‘ਪ੍ਰਸਾਰ ਭਾਰਤੀ’ ਦਾ ਪੰਜਾਬੀ ਨੂੰ ਝਟਕਾ, ਗੁੱਝੀ ਸੱਟ ਡੂੰਘੇ ਫੱਟ, ਹਰਿਆਣਾ ਕਰੇਗਾ ਚੰਡੀਗੜ੍ਹ ‘ਤੇ ਕਬਜ਼ਾ
ਅਮਰਜੀਤ ਸਿੰਘ ਵੜੈਚ (94178-01988)
ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਪੰਜਾਬੀ ਸਮਾਚਾਰਾਂ ਦੇ ਨਿਊਜ਼-ਰੂਮ ਤੇ ਸਟਾਫ਼ ਨੂੰ ਦਿੱਲੀ ਤੇ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕਰਨ ਦਾ ‘ਪ੍ਰਸਾਰ ਭਾਰਤੀ’ ਦਾ ਫ਼ੈਸਲਾ ਪੰਜਾਬੀ ਭਾਸ਼ਾ ਨਾਲ਼ ਕੇਂਦਰ ਵੱਲੋਂ ਪੰਜਾਬ ਨਾਲ਼ ਕੀਤੀ ਇਕ ਹੋਰ ਜ਼ਿਆਦਤੀ ਵਾਂਗ ਮਹਿਸੂਸ ਕੀਤਾ ਜਾ ਰਿਹਾ ਹੈ । ਕੁਝ ਖ਼ਬਰਾਂ ਨੇ ਇਹ ਵੀ ਭਰਮ ਸਿਰਜ ਦਿਤਾ ਹੈ ਕਿ ਆਕਾਸ਼ਵਾਣੀ ਨੇ ਦਿੱਲੀ ਤੇ ਚੰਡੀਗੜ੍ਹ ‘ਚ ਪੰਜਾਬੀ ਦੀਆਂ ਖ਼ਬਰਾਂ ਹੀ ਬੰਦ ਕਰ ਦਿਤੀਆਂ ਹਨ ; ਇਸ ਖ਼ਬਰ ‘ਤੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਤਰ੍ਹਾਂ ਪ੍ਰਤੀਕਰਮ ਕੀਤਾ ਹੈ ਕਿ ਪ੍ਰਸਾਰ ਭਾਰਤੀ ਨੇ ਦਿੱਲੀ ਤੇ ਚੰਡੀਗੜ੍ਹ ‘ਚ ਪੰਜਾਬੀ ਬਲਿਟਨ ਬੰਦ ਕਰਕੇ ਪੰਜਾਬੀਆਂ ਨਾਲ਼ ਬੇਇਨਸਾਫ਼ੀ ਕੀਤੀ ਹੈ । ਸੱਚਾਈ ਤਾਂ ਇਹ ਹੈ ਕਿ ਪੰਜਾਬੀ ਖ਼ਬਰਾਂ ਬੰਦ ਨਹੀਂ ਕੀਤੀਆਂ ਗਈਆਂ ਸਿਰਫ਼ ਦਿੱਲੀ ਤੇ ਚੰਡੀਗੜ੍ਹ ‘ਚ ਪੰਜਾਬੀ ਨਿਊਜ਼-ਰੂਮ ਬੰਦ ਕਰਕੇ ਜਲੰਧਰ ਵਿੱਚ ਸਥਾਪਿਤ ਕਰ ਦਿਤੇ ਗਏ ਹਨ ।
ਦੇਸ਼ ਦੀਆਂ ਕਈ ਖੇਤਰੀ ਭਾਸ਼ਾਵਾਂ ਦੇ ਕੇਂਦਰੀ ਬੁਲਿਟਨ ਦਿੱਲੀ ‘ਚ ਬਣਦੇ ਸਨ ਪਰ ਪ੍ਰਸਾਰਿਤ ਸਬੰਧਿਤ ਰਾਜਾਂ ‘ਚ ਹੀ ਹੁੰਦੇ ਸਨ ਤੇ ਨਾਲ਼ ਦੀ ਨਾਲ਼ ਇਹ ਬੁਲਿਟਨ ਦਿੱਲੀ ਕੇਂਦਰ ਤੋਂ ਵੀ ਵੱਖ-ਵੱਖ ਸਮੇਂ ਪ੍ਰਸਾਰਿਤ ਹੁੰਦੇ ਹਨ । ਪੰਜਾਬੀ ਦੇ ਕੇਂਦਰੀ ਬੁਲਿਟਨਪੰਜਾਬ ਸਮੇਤ ਦਿੱਲੀ ਤੋਂ ਵੀ ਪ੍ਰਸਾਰਿਤ ਹੁੰਦੇ ਹਨ । ਪ੍ਰਸਾਰ ਭਾਰਤੀ ਨੇ ਪੈਸਾ ਬਚਾਉਣ ਦੇ ਮਕਸਦ ਨਾਲ਼ ਪਹਿਲਾਂ ਹੀ ਬਾਕੀ ਸਾਰੀਆਂ ਹੀ ਖੇਤਰੀ ਭਾਸ਼ਾਵਾਂ ਦੇ ਬੁਲਿਟਨ ਸਬੰਧਿਤ ਰਾਜਧਾਨੀਆਂ ‘ਚ ਭੇਜ ਦਿਤੇ ਸਨ ਸਿਰਫ਼ ਪੰਜਾਬੀ ਤੇ ਉਰਦੂ ਦੀਆਂ ਖ਼ਬਰਾਂ ਵਾਲ਼ਾ ਸਟਾਫ਼ ਹੀ ਦਿੱਲੀ ‘ਚ ਰਹਿ ਗਿਆ ਸੀ ।
ਹੁਣ ਦੇ ਫ਼ੈਸਲੇ ਦੇ ਨਾਲ਼ ਪ੍ਰਸਾਰ ਭਾਰਤੀ ਨੇ ਦਿੱਲੀ ਦੇ ਸਟਾਫ਼ ਦੇ ਨਾਲ਼ ਚੰਡੀਗੜ੍ਹ ‘ਚ ਪੰਜਾਬੀ ਪਰਾਦੇਸ਼ਿਕ ਬਲਿਟਨ ਬਣਾਉਣ ਵਾਲ਼ਾ ਸਾਰਾ ਸਟਾਫ਼ 15 ਮਈ ਤੋਂ ਜਲੰਧਰ ਸ਼ਿਫ਼ਟ ਕਰ ਦਿਤਾ ਹੈ ; ਇਸ ਵਕਤ ਪੰਜਾਬ ਦੇ ਆਕਾਸ਼ਵਾਣੀ ਕੇਂਦਰਾਂ ਤੋਂ ਸਵੇਰ 8.30 , ਦੁਪਿਹਰੇ 1.05 ,1.40 ,ਸ਼ਾਮੀ 6.20 ਤੇ 7.30 ‘ਤੇ ਪੰਜਾਬੀ ‘ਚ ਖਬਰਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ; ਦੁਪਿਹਰ ਦੀਆਂ 1.05 ਵਾਲ਼ੀਆਂ ਖ਼ਬਰਾਂ ਪੰਜ ਮਿੰਟਾਂ ਦੀਆਂ ਹੁੰਦੀਆਂ ਹਨ ਤੇ ਬਾਕੀ ਸਾਰੇ ਬੁਲਿਟਨ 10-10 ਮਿੰਟਾਂ ਦੇ ਹੁੰਦੇ ਹਨ ।
ਭਾਵੇਂ ਕਿ ਇਸ ਫ਼ੈਸਲੇ ਨਾਲ਼ ਪੰਜਾਬੀ ਖ਼ਬਰਾਂ ਦੇ ਪ੍ਰਸਾਰਨ ‘ਤੇ ਕੋਈ ਅਸਰ ਨਹੀਂ ਪੈਣ ਵਾਲ਼ਾ ਪਰ ਲੁਕਵੇਂ ਰੂਪ ‘ਚ ਇਹ ਪੰਜਾਬੀ ਭਾਸ਼ਾ ਦੇ ਲੋਕਾਂ ਨਾਲ਼ ਇਕ ਵੱਡਾ ਧੱਕਾ ਹੋ ਗਿਆ ਹੈ ; ਦਿੱਲੀ ‘ਚ ਤਕਰੀਬਨ 40 ਫ਼ੀਸਦ ਲੋਕ ਪੰਜਾਬੀ ਸਮਝਦੇ ਹਨ ਜਿਨ੍ਹਾਂ ‘ਚ ਸਿਖ,ਹਿੰਦੂ ਤੇ ਮੁਸਲਮਾਨ ਸ਼ਾਮਿਲ ਹਨ ਤੇ ਵੱਡੀ ਗਿਣਤੀ ‘ਚ ਪੜ੍ਹਦੇ-ਲਿਖਦੇ-ਬੋਲਦੇ ਹਨ । ਦਿੱਲੀ ‘ਚ ਇਸ ਵਕਤ ਪੰਜਾਬੀਆਂ ਦੀ ਗਿਣਤੀ ਪੰਜ %ਫ਼ੀਸਦ ਭਾਵ 15 ਤੋਂ 20 ਲੱਖ ਦਰਮਿਆਨ ਹੈ । ਇਸੇ ਤਰ੍ਹਾਂ ਇਨ੍ਹਾਂ ਪੰਜਾਬੀਆਂ ਦੀ ਜੋ ਨਵੀਂ ਪੀੜ੍ਹੀ ਦੇ ਨੌਜਵਾਨ ਆਕਾਸ਼ਵਾਣੀ ਦੀਆਂ ਖ਼ਬਰਾਂ ਦੇ ਨਿਊਜ਼ ਰੀਡਰ ਬਣਨ ਲਈ ਮਿਹਨਤ ਕਰਦੇ ਰਹਿੰਦੇ ਸਨ ਜਾਂ ਬਹੁਤ ਸਾਰੇ ਕੈਜ਼ੂਅਲ ਤੌਰ ‘ਤੇ ਵੀ ਖ਼ਬਰਾਂ ਪੜ੍ਹਨ ਜਾਂਦੇ ਸਨ ਉਨ੍ਹਾਂ ਨੂੰ ਜਿਥੇ ਵੱਡਾ ਧੱਕਾ ਲੱਗਾ ਹੈ ਉਥੇ ਨਾਲ਼ ਦੀ ਨਾਲ਼ ਭਵਿਖ ‘ਚ ਪੰਜਾਬੀ ਪ੍ਰਤੀ ਉਤਸ਼ਾਹ ਵੀ ਘਟੇਗਾ ।
ਇਹ ਸਥਿਤੀ ਚੰਡੀਗੜ੍ਹ ਦੀ ਵੀ ਹੈ ; ਚੰਡੀਗੜ੍ਹ ‘ਚ ਵੀ ਇਸ ਵਕਤ ਢਾਈ ਤੋਂ ਤਿੰਨ ਲੱਖ ਲੋਕ ਪੰਜਾਬੀ ਬੋਲਣ ਵਾਲ਼ੇ ਹਨ । ਇਨ੍ਹਾਂ ਪਰਿਵਾਰਾਂ ਦੇ ਨੌਜਵਾਨ ਵੀ ਆਕਾਸ਼ਵਾਣੀ ਚੰਡੀਗੜ੍ਹ ਤੋਂ ਪੰਜਾਬੀ ‘ਚ ਖ਼ਬਰਾਂ ਦੇ ਨਿਊਜ਼ ਰੀਡਰ ਬਣਨ ਲਈ ਦਿਲਚਸਪੀ ਲੈਂਦੇ ਸਨ ਤੇ ਕਈ ਮੌਜੂਦਾ ਸਮੇਂ ‘ਚ ਵੀ ਕੈਜ਼ੂਅਲ ਤੌਰ ‘ਤੇ ਆਕਾਸ਼ਵਾਣੀ ਨਾਲ਼ ਜੁੜੇ ਹੋਏ ਹਨ । ਇਨ੍ਹਾਂ ਨੌਜਵਾਨਾਂ ‘ਚ ਵੀ ਪੰਜਾਬੀ ਪ੍ਰਤੀ ਮੋਹ ਹੀ ਨਹੀਂ ਘਟੇਗਾ ਬਲਕਿ ਚੰਡੀਗੜ੍ਹ ‘ਚ ਵੀ ਪੰਜਾਬੀ ਪ੍ਰਤੀ ਦਿਲਚਸਪੀ ਘਟੇਗੀ । ਇਸ ਫ਼ੈਸਲੇ ਨਾਲ ਕਈ ਸਟਾਫ਼ ਮੈਂਬਰਾਂ ਦੇ ਪਰਿਵਾਰ ਵੀ ਹਿੱਲ ਜਾਣਗੇ ਤੇ ਉਨ੍ਹਾਂ ਨੂੰ ਦਿੱਲੀ/ਚੰਡੀਗੜ੍ਹ ਤੋਂ ਜਲੰਧਰ ਸ਼ਿਫ਼ਟ ਕਰਨ ਨਾਲ਼ ਵੱਡਾ ਨੁਕਸਾਨ ਹੋਵੇਗਾ ।
ਇਨ੍ਹਾਂ ਨਿਊਜ਼ ਰੂਮ ਰਾਹੀਂ ਨਾ ਸਿਰਫ਼ ਇਨ੍ਹਾ ਸ਼ਹਿਰਾਂ ‘ਚ ਪੰਜਾਬੀ ਭਾਸ਼ਾ ਪ੍ਰਫੁਲਤ ਹੁੰਦੀ ਸੀ ਬਲਕਿ ਕਈ ਬੇਰੁਜ਼ਗਾਰ ਪੜ੍ਹੇ-ਲਿਖੇ ਲੜਕਿਆਂ ਤੇ ਲੜਕੀਆਂ ਨੂੰ ਚੰਗਾ ਰੁਜ਼ਗਾਰ ਵੀ ਮਿਲ਼ਦਾ ਸੀ । ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਰੋਜ਼ਗਾਰ ਦੇਣ ਦੀ ਗੱਲ ਕਰਦੇ ਹਨ ਪਰ ਪ੍ਰਸਾਰ ਭਾਰਤੀ ਦਾ ਇਹ ਫ਼ੈਸਲਾ ਮੋਦੀ ਜੀ ਦੇ ਦਾਅਵਿਆਂ ਦੇ ਉਲਟ ਜਾ ਰਿਹਾ ਹੈ । ਪਤਾ ਲੱਗਾ ਹੈ ਕਿ ਬੜੀ ਜਲਦੀ ਆਕਾਸ਼ਵਾਣੀ ਤੇ ਦੂਰਦਰਸ਼ਨ ਜਲੰਧਰ ਦੇ ਨਿਊਜ਼ ਯੁਨਿਟ ਵੀ ਦੂਰਦਰਸ਼ਨ ਜਲੰਧਰ ‘ਚ ਇਕੋ ਥਾਂ ਹੀ ਇਕੱਠੇ ਹੋਣ ਜਾਣਗੇ ।
ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ । ਬਾਕੀ ਦੀਆਂ ਭਾਸ਼ਾਵਾਂ ਦੇ ਨਿਊਜ਼-ਰੂਮ ਸਬੰਧਿਤ ਰਾਜਧਾਨੀਆਂ ‘ਚ ਭੇਜੇ ਗਏ ਹਨ ਪਰ ਪੰਜਾਬੀ ਨੂੰ ਜਲੰਧਰ ਕਿਉਂ ਭੇਜਿਆ ਗਿਆ ਜਦੋਂ ਕਿ ਪਿਛਲੇ 62 ਸਾਲਾਂ ਤੋਂ ਚੰਡੀਗੜ੍ਹ ਤੋਂ ਪਰਾਦੇਸ਼ਿਕ ਖ਼ਬਰਾਂ ਇਥੇ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਜਲੰਧਰ ਕੇਂਦਰ ਤੋਂ ਰਿਲੇ ਹੁੰਦੀਆਂ ਹਨ । ਹੁਣ ਪਟਿਆਲ਼ਾ,ਬਠਿੰਡਾ ਤੇ ਲੁਧਿਆਣਾ ਰੇਡੀਓ ਸਟੇਸ਼ਨਾਂ ਤੋਂ ਵੀ ਇਹ ਰਿਲੇ ਹੁੰਦੀਆਂ ਹਨ । ਚੰਡੀਗੜ੍ਹ ‘ਚ ਨਿਊਜ਼-ਰੂਮ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੂਰਬ ‘ਤੇ 13 ਨਵੰਬਰ 1961 ‘ਚ ਸਥਾਪਿਤ ਕੀਤਾ ਗਿਆ ਸੀ ਜਿਥੋਂ ਪੰਜਾਬੀ ਦੇ ਨਾਲ਼ ਹੀ ਹਿੰਦੀ ਦੇ ਪਰਾਦੇਸ਼ਿਕ ਸਮਾਚਾਰ ਵੀ ਬਣਾਉਣੇ ਸ਼ੁਰੂ ਕੀਤੇ ਗਏ ਸਨ ।
ਇਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਹਿੰਦੀ ਨੂੰ ਚੰਡੀਗੜ੍ਹ ‘ਚ ਪੱਕਾ ਕਰਨ ਲਈ ਪਹਿਲਾਂ ਹਿਸਾਰ ਦੂਰਦਰਸ਼ਨ ਨੂੰ ਬੰਦ ਕਰਕੇ ਉਸ ਦਾ ਸਟਾਫ਼ ਚੰਡੀਗੜ੍ਹ ਦੂਰਦਰਸ਼ਨ ਤੇ ਭੇਜਿਆ ਗਿਆ ਤੇ ਹੁਣ ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ ਰੇਡੀਓ ਤੇ ਦੂਰਦਰਸ਼ਨ ਦੇ ਹਿੰਦੀ ਨਿਊਜ਼ ਰੂਮ ਵੀ ਇਕ ਥਾਂ ਦੂਰਦਰਸ਼ਨ ‘ਚ ਇਕੱਠੇ ਕੀਤੇ ਜਾ ਰਹੇ ਹਨ । ਰੇਡੀਓ ਦਾ ਚੰਡੀਗੜ੍ਹ ਵਾਲ਼ਾ ਹਿੰਦੀ ਨਿਊਜ਼ ਯੁਨਿਟ ਚੰਡੀਗੜ੍ਹ ‘ਚ ਹੀ ਰਹੇਗਾ । ਇੰਜ ਇਹ ਸਪੱਸ਼ਟ ਹੈ ਕਿ ਚੰਡੀਗੜ੍ਹ ‘ਚ ਹਿੰਦੀ ਦਾ ਦਬਦਬਾ ਵਧਾ ਕੇ ਚੰਡੀਗੜ੍ਹ ‘ਤੇ ਹਰਿਆਣੇ ਦਾ ਦਾਅਵਾ ਪੱਕਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.