SOCIETY SEGMENTS

‘ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭੁ ਕੋਇ,

ਅਮਰਜੀਤ ਸਿੰਘ ਵੜੈਚ

ਪੰਜ ਪਾਣੀਆਂ ਦੀ ਧਰਤੀ ਪੰਜਾਬ ਹੁਣ ਇਸ ਫਿਕਰ ਵਿੱਚ ਹੈ ਕਿ ਅਗਲੇ ਦਸ ਸਾਲਾਂ ਵਿੱਚ ਕੀ ਫਸਲਾਂ, ਜਾਨਵਰਾਂ, ਇਮਾਰਤਸਾਜ਼ੀ, ਮਨੁੱਖ ਆਦਿ ਲਈ ਪਾਣੀ ਬਚੇਗਾ ਵੀ ਕਿ ਨਹੀਂ ? ਪੰਜਾਬ ਦੇ ਕੁਲ ਰਕਬੇ ‘ਚੋਂ ਧਰਤੀ ਹੇਠਲਾ 80-85 ਫ਼ੀਸਦੀ ਇਲਾਕੇ ਦਾ ਪਾਣੀ ਲੋੜ ਤੋਂ ਵੱਧ ਵਰਤਿਆ ਜਾ ਚੁੱਕਾ ਹੈ। 138 ਬਲਾਕਾਂ ਵਿੱਚੋਂ 109 ਬਲਾਕਾਂ ਦਾ ਪਾਣੀ 90 ਫ਼ੀਸਦੀ ਤੋਂ ਵੱਧ ਕੱਢਿਆ ਜਾ ਚੁੱਕਾ ਹੈ ਅਤੇ ਦੋ ਬਲਾਕਾਂ ਦਾ ਪਾਣੀ 100 ਫ਼ੀਸਦੀ ਖ਼ਤਮ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਕਾਲੇ ਬਲਾਕ ਕਿਹਾ ਜਾਂਦਾ ਹੈ। ਪੰਜ ਬਲਾਕਾਂ ਦਾ ਪਾਣੀ 70 ਪ੍ਰਤੀਸ਼ਤ ਤੋਂ ਉਪਰ ਵਰਤ ਲਿਆ ਗਿਆ ਹੈ। ਉਹ ਵੀ ਹੁਣ ਕਾਲੇ ਬਲਾਕ ਬਣਨ ਦੀ ਤਿਆਰੀ ਵਿੱਚ ਹਨ। ਸਿਰਫ਼ 22 ਬਲਾਕਾਂ ਦਾ ਪਾਣੀ ਹੀ ਸੁਰੱਖਿਅਤ ਕਿਹਾ ਜਾ ਸਕਦਾ ਹੈ ਉਹ ਵੀ ਡੂੰਘਾ ਜਾ ਰਿਹਾ ਹੈ। ਇਨ੍ਹਾਂ 22 ਬਲਾਕਾਂ ਵਿੱਚੋਂ ਬਹੁਤਿਆਂ ਦਾ ਪਾਣੀ ਵੀ ਖੇਤੀ ਅਤੇ ਮਨੁੱਖਾਂ ਦੀ ਵਰਤੋਂ ਦੇ ਕਾਬਿਲ ਨਹੀਂ। ਇਹ ਬਲਾਕ ਦੱਖਣੀ ਪੰਜਾਬ ਅਤੇ ਕੰਡੀ ਦੇ ਖੇਤਰ ਵਿੱਚ ਪੈਂਦੇ ਹਨ।

ਡਾ: ਰਾਜਨ ਅਗਰਵਾਲ, ਪੀਏਯੂ, ਲੋਧਿਆਣਾ ਦਾ ਕਹਿਣਾ ਹੈ ਕਿ 2017-18 ਦੇ ਆਰੰਭ ਵਿੱਚ ਪੰਜਾਬ ਦੀ ਇਕ ਕਮੇਟੀ ਦੀ ਰਿਪੋਰਟ ਆਈ ਸੀ ਕਿ ਜੇਕਰ ਧਰਤੀ ਹੇਠਲਾ ਪਾਣੀ ਇੰਜ ਹੀ ਵਰਤਿਆ ਜਾਂਦਾ ਰਿਹਾ ਤਾਂ 25 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਜਾਵੇਗਾ। ਹਰ ਸਾਲ ਪਾਣੀ ਦੀ ਵਰਤੋਂ ਅਤੇ ਦੁਰਵਰਤੋਂ ਨਾਲ ਇਕ ਤੋਂ ਡੇਢ ਮੀਟਰ ਪਾਣੀ ਹੇਠਾਂ ਚਲਿਆ ਜਾਂਦਾ ਹੈ ਪਰ ਬਾਰਸ਼ਾਂ ਦਾ ਪਾਣੀ ਜਿਸ ਨੇ ਧਰਤੀ ਹੇਠਲੇ ਪਾਣੀ ਨੂੰ ਉਪਰ ਚੁੱਕਣਾ ਹੁੰਦਾ ਹੈ ਉਹ ਹਰ ਸਾਲ ਨਦੀਆਂ-ਨਾਲਿਆਂ ਰਾਹੀਂ ਬਰਬਾਦ ਹੋ ਜਾਂਦਾ ਹੈ।

ਪਾਣੀ ਦੀ ਸਭ ਤੋਂ ਵੱਧ ਵਰਤੋਂ ਝੋਨੇ ਲਈ ਹੁੰਦੀ ਹੈ ਪਰ ਚਾਵਲ ਦੀ ਵਰਤੋਂ ਪੰਜਾਬ ਕਰਦਾ ਹੀ ਨਹੀਂ, ਸਾਰਾ ਚਾਵਲ ਪੰਜਾਬ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਪਾਣੀ ਖ਼ਤਮ ਪੰਜਾਬ ਦਾ ਹੋ ਰਿਹਾ ਹੈ। ਇਕ ਕਿਲੋ ਚੌਲ ਪੈਦਾ ਕਰਨ ਲਈ ਚਾਰ ਤੋਂ ਪੰਜ ਹਜ਼ਾਰ ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਖੇਤੀ ਤੋਂ ਇਲਾਵਾ ਘਰੇਲੂ ਵਰਤੋਂ, ਇਮਾਰਤ ਉਸਾਰੀ, ਉਦਯੋਗ, ਸਰਕਾਰੀ ਅਤੇ ਗ਼ੈਰ ਸਰਕਾਰੀ ਦਫ਼ਤਰਾਂ, ਕਾਰਾਂ-ਗੱਡੀਆਂ ਧੋਣ, ਘਰੇਲੂ ਫੁਲਵਾੜੀ, ਸੜਕਾਂ ਦੀ ਉਸਾਰੀ, ਦੁਕਾਨਾਂ, ਧਾਰਮਿਕ ਸਥਾਨ, ਹੋਟਲ, ਢਾਬਿਆਂ, ਰੇਹੜੀਆਂ, ਮਨੋਰੰਜਨ ਪਾਰਕ ਆਦਿ ਵਿੱਚ ਪਾਣੀ ਦੀ ਬਹੁਤ ਦੁਰਵਰਤੋਂ ਹੋ ਰਹੀ ਹੈ। ਸਾਫ਼ ਪਾਣੀ ਪੀਣ ਦੇ ਨਾਮ ਹੇਠ ਆਰਓ (RO-Reverse Osmosis) ਸਭ ਤੋਂ ਵੱਧ ਪਾਣੀ ਬਰਬਾਦ ਕਰ ਰਹੇ ਹਨ। ਬਹੁਤੇ ਆਰਓਜ਼ ਤਾਂ ਇੱਕ ਗਲਾਸ ਪਾਣੀ ਦੇ ਨਾਲ 2 ਤੋਂ ‌ਤਿੰਨ ਗਲਾਸ ਬਰਬਾਦ ਕਰ ਦਿੰਦੇ ਹਨ ਜੋ ਸੀਵਰੇਜ਼ ਵਿੱਚ ਰੁੜ੍ਹ ਜਾਂਦਾ ਹੈ।

ਪੰਜਾਬ ਬਹੁਤ ਜਲਦੀ ਪਾਣੀ ਦੀ ਗੰਭੀਰ ਸਥਿਤੀ ਵਿੱਚ ਫਸਣ ਵਾਲਾ ਹੈ। ਕਿਸਾਨਾਂ ਨੂੰ ਆਪਣੇ ਬੋਰਾਂ ‘ਚੋਂ ਪਾਣੀ ਕੱਢਣ ਲਈ ਹਰ ਵਰ੍ਹੇ ਦਸ ਫੁੱਟ ਤੱਕ ਦੀ ਡਿਲੀਵਰੀ ਪਾਇਪ ਵਧਾਉਣੀ ਪੈਂਦੀ ਹੈ। ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਫ਼ੁਰਮਾਨ ਹੈ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭੁ ਕੋਇ, ( ਅੰਗ 472) ਭਾਵ ਇਸ ਧਰਤੀ ‘ਤੇ ਪਹਿਲਾ ਜੀਵਨ ਪਾਣੀ ਹੀ ਹੈ ਜਿਸ ਤੋਂ ਬਾਅਦ ਬਾਕੀ ਜੀਵਨ ਸੰਭਵ ਹੋ ਸਕਿਆ ਹੈ। ਪਾਣੀ ਤੋਂ ਬਿਨ੍ਹਾਂ ਜੀਵਨ ਸੰਭਵ ਹੀ ਨਹੀਂ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਬਾਬੇ ਨਾਨਕ ਦੀ ਧਰਤੀ ਦੇ ਲੋਕ ਹੀ ਨਾਨਕ ਦੇ ਸੰਦੇਸ਼ ਤੋਂ ਬੇਮੁਖ ਹੋ ਗਏ ਹਨ ਅਤੇ ਅੰਮ੍ਰਿਤ ਵਰਗੇ ਪਾਣੀ ਨੂੰ ਬਰਬਾਦ ਕਰ ਰਹੇ ਹਨ। ਭਾਵੇ ਅਸੀਂ ਬਹੁਤ ਕੁਝ ਗਵਾ ਲਿਆ ਹੈ ਤਾਂ ਵੀ ਜੇਕਰ ਹਾਲੇ ਵੀ ਸੰਭਲ ਜਾਈਏ ਤਾਂ ਇਸ ਧਰਤੀ ਨੂੰ ਮਾਰੂਥਲ ਬਣਨ ਤੋਂ ਰੋਕ ਸਕਦੇ ਹਾਂ। ਇਸ ਲਈ ਸਰਕਾਰੀ, ਗ਼ੈਰ ਸਰਕਾਰੀ, ਸਮਾਜਿਕ ਅਤੇ ਧਾਰਮਿਕ ਪੱਧਰ ‘ਤੇ ਬਿਨ੍ਹਾਂ ਦੇਰੀ ਕੀਤਿਆਂ ਹੁਣ ਤੋਂ ਹੀ ਬਹੁਤ ਤੇਜ਼ੀ ਨਾਲ ਕਾਰਜਸ਼ੀਲ ਹੋਣ ਦੀ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button