੀਤੀ ਗਈ ਛੇੜਛਾੜ ਦੀ ਘਟਨਾ ਦੀ ਸ਼ਿਕਾਇਤ ਕਰਨ ਗਈ ਸੀ ।
ਪਰਸੋਂ ਬੁਧਵਾਰ ਨੂੰ ਜੋ ਘਟਨਾ ਵਾਪਰੀ ਹੈ ਉਸ ਵਿੱਚ ਉਪਰੋਕਤ ਪਿੰਡਾਂ ਦੇ ਕਿਸਾਨ ਭਾਰਤਮਾਲਾ ਤਹਿਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਪੂਰੇ ਮੁਆਵਜ਼ੇ ਨਾ ਦੇਣ ਤੇ ਉਨ੍ਹਾਂ ਦੀਆਂ ਬਾਕੀ ਮੰਗਾਂ ਨਾ ਮੰਨਣ ਕਾਰਨ ਵਿਰੋਧ ਕਰ ਰਹੇ ਸਨ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਸਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਇਕ ਕਿਸਾਨ ਨੂੰ ਆਰਬੀਟਰੇਸ਼ਨ ਰਾਹੀਂ ਇਕ ਏਕੜ ਦਾ ਇਕ ਕਰੋੜ 18 ਲੱਖ ਰੁਪਏ ਮੁਆਵਜ਼ਾ ਦਿਤਾ ਜਾ ਚੁੱਕਾ ਹੈ । ਬਾਕੀ ਕਿਸਾਨਂ ਦੀਆਂ ਜ਼ਮੀਨਾਂ ਲਈ ਵੀ ਆਰਬੀਟਰੇਸ਼ਨ ਦਾ ਕੰਮ ਚੱਲ ਰਿਹਾ ਹੈ ਪਰ ਸਰਕਾਰ ਅਰਾਬੀਟਰੇਸ਼ਨ ਦੇ ਫ਼ੈਸਲੇ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਜ਼ਮੀਨਾ ‘ਤੇ ਕਬਜ਼ੇ ਕਰ ਰਹੀ ਹੈ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ । ਇਸ ਵਿੱਚ ਕੀ ਗ਼ਲਤ ਸੀ ?
ਅਰਾਬੀਟਰੇਸ਼ਨ , ਦੋ ਧਿਰਾਂ ਦਰਮਿਆਨ ਕਿਸੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਤੀਜੀ ਧਿਰ ਹੁੰਦੀ ਹੈ ਜੋ ਦੋਵਾਂ ਧਿਰਾਂ ਨੂੰ ਸੁਣ ਕੇ ਫ਼ੈਸਲਾ ਕਰਦੀ ਹੈ । ਇਸ ਤੀਜੀ ਧਿਰ ਦਾ ਐਲਾਨ ਸਰਕਾਰ ਵੱਲੋਂ ਕੀਤਾ ਜਾਂਦਾ ਹੈ ।
ਇਥੇ ਇਹ ਦੱਸਣਾ ਬਣਦਾ ਹੈ ਕਿ ਕਿਸਾਨਾਂ ਨੂੰ ਸਰਕਾਰ ਬਿਨਾ ਆਰਬੀਟਰੇਸ਼ਨ ਦੇ ਫ਼ੈਸਲੇ ਤੋਂ ਹੀ 35 ਲੱਖ ਰੁ: ਪ੍ਰਤੀ ਏਕੜ ਦੇ ਹਿਸਾਬ ਨਾਲ਼ ਮੁਆਵਜ਼ਾ ਦੇ ਰਹੀ ਹੈ ਪਰ ਵਿਰੋਧ ਕਰ ਰਹੇ ਕਿਸਾਨਾਂ ਦੀ ਇਹ ਮੰਗ ਹੈ ਕਿ ਆਰਬੀਟਰੇਸ਼ਨ ਦਾ ਫੈਸਲਾ ਆਉਣ ਮਗਰੋਂ ਹੀ ਜ਼ਮੀਨਾਂ ਦੇ ਕਬਜ਼ੇ ਲੈਣ ਦਿਤੇ ਜਾਣਗੇ । ਕਿਸਾਨਾਂ ਦੀ ਮੰਗ ਹੈ ਕਿ ਜ਼ਮੀਨ ਦੀ ਕੀਮਤ ਬਾਜ਼ਾਰ ਨਾਲ਼ੋਂ ਚਾਰ ਗੁਣਾਂ ਵੱਧ ਤੇ ਮੁੜ ਵਸੇਬਾ ਫੰਡ ਕੀਮਤ ਦਾ ਛੇ ਗੁਣਾਂ ਮਿਲਣਾ ਚਾਹੀਦਾ ਹੈ । ਕੇਂਦਰ ਸਰਕਾਰ ਨੇ 2013 ‘ਚ ਜ਼ਮੀਨਾਂ ਦੇ ਮੁਆਵਜ਼ੇ ਦੇਣ ਲਈ RFCTLARR-2013 ਕਾਨੂੰਨ ਬਣਾਇਆ ਸੀ ।
ਪਰਸੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਦੁਆਉਣ ਗਈ ਪੁਲਿਸ ਨਾਲ਼ ਗਰਮੋ-ਗਰਮੀ ਹੋ ਗਈ ਤੇ ਇਸੇ ਦੌਰਾਨ ਪੁਲਿਸ ਦੇ ਇਕ ਸਿਪਾਹੀ ਨੇ ਇਕ ਕਿਸਾਨ ਬੀਬੀ ਦੇ ਥੱਪੜ ਮਾਰ ਦਿਤਾ ; ਮੁਲਾਜ਼ਿਮ ਨੂੰ ਬਾਦ ‘ਚ ਪੁਲਿਸ ਨੇ ਲਾਇਨ ਹਾਜ਼ਿਰ ਕਰ ਦਿਤਾ ; ਕਿਸਾਨਾਂ ਨੇ ਬਾਦ ‘ਚ ਰੇਲਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਸਾਨ ਜੱਥੇਬੰਦੀਆਂ ਦੀ 24 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ਼ ਮੀਟਿੰਗ ਨਿਸ਼ਚਿਤ ਹੋਣ ਮਗਰੋਂ ਕਿਸਾਨਾਂ ਨੇ ਰੇਲਾਂ ਬਹਾਲ ਕਰ ਦਿਤੀਆਂ । ਇਹ ਸਥਿਤੀ ਬਠਿੰਡਾ ਚ’ ਵੀ ਬਣ ਗਈ ਸੀ ਜਿਥੇ ਭਾਰਤ ਮਾਲਾ ਤਹਿਤ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਐਕਸਪ੍ਰੈਸਵੇ ਬਣ ਰਿਹਾ ਹੈ ।
ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ ਆਪ ਦੇ ਮੰਤਰੀ ਤੇ ਲੀਡਰ ਪੰਜਾਬ ਸਰਕਾਰ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ; ਮਾਨ ਸਾਹਿਬ ਤਾਂ ਆਪਣੇ ਕਮੇਡੀ ਪ੍ਰੋਗਰਾਮਾਂ ‘ਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਹਮੇਸ਼ਾ ਹੀ ਨਿਸ਼ਾਨੇ ‘ਤੇ ਰੱਖਦੇ ਸਨ । ਭਾਵੇਂ ਕਿ ਸਾਰੀ ਪੰਜਾਬ ਪੁਲਿਸ ਮਾੜੀ ਨਹੀਂ ਹੈ ਪਰ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਨਾਮ ਤਾਂ ਪੂਰੀ ਫੋਰਸ ਦਾ ਹੀ ਬਦਨਾਮ ਹੁੰਦਾ ਹੈ ।
ਮਾਨ ਸਾਹਿਬ 2022 ਦੀਆਂ ਚੋਣਾਂ ਤੋਂ ਪਹਿਲਾਂ ਕਿਹਾ ਕਰਦੇ ਸੀ ਕਿ ਪੰਜਾਬ ‘ਚ ਆਪ ਦੀ ਸਰਕਾਰ ਬਣਦਿਆਂ ਹੀ ਸੱਭ ਧਰਨੇ-ਮੁਜਾਹਰੇ ਖਤਮ ਹੋ ਜਾਣਗੇ । ਪਰ ਉਹ ਗੱਲ ਸੱਚ ਹੁੰਦੀ ਨਹੀਂ ਲੱਗ ਰਹੀ ਬਲਕਿ ਲਗਦਾ ਇੰਜ ਹੈ ਕਿ ਹੁਣ ਇਹ ਹੋਰ ਵਧਣਗੇ ! ਮਾਨ ਸਰਕਾਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਜੇ ਉਹ ਪੰਜਾਬ ਦੀਆਂ ਸੜਕਾਂ ਤੇ ਰੇਲ ਰੋਕੋ ਵਰਗੇ ਪ੍ਰੋਗਰਾਮ ਖਤਮ ਕਰਵਾ ਦੇਣਗੇ ; ਹਾਲੇ ਨੇੜਲੇ ਭਵਿਖ ‘ਚ ਤਾਂ ਇੰਜ ਹੁੰਦਾ ਨਹੀਂ ਲੱਗਦਾ । ਪਰਸੋਂ ਦੀ ਘਟਨਾ ਇਹ ਵੀ ਸੰਕੇਤ ਕਰਦੀ ਹੈ ਕਿ ਪੁਲਿਸ ਵੀ ਅੱਕੀ ਪਈ ਹੈ ਪਰ ਇਸ ਦਾ ਮਤਲਬ ਇਕ ਨਹੀਂ ਕਿ ਪੁਲਿਸ ਲੋਕਾਂ ਦਾ ਕੁਟਾਪਾ ਹੀ ਕਰੀ ਜਾਵੇ ।
ਕਿਸਾਨ ਤੇ ਪੁਲਿਸ ਦੋਵੇਂ ਹੀ ਪੰਜਾਬ ਦੇ ਹਨ ਪਰ ਪੁਲਿਸ ਡਿਊਟੀ ਦੀ ਪਾਬੰਦ ਹੈ ਤੇ ਕਿਸਾਨ ਆਪਣੇ ਹੋ ਰਹੇ ਧੁੰਦਲੇ ਭਵਿਖ ਨੂੰ ਲੈਕੇ ਸੜਕਾਂ ‘ਤੇ ਉਤਰਨ ਲਈ ਮਜਬੂਰ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ਼ ਟਕਰਾਅ ਤੋਂ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਵੱਲ ਪਹਿਲ ਦੇ ਆਧਾਰ ‘ਤੇ ਫੈਸਲਾ ਕਰ ਲਿਆ ਜਾਵੇ ।
ਭਾਵੇਂ ਮਾਨ ਸਾਹਿਬ ਕਿਸਾਨਾਂ ਦੇ ਧਰਨਿਆਂ ‘ਤੇ ਮੇਹਣਾ ਮਾਰਦੇ ਕਹਿੰਦੇ ਹਨ ਕਿ ਪਹਿਲਾਂ ਕਿਸਾਨ ਧਰਨਾ ਲਾਉਣ ਲਈ ਵਜ੍ਹਾ ਲੱਭਦੇ ਸਨ ਪਰ ਹੁਣ ਜਗ੍ਹਾ ਲੱਭਦੇ ਹਨ ਪਰ ਮਾਨ ਸਾਹਿਬ ਨੂੰ ਇਹ ਲਫ਼ਜ਼ ਸੋਂਹਦੇ ਨਹੀਂ ਕਿਉਂਕਿ ਇਕ ਤਾਂ ਉਹ ਖੁਦ ਕਿਸਾਨ ਦੇ ਪੁੱਤਰ ਕਹਾਉਂਦੇ ਹਨ ਦੂਜਾ ਹੁਣ ਉਹ ਰਾਜ ਦੇ ਮੁੱਖ ਮੰਤਰੀ ਹਨ । ਦੇਖਦੇ ਹਾਂ ਕਿ ਮਾਨ ਸਾਹਿਬ ਕਿਸਾਨਾਂ ਦੇ ਧਰਨੇ ਕਦੋਂ ਖਤਮ ਕਰਵਾਉਣ ‘ਚ ਕਾਮਯਾਬ ਹੁੰਦੇ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.