‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
(ਉਜਾਗਰ ਸਿੰਘ) : ਪਟਿਆਲਾ ਪੈਪਸੂ ਰਿਆਸਤ ਦਾ ਇਤਿਹਾਸਕ ਮਹੱਤਵ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਪੁਸਤਕਾਂ ਵਿੱਚ ਪਟਿਆਲਾ ਸ਼ਹਿਰ ਅਤੇ ਇਥੋਂ ਦੇ ਵਸਨੀਕਾਂ ਬਾਰੇ ਆਲੋਚਨਾਤਮਕ ਦ੍ਰਿਸ਼ਟੀਕੋਣ ਨਾਲ ਲਿਖਿਆ ਗਿਆ ਹੈ। ਇਹ ਤਾਂ ਬਿਲਕੁਲ ਸਹੀ ਹੈ ਕਿ ਕਿਸੇ ਵੀ ਸ਼ਹਿਰ ਅਤੇ ਉਥੋਂ ਦੇ ਵਸਨੀਕਾਂ ਵਿੱਚ ਉਸਾਰੂ ਅਤੇ ਨਕਾਰਾਤਮਕ ਗੱਲਾਂ ਹੁੰਦੀਆਂ ਹਨ ਪ੍ਰੰਤੂ ਆਮ ਤੌਰ ਤੇ ਬਹੁਤੇ ਇਤਿਹਸਕਾਰਾਂ ਨੇ ਇਥੋਂ ਦੇ ਵਿਰਾਸਤੀ ਪੱਖਾਂ ਅਤੇ ਸਰਬਪੱਖੀ ਵਿਕਾਸ ਬਾਰੇ ਉਸਾਰੂ ਪੜਚੋਲ ਕਰਦਿਆਂ ਬਹੁਤ ਸਾਰੀਆਂ ਊਣਤਾਈਆਂ ਦਾ ਚਟਕਾਰੇ ਲਾ ਕੇ ਵਰਨਣ ਕੀਤਾ ਹੈ। ਅਵਤਾਰ ਸਿੰਘ ਦੀ ਇਸ ਪੁਸਤਕ ਦੀ ਖ਼ੂਬੀ ਇਹ ਹੈ ਕਿ ਉਨ੍ਹਾਂ ਵਿਰਾਸਤੀ ਦਿ੍ਰਸ਼ਟੀਕੋਣ ਦੇ ਨਾਲ ਹੀ ਉਸਾਰੂ ਪੱਖਾਂ ਨੂੰ ਬਹੁਤ ਹੀ ਸਲੀਕੇ ਨਾਲ ਵਰਨਣ ਕੀਤਾ ਹੈ। ਉਨ੍ਹਾਂ ਨਕਾਰਾਤਮਕ ਗੱਲਾਂ ਨੂੰ ਅਣਡਿਠ ਕਰਦਿਆਂ ਬਹੁਤਾ ਉਛਾਲਿਆ ਨਹੀਂ, ਇਹੋ ਇਸ ਪੁਸਤਕ ਦੀ ਵਿਸ਼ੇਸ਼ਤਾ ਹੈ।
ਸਾਡੇ ਸਮਾਜ ਦੀ ਪ੍ਰਵਿਰਤੀ ਹੈ ਕਿ ਉਹ ਉਸਾਰੂ ਪੱਖਾਂ ਨੂੰ ਅੱਖੋਂ ਪ੍ਰੋਖੇ ਕਰਕੇ ਨਕਾਰਾਤਮਕ ਪੱਖਾਂ ਬਾਰੇ ਹੀ ਸੁਆਦ ਲੈਂਦਿਆਂ ਲਿਖਦਾ ਅਤੇ ਪੜ੍ਹਦਾ ਹੈ। ਭਾਵੇਂ ਕੁਝ ਪਾਠਕ ਅਵਤਾਰ ਸਿੰਘ ਦੀ ਇਸ ਪ੍ਰਵਿਰਤੀ ਦੀ ਆਲੋਚਨਾ ਵੀ ਕਰਨ, ਉਨ੍ਹਾਂ ਦਾ ਹੱਕ ਹੈ ਪ੍ਰੰਤੂ ਮੈਂ ਅਵਤਾਰ ਸਿੰਘ ਹੋਰਾਂ ਦੀ ਵਿਚਾਰਧਾਰਾ ਨੂੰ ਸਲਾਮ ਕਰਦਾ ਹਾਂ ਕਿਉਂਕਿ ਹਰ ਇਨਸਾਨ ਵਿੱਚ ਇਹ ਦੋਵੇਂ ਪੱਖ ਹੁੰਦੇ ਹਨ। ਇਨਸਾਨ ਨੇ ਚੰਗੇ ਮਾੜੇ ਬਾਰੇ ਆਪਣੀ ਸੋਚ ਮੁਤਾਬਕ ਫ਼ੈਸਲੇ ਕਰਨੇ ਹੁੰਦੇ ਹਨ। 148 ਪੰਨਿਆਂ ਦੀ ਸਚਿਤਰ ਰੰਗਦਾਰ ਅਤੇ ਦਿਲਕਸ਼ ਮੁੱਖ ਕਵਰ ਵਾਲੀ ਇਸ ਪੁਸਤਕ ਨੂੰ ਲੇਖਕ ਨੇ 10 ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿੱਚ ਪਟਿਆਲਾ ਸ਼ਹਿਰ ਦੀ ਇਤਿਹਾਸਕ ਅਤੇ ਮਿਥਹਾਸਿਕ ਪੱਖੋਂ ਜਾਣਕਾਰੀ ਦਿੱਤੀ ਗਈ ਹੈ। ਆਮ ਤੌਰ ‘ਤੇ ਸਾਰੇ ਇਤਿਹਾਸਕਾਰਾਂ ਨੇ ਬਾਬਾ ਆਲਾ ਸਿੰਘ ਤੋਂ ਲੈ ਕੇ ਮਹਾਰਾਜਾ ਯਾਦਵਿੰਦਰ ਸਿੰਘ ਤੱਕ ਦੀ ਜਾਣਕਾਰੀ ਦਿੱਤੀ ਹੈ ਪ੍ਰੰਤੂ ਅਵਤਾਰ ਸਿੰਘ ਨੇ ਮਹਾਰਾਜਾ ਪਰਿਵਾਰ ਦਾ ਕੁਰਸੀਨਾਮਾ ਦੇ ਕੇ ਇਸ ਵੰਸ਼ ਬਾਰੇ ਵਿਸਤਾਰ ਨਾਲ ਦੱਸਿਆ ਹੈ।
ਲੇਖਕ ਨੇ ਇਸ ਵੰਸ਼ ਦਾ ਮੋਢੀ ਮੋਹਨ ਤੋਂ ਸ਼ੁਰੂ ਕਰਕੇ ਰੂਪ ਚੰਦ, ਫੂਲ, ਰਾਮਾ, ਆਲਾ ਸਿੰਘ, ਸਰਦੂਲ ਸਿੰਘ ਤੇ ਫਿਰ ਮਹਾਰਾਜਾ ਅਮਰ ਸਿੰਘ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ ਤੱਕ ਮਹਾਰਾਜਾ ਪਰੰਪਰਾ ਬਾਰੇ ਦੱਸਿਆ ਹੈ। ਪਟਿਆਲਾ ਸ਼ਹਿਰ ਦੇ ਆਲੇ ਦੁਆਲੇ 10 ਗੇਟ ਮਹਾਰਾਜਾ ਨਰਿੰਦਰ ਸਿੰਘ ਨੇ ਬਣਵਾਏ । ਉਨ੍ਹਾਂ ਇਕ ਹੋਰ ਦਿਲਚਸਪ ਜਾਣਕਾਰੀ ਦਿੱਤੀ ਹੈ ਕਿ ਮਹਾਰਾਜਾ ਨਰਿੰਦਰ ਸਿੰਘ ਦਾ ਛੋਟਾ ਭਰਾ ਕੰਵਰ ਦੀਪ ਸਿੰਘ ਆਪਣੀ 19 ਸਾਲਾ ਪਤਨੀ ਜਿਹੜੀ ‘ਮਾਈ ਸਾਹਿਬਾ ਚਾਹਲਾਂ ਵਾਲੀ’ ਕਰਕੇ ਜਾਣੀ ਜਾਂਦੀ ਸੀ ਨੂੰ ਪਟਿਆਲਾ ਛੱਡਕੇ ਅੰਗਰੇਜ਼ਾਂ ਦੇ ਵਿਰੁੱਧ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਜਾ ਰਲਿਆ ਸੀ। ਬਾਅਦ ਵਿੱਚ ਉਹ ਸਾਧੂ ਬਣਕੇ ਕਈ ਥਾਵਾਂ ‘ਤੇ ਅਸ਼ਰਮ ਬਣਾਕੇ ਜਿਵੇਂ ਰਿਸ਼ੀਕੇਸ਼, ਆਗਰੇ ਕੋਲ ਕੋਸੀ, ਕਸੂਰ ਨੰਦੀ ਦੀਆਂ ਪਹਾੜੀਆਂ ਅਤੇ ਅਖ਼ੀਰ ਬੰਗਲੌਰ ਵਿੱਚ ਰਹਿਣ ਲੱਗ ਪਿਆ। ਮਹਾਰਾਜਾ ਪਰਿਵਾਰ ਦੇ ਅਹਿਲਕਾਰਾਂ ਨੇ ਉਨ੍ਹਾਂ ਨੂੰ ਪਟਿਆਲਾ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਵਾਪਸ ਨਹੀਂ ਆਏ।
ਉਹ 100 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਏ। ਉਨ੍ਹਾਂ ਦੀ ਪਤਨੀ 1942 ਵਿੱਚ 104 ਸਾਲ ਦੀ ਉਮਰ ਵਿੱਚ ਸਵਰਗਵਾਸ ਹੋਈ। ਪਟਿਆਲਾ ਰਿਆਸਤ ਦੇ ਖ਼ਾਨਦਾਨ ਵਿੱਚੋਂ ਕੰਵਰ ਦੀਪ ਸਿੰਘ ਪਹਿਲਾ ਵਿਅਕਤੀ ਸੀ, ਜਿਨ੍ਹਾਂ ਨੇ ਅੰਗਰੇਜ਼ਾ ਦੀ ਸਹਾਇਤਾਂ ਨਹੀਂ ਕੀਤੀ। ਬਾਕੀ ਸਾਰੇ ਅੰਗਰੇਜ਼ਾਂ ਦੇ ਪਿੱਠੂ ਬਣੇ ਰਹੇ। ਦੂਜੇ ਭਾਗ ਵਿੱਚ ਪਟਿਆਲਾ ਸਥਿਤ ਵਿਦਿਅਕ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਟਿਆਲਾ ਵਿੱਚ 3 ਸਰਕਾਰੀ, ਇਕ ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਇਲਾਵਾ ਪ੍ਰੋਫੈਸ਼ਨਲ ਅਤੇ ਵਿਦਿਅਕ ਕਾਲਜਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸੰਸਥਾਵਾਂ ਕਦੋਂ ਅਤੇ ਕਿਸਨੇ ਬਣਾਈਆਂ ਸਨ। ਇਸੇ ਤਰ੍ਹਾਂ ਤੀਜੇ ਭਾਗ ਵਿੱਚ ਪਟਿਆਲਾ ਨੂੰ ਖੇਡਾਂ ਦੀ ਰਾਜਧਾਨੀ ਲਿਖਦਿਆਂ ਲੇਖਕ ਨੇ ਖੇਡਾਂ ਨਾਲ ਸੰਬੰਧਤ ਕਾਲਜਾਂ, ਐਨ ਆਈ ਐਸ ਅਤੇ ਹੋਰ ਸਪੋਰਟਸ ਸੰਸਥਾਵਾਂ ਦੀ ਜਾਣਕਾਰੀ ਦਿੱਤੀ ਹੈ। ਪਟਿਆਲਾ ਰਿਆਸਤ ਦੇ ਮਹਾਰਾਜਿਆਂ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਕੀਤੇ ਉਪਰਾਲਿਆਂ ਦਾ ਵਰਨਣ ਵੀ ਕੀਤਾ ਗਿਆ ਹੈ।
ਚੌਥੇ ਭਾਗ ਵਿੱਚ ਪਟਿਆਲਾ ਰਿਆਸਤ ਵਿੱਚ ਸੰਗੀਤ ਨੂੰ ਦਿੱਤੀ ਗਈ ਸਰਪਰਸਤੀ ਅਤੇ ਸੰਗੀਤ ਦੇ ਪਟਿਆਲਾ ਘਰਾਣੇ ਦੇ ਸੰਗੀਤਕਾਰਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ ਹੈ। ਉਸਤੋਂ ਬਾਅਦ ਵਰਤਮਾਨ ਸਮੇਂ ਦੇ ਸੰਗੀਤਕਾਰਾਂ ਅਤੇ ਸੰਗੀਤ ਦੇ ਅਧਿਆਪਕਾਂ ਦੇ ਯੋਗਦਾਨ ਸੰਬੰਧੀ ਵੀ ਪ੍ਰਗਟਾਇਆ ਗਿਆ ਹੈ। ਖਾਸ ਤੌਰ ਤੇ ਕੰਵਰ ਮਰਗਿੰਦਰ ਸਿੰਘ ਦਾ ਸੰਗੀਤ ਨਾਲ ਪਿਆਰ ਅਤੇ ਸਿਤਾਰ ਵਾਦਕ ਦੇ ਤੌਰ ‘ਤੇ ਉਨ੍ਹਾਂ ਦੀ ਬਚਨਵੱਧਤਾ ਕਮਾਲ ਦੀ ਸੀ, ਜਿਸਦਾ ਪਹਿਲਾਂ ਕਿਸੇ ਨੇ ਪ੍ਰਗਟਾਵਾ ਨਹੀਂ ਕੀਤਾ। ਪੰਜਵੇਂ ਭਾਗ ਵਿੱਚ ਮਹਾਰਾਜਾ ਪਟਿਆਲਾ ਵੱਲੋਂ ਹਰ ਵਰਗ ਦੇ ਲੋਕਾਂ ਲਈ ਸਥਾਪਤ ਕੀਤੇ ਗਏ ਧਾਰਮਿਕ ਸਥਾਨਾ ਦਾ ਵੇਰਵਾ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਅਤੇ ਚਰਚਾਂ ਦੀ ਜਾਣਕਾਰੀ ਹੈ। ਛੇਵੇਂ ਭਾਗ ਵਿੱਚ ਇਤਿਹਾਸਕ ਇਮਾਰਤਾਂ ਅਤੇ ਇਮਾਰਤਸਾਜ਼ੀ ਦੇ ਨਮੂਨਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਕਿਲਾ ਮੁਬਾਰਕ, ਮੋਤੀ ਬਾਗ ਮਹਿਲ, ਰਾਜਿੰਦਰਾ ਮਹਿਲ, ਬਾਰਾਂਦਰੀ ਬਾਗ, ਹੀਰਾ ਬਾਗ, ਸ਼ਾਹੀ ਸਮਾਧਾਂ ਅਤੇ ਨਵਾਂ ਮੋਤੀ ਮਹਿਲ ਮਹੱਤਵਪੂਰਨ ਹਨ।
ਸਤਵੇਂ ਭਾਗ ਵਿੱਚ ਪਟਿਆਲਾ ਰਿਆਸਤ ਵੱਲੋਂ 1947 ਦੀ ਵੰਡ ਸਮੇਂ ਸ਼ਰਨਾਰਥੀਆਂ ਨੂੰ ਪਟਿਆਲਾ ਵਿਚ ਖੁਲ੍ਹਦਿਲੀ ਨਾਲ ਦਿੱਤੀ ਗਈ ਸ਼ਰਨ ਅਤੇ ਉਨ੍ਹਾਂ ਨੂੰ ਵਸਾਉਣ ਲਈ ਕੀਤੇ ਗਏ ਮਾਨਵੀ ਕਾਰਜ਼ਾਂ ਅਤੇ ਗੁਣਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅੱਠਵੇਂ ਭਾਗ ਵਿੱਚ 1947 ਤੋਂ ਪਹਿਲਾਂ ਅਤੇ ਵਰਤਮਾਨ ਸਮੇਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ। ਉਸ ਸਮੇਂ ਦੀਆਂ ਪਰੰਪਰਾਵਾਂ, ਰੀਤੀ ਰਿਵਾਜ਼, ਰਹਿਣ ਸਹਿਣ ਅਤੇ ਖਾਣ ਪੀਣ ਦੇ ਅੰਤਰ ਬਾਰੇ ਦੱਸਿਆ ਗਿਆ ਹੈ। ਨੌਵੇਂ ਭਾਗ ਵਿੱਚ ਇਤਿਹਾਸਕ ਅਤੇ ਧਾਰਮਿਕ ਸਥਾਨਾ ਅਤੇ ਇਮਾਰਤਾਂ ਦੀਆਂ ਰੰਗਦਾਰ ਤਸਵੀਰਾਂ ਹਨ। 3 ਪਟਿਆਲਾ ਰਿਆਸਤ ਦੇ ਮਹਾਰਾਜਿਆਂ, ਇਕ ਅਖ਼ਬਾਰ ਦੇ ਸਟਾਫ਼ ਅਤੇ ਇਕ ਇੰਡੋ ਪਾਕਿ ਮੁਸ਼ਾਇਰੇ ਦੀ ਤਸਵੀਰ ਹੈ। ਪੁਸਤਕ ਦਾ ਅਖ਼ੀਰਲਾ 10ਵੇਂ ਭਾਗ ਵਿੱਚ ਪਟਿਆਲਾ ਰਿਆਸਤ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ 99 ਵਿਅਕਤੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 50 ਵਿਅਕਤੀਆਂਬਾਰੇ ਤਾਂ ਉਨ੍ਹਾਂ ਵਿਸਤਾਰ ਪੂਰਬਕ ਲੇਖ ਲਿਖੇ ਹਨ ਪ੍ਰੰਤੂ 49 ਤਜ਼ਰਬਾ ਵੀ ਉਨ੍ਹਾਂ ਦੀ ਲੇਖਣੀ ਵਿੱਚ ਹੋਰ ਨਿਖ਼ਾਰ ਲਿਆਵੇਗਾ। ਉਨ੍ਹਾਂ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। ਵਿਅਕਤੀਆਂ ਦੀ ਡਾਇਰੈਕਟਰੀ ਟਾਈਪ ਜਾਣਕਾਰੀ ਹੈ।
ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ, ਜਿਸਨੂੰ ਰੈਫਰੈਂਸ ਪੁਸਤਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਕਿਉਂਕਿ ਇਸ ਪੁਸਤਕ ਵਿਚਲੀ ਜਾਣਕਾਰੀ ਸਰਦਾਰ ਅਵਤਾਰ ਸਿੰਘ ਦੀ ਨਿੱਜੀ ਜਾਣਕਾਰੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 79 ਸਾਲ ਦੇ ਤਜ਼ਰਬੇ ਦੇ ਅਧਾਰਤ ਲਿਖੀ ਗਈ ਹੈ। ਉਨ੍ਹਾਂ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਵਿਚਰਣ ਦਾ ਮੌਕਾ ਮਿਲਦਾ ਰਿਹਾ ਹੈ। ਉਹ ਸ਼ਾਹੀ ਪਰਿਵਾਰ ਦੇ ਸਮਾਜਿਕ ਸਮਾਗਮਾ ਵਿੱਚ ਸ਼ਰੀਕ ਹੁੰਦੇ ਰਹੇ ਹਨ। ਸ੍ਰ ਅਵਤਾਰ ਸਿੰਘ ਗਿਆਨ ਦਾ ਖ਼ਜ਼ਾਨਾ ਹਨ, ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਪਟਿਆਲਾ ਵਿੱਚ ਹੋਈਆਂ ਅਨੇਕਾਂ ਘਟਨਾਵਾਂ ਦੇ ਚਸ਼ਮਦੀਦ ਗਵਾਹ ਹਨ। ਉਮੀਦ ਕਰਦੇ ਹਾਂ ਕਿ ਉਮਰ ਦੇ ਇਸ ਦਰਾਜ਼ ਵਿੱਚ ਉਹ ਹੋਰ ਪੁਸਤਕਾਂ ਦੇ ਕੇ ਪਟਿਆਲਵੀਆਂ ਨੂੰ ਮਾਲੋਮਾਲ ਕਰਨਗੇ। ਉਨ੍ਹਾਂ ਦੀਆਂ ਇਸਤੋਂ ਪਹਿਲਾਂ ਵੀ ਦੋ ਪੁਸਤਕਾਂ ਪੰਜਾਬੀ ਸਾਹਿਤ ਅਤੇ ਕਲਾ ਅਤੇ ਸਭਿਆਚਾਰ ਦੇ ਵਿਕਾਸ ਵਿੱਚ ਹਿੱਸਾ ਪਾਉਣ ਵਾਲੀਆਂ ਕੁਝ ਮਹਾਨ ਔਰਤਾਂ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦਾ 21 ਸਾਲ ਦਾ ਪੱਤਰਕਾਰੀ ਦਾ ਵਿਸ਼ਾਲ ਤਜ਼ਰਬਾ ਹੈ। ਉਹ ਬਿਜਲੀ ਬੋਰਡ ਵਿੱਚੋਂ ਡਾਇਰੈਕਟਰ ਲੋਕ ਸੰਪਰਕ ਸੇਵਾ ਮੁਕਤ ਹੋਏ ਹਨ।
ਪ੍ਰਬੰਧਕੀ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ : 94178 13072
ujagarsingh480yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.