EDITORIAL

ਕਿਸਾਨ-ਧਰਨਿਆਂ ਤੋਂ ਔਖੇ  ਹੋਏ ਲੋਕ, ਕਿਸਾਨ ਬਦਲਣਗੇ ਰਣਨੀਤੀ ?

ਸਥਿਤੀਆਂ ਗੰਭੀਰ ਇਸ਼ਾਰੇ ਕਰਦੀਆਂ

ਅਮਰਜੀਤ ਸਿੰਘ ਵੜੈਚ (94178-01988) 

ਵੈਸੇ ਤਾਂ ਅੱਜ ਕੱਲ੍ਹ ਪੰਜਾਬ ‘ਚ ਕਈ ਵਰਗਾਂ ਵੱਲੋਂ ਸੜਕਾਂ ‘ਤੇ ਧਰਨੇ ਲਏ ਜਾ ਰਹੇ ਹਨ ਪਰ ਕਿਸਾਨਾਂ ਵੱਲੋਂ ਲਾਏ ਜਾਂਦੇ ਧਨਿਆਂ ਤੇ ਸੜਕਾਂ ਰੋਕਣ ਦਾ ਰੁਝਾਨ ਬਹੁਤ ਵਧ ਗਿਆ ਹੈ । ਇਸ ਵਰਤਾਰੇ ਨੂੰ ਲੈਕੇ ਪਿਛਲੇ ਸਮੇਂ ‘ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹਨ ਜਿਸ ਕਾਰਨ ਕਿਸਾਨਾਂ ਦੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਬਾਰੇ ਲੋਕਾਂ ‘ਚ ਕਈ ਦੀਆਂ ਗ਼ਲਤ ਫ਼ਹਿਮੀਆਂ ਤੇ ਵਿਚਾਰ  ਉਭਰਨ ਲੱਗੇ ਹਨ ।

ਕਿਸਾਨਾਂ ਵੱਲੋਂ ਦਿੱਲੀ ਵਿਖੇ ਲਾਏ ਗਏ ਲੰਮੇ ਮੋਰਚੇ ਦੋਰਾਨ ਆਮ ਲੋਕਾਂ , ਖ਼ਾਸਕਰ ਸ਼ਹਿਰੀਆਂ ‘ਚ ਕਿਸਾਨਾਂ ਪ੍ਰਤੀ ਸਮਝ ਨੇ  ਹਾਂ ਪੱਖੀ ਵਿਸਤਾਰ ਲਿਆ ਸੀ । ਹਾਲੇ ਵੀ ਬਹੁਤ ਸਾਰੇ ਸ਼ਹਿਰੀ ਲੋਕ ਇਹ ਸਮਝਦੇ ਹਨ ਕਿ ਕਿਸਾਨ ਵੇਹਲੇ ਹੁੰਦੇ ਹਨ ਤੇ ਐਵੇਂ  ਹੀ ਧਰਨੇ ਲਾਉਂਦੇ ਹਨ ।  ਕਿਸਾਨਾਂ ਵੱਲੋਂ ਜਦੋਂ ਸੜਕਾਂ ਬੰਦ ਕੀਤੀਆਂ ਜਾਂਦੀਆਂ ਹਨ ਤਾਂ ਆਮ ਲੋਕ  ਬਹੁਤ ਪਰੇਸ਼ਾਨ ਹੁੰਦੇ ਹਨ ਜਿਸ ਬਾਰੇ ਕਿਸਾਨ ਲੀਡਰਾਂ ਨੂੰ ਵੀ ਪਤਾ ਹੈ ।  ਇਨ੍ਹਾਂ ਪ੍ਰਦਰਸ਼ਨਾਂ ਕਰਕੇ ਸਿਰਫ਼ ਸ਼ਹਿਰੀ ਲੋਕ ਹੀ ਪਰੇਸ਼ਾਨ ਨਹੀਂ ਹੁੰਦੇ ਬਲਕਿ ਪਿੰਡਾਂ ਵਾਲ਼ਿਆਂ ਨੂੰ ਮੁਸ਼ਕਿਲਾਂ ਆਂਉਂਦੀਆਂ ਹਨ । ਕਿਸਾਨਾਂ ਦਾ  ਇਨ੍ਹਾਂ ਪ੍ਰਦਰਸ਼ਨਾ ਪ੍ਰਤੀ ਇਹ ਮੱਤ ਹੈ ਕਿ  ਸਰਕਾਰਾਂ ਕਿਸਾਨਾਂ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹਨ ਕਿਉਂਕਿ ਹੁਣ ਤੱਕ ਕਿਸਾਨਾਂ  ਦੇ ਸਿਰ ‘ਤੇ ਸਰਕਾਰਾਂ ਸਰਮਾਏਦਾਰਾਂ,ਵਪਾਰੀਆਂ ਤੇ ਉਦਯੋਗਪਤੀਆਂ ਨੂੰ ਫ਼ਾਇਦੇ ਪਹੁੰਚਾਉਂਦੀਆਂ ਰਹੀਆਂ ਹਨ ਤੇ ਕਿਸਾਨਾਂ ਦੀ ਹਾਲਤ ਬਦਤਰ ਹੁੰਦੀ ਰਹੀ ਹੈ ।

ਕਿਸਾਨਾਂ ਸਿਰ ਕਰਜ਼ੇ ਚੜ੍ਹਦੇ ਰਹੇ ਹਨ ਕਿਉਂਕਿ ਸਾਰੀਆਂ ਚੀਜ਼ਾਂ ,ਖ਼ਾਸਕਰ ਖੇਤੀ ਦੇ ਉਤਪਾਦਨ ‘ਚ ਵਰਤੀਆਂ ਜਾਣ ਵਾਲ਼ੀਆਂ ਵਸਤੂਆਂ ਦੀਆਂ ਕੀਮਤਾਂ ‘ਚ ਬਹੁਤ ਵਾਧਾ ਹੋਇਆ ਹੈ । ਛੋਟੇ ਕਿਸਾਨਾਂ ਦੀ ਆਮਦਨ ਨਾਲ਼ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੀ ਲੋੜਾਂ ਨਹੀਂ ਪੂਰੀਆਂ ਹੁੰਦੀਆਂ । ਇਹ ਸਮੱਸਿਆ ਸਿਰਫ਼ ਨਿੱਕੇ ਤੇ  ਹਾਸ਼ੀਏ ‘ਤੇ ਧੱਕੇ ਕਿਸਾਨਾਂ ਦੀ ਹੈ ਜੋ ਇਕ-ਦੋ ਏਕੜ ਤੋਂ ਪੰਜ-ਛੇ ਏਕੜਾਂ ਤੱਕ ਦੇ ਕਿਸਾਨ ਹਨ ਅਤੇ ਇਨ੍ਹਾਂ ਦੀ ਗਿਣਤੀ 80 ਫ਼ੀਸਦੀ ਤੋਂ ਵੱਧ ਹੈ । ਵੈਸੇ ਦਸ ਕਿਲਿਆਂ ਵਾਲ਼ੇ ਕਿਸਾਨਾਂ ਦੀ ਵੀ ਕੋਈ ਬਹੁਤੀ  ਚੰਗੀ ਹਾਲਤ ਨਹੀਂ ਹੈ । ਪੰਜਾਬ ‘ਚ ਹਰ ਇਕ ਟ੍ਰੈਕਟਰ ਕਰਜ਼ੇ ਦਾ ਹੈ । ਜਿਹੜੇ ਕਿਸਾਨ ਦਿੱਲੀ ਵਾਲ਼ੇ ਸੰਘਰਸ਼ ਵਿੱਚ ਗਏ ਸਨ ਉਨ੍ਹਾਂ ਵਿੱਚ ਹਰ ਪੱਧਰ ਦਾ ਕਿਸਾਨ ਸੀ ਕਿਉਂਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਅਸਰ ਹਰ ਇਕ ਕਿਸਾਨ ‘ਤੇ ਹੋਣਾ ਸੀ ।

ਹੁਣ ਜਿਹੜੇ ਕਿਸਾਨ ਪੰਜਾਬ ‘ਚ ਧਰਨੇ ਲਾ ਰਹੇ ਹਨ  ਉਹ ਛੋਟੀਆਂ ਜੋਤਾਂ ਵਾਲ਼ੇ ਹਨ ਜਿਨ੍ਹਾਂ ਦੀਆਂ ਸਮੱਸਿਆਵਾਂ ਵੱਡੇ ਕਿਸਾਨਾਂ ਤੋਂ ਬਿਲਕੁਲ ਵੱਖਰੀਆਂ ਹਨ : ਆਮਦਨ ਘੱਟ ਹੈ ,ਦਿਨੋਂ ਦਿਨ ਖਰਚੇ ਵਧ ਰਹੇ ਹਨ, ਵੱਡੀ ਮਸ਼ਨਿਰੀ ਖਰੀਦਣੀ ਉਨ੍ਹਾ ਦੇ ਵਿਤੋਂ ਬਾਾੳਰਰੳਚਿਹਰ ਹੈ, ਧਰਤੀ ਹੇਠਲਾ ਪਾਣੀ ਹਰ ਸਾਲ ਹੇਠਾਂ ਜਾ ਰਿਹਾ ਹੈ ਜਿਸ ਨੂੰ ਕੱਢਣ ਵਾਸਤੇ ਹਰ ਸਾਲ ਵੱਡੇ ਖਰਚੇ ਕਰਨੇ ਪੈਂਦੇ ਹਨ, ਫ਼ਸਲਾਂ ਦਾ ਮੁੱਲ ਪੂਰਾ ਨਹੀਂ ਮਿਲ਼ਦਾ, ਬੀਜ,ਦਵਾਈਆਂ, ਖਾਦਾਂ ਤੇ ਮਸ਼ੀਨਰੀ ਦੇ ਰੇਟ ਅਸਮਾਨਾਂ ਨੂੰ ਜਾ ਲੱਗੇ ਹਨ । ਸਰਕਾਰਾਂ ਵੱਲੋਂ ਮਿਲਣ ਵਾਲ਼ੀਆਂ ਸੱਬਸਿਡੀਆਂ ਕਿਸਾਨਾਂ ਤੱਕ ਤਾਂ ਪਹੁੰਚਦੀਆਂ  ਹੀ ਨਹੀਂ ਹਨ  ਜਿਸ ਨੂੰ ਸਰਕਾਰੀ ਪੱਧਰ ਦੇ ਅਫ਼ਸਰ ਤੇ ਉਦਯੋਗਾਂ  ਵਾਲ਼ੇ ਹੀ ਹੜੱਪ ਜਾਂਦੇ ਹਨ ਪਰ ਲੋਕ ਸਮਝ ਲੈਂਦੇ ਹਨ ਕਿ ਸਰਕਾਰਾਂ ਕਿਸਾਨਾਂ ਨੂੰ ਬਹੁਤ ਸਬਸਿਡੀਆਂ ਦਿੰਦੀਆਂ ਹਨ । ਇਸੇ ਕਰਕੇ ਲੋਕਾਂ ‘ਚ ਕਿਸਾਨਾਂ ਦੇ ਸੰਘਰਸ਼ਾਂ ਪ੍ਰਤੀ ਗ਼ਲਤਫ਼ਹਿਮੀਆਂ ਪੈਦਾ ਹੋ ਰਹੀਆਂ ਹਨ ।

ਹੁਣ ਗੱਲ ਕਰਦੇ ਹਾਂ ਕਿ ਕਿਸਾਨਾਂ ਨੂੰ ਵਾਰ-ਵਾਰ ਧਰਨੇ ਕਿਉਂ ਲਾਉਣੇ ਪੈਂਦੇ ਹਨ : ਇਸ ਦੀ ਸੱਭ ਤੋਂ ਵੱਡੀ ਉਦਾਹਰਣ ਤੇ ਕਾਰਨ ਹੈ ਸਰਕਾਰਾਂ ਦੀਆਂ ਬਦਨੀਤੀਆਂ। ਦਿੱਲੀ ਵਾਲ਼ਾ ਮੋਰਚਾ ਕਿਸਾਨਾਂ ਨੇ ਇਸ ਕਰਕੇ ਖ਼ਤਮ ਕੀਤਾ ਸੀ ਕਿਉਂਕਿ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੇ ਆਪ ਪਿਛਲੇ ਵਰ੍ਹੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਐਲਾਨ ਕੀਤਾ ਸੀ ਕਿ ਅੰਦੋਲਨਕਾਰੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ  ਹਨ  ਪਰ ਹਾਲੇ ਤੱਕ ਕਿਸੇ ਇਕ ਵੀ ਮੰਗ ਨੂੰ ਬੂਰ ਨਹੀਂ ਪਿਆ । ਇੰਜ ਹੀ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਪ੍ਰਤੀ ਵੀ ਸਰਕਾਰ ਦਾ ਰਵੱਈਆ ਕੇਂਦਰ ਸਰਕਾਰ ਵਰਗਾ ਹੀ ਹੈ ।

ਜਦੋਂ ਬੰਦਾ ਡੁੱਬਣ ਲੱਗਦਾ ਹੈ ਤਾਂ ਫਿਰ ਉਹ ਹਰ ਹੀਲਾ ਵਰਤਦਾ ਹੈ : ਕਿਸਾਨਾਂ ਦੀ ਹਾਲਤ ਵੀ ਹੁਣ ਡੁੱਬਣ ਵਾਲ਼ੀ ਹੀ ਹੈ । ਇਹ ਹਾਲਤ ਭਾਰਤ ਦੇ ਦੂਜੇ ਸੂਬਿਆਂ ਦੇ ਕਿਸਾਨਾਂ ਦੀ ਵੀ ਹੈ ਪਰ ਉਹ ਵਿਚਾਰੇ ਸੰਗੱਠਿਤ ਨਹੀਂ ਹੋ ਸਕੇ ਤੇ ਹੈ ਵੀ ਬਹੁਤ ਨਿਮਾਣੇ ਹਨ । ਕਿਸਾਨ ਯੂਨੀਅਨਾਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਹੱਥ-ਪੱਲਾ ਨਹੀਂ ਫ਼ੜਾਉਂਦੀਆਂ ਤਾਂ ਹਾਰਕੇ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨਾ ਪੈਂਦਾ ਹੈ । ਕਿਸ ਦਾ ਦਿਲ ਕਰਦਾ ਹੈ ਕਿ ਉਨ੍ਹਾਂ ਦੇ ਘਰਾਂ ਦੀਆਂ ਔਰਤਾਂ, ਬੱਚੇ ਤੇ ਬਜ਼ੁਰਗ  ਪੋਹ-ਮਾਘ ਦੀਆਂ ਰਾਤਾਂ ਸੜਕਾਂ ‘ਤੇ ਗੁਜ਼ਾਰਨ ?

ਕਿਸਾਨਾਂ ਵੱਲੋਂ ਰੋਕੀਆਂ ਜਾਂਦੀਆਂ ਸੜਕਾਂ ਕਾਰਨ ਆਮ ਲੋਕ ਬਹੁਤ ਪਰੇਸ਼ਾਨ ਹੁੰਦੇ ਹਨ । ਇਸ ਕਾਰਨ ਆਮ ਲੋਕਾਂ ‘ਚ ਕਿਸਾਨਾਂ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ ਤੇ ਇਹ ਵੀ ਖ਼ਦਸ਼ਾ ਹੈ ਕਿ ਕਿਸਾਨ ਵਿਰੋਧੀ ਸ਼ਕਤੀਆਂ ਇਸ ਨੁਕਤੇ ਨੂੰ ਹੀ ਫੜਕੇ ਕਿਸਾਨਾਂ ਤੇ ਆਮ ਲੋਕਾਂ ‘ਚ ਟਕਰਾ ਕਰਵਾ ਸਕਦੀਆਂ ਹਨ । ਇਸ ਤਰ੍ਹਾਂ ਦੀ ਇਕ ਬਜ਼ੁਰਗ ਮਾਤਾ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ । ਕਈ ਥਾਂਈ ਲੋਕਾਂ ਦਾ ਕਿਸਾਨਾਂ ਨਾਲ਼ ਟਕਰਾ ਵੀ ਹੁੰਦੇ-ਹੁੰਦੇ ਹੀ ਬਚਿਆ ਹੈ  । ਕਿਸਾਨ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਣਨੀਤੀ ‘ਤੇ ਮੁੜ ਵਿਚਾਰ ਕਰਨ ਤਾਂਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਨਾ ਪੇਸ਼ ਆਉਣ ।  ਇੰਜ ਕਰਨ ਨਾਲ਼ ਕਿਸਾਨ ਆਮ ਲੋਕਾਂ ਦਾ ਸਹਿਯੋਗ ਵੀ ਲੈ ਸਕਣਗੇ ।

ਲੋਕਾਂ ਦਾ ਇਹ ਤਰਕ ਬੜਾ ਤਕੜਾ ਹੈ ਕਿ ਕਿਸਾਨ ਜੱਥੇਬੰਦੀਆਂ ਆਮ ਲੋਕਾਂ ਦੀ ਬਾਂਹ ਮਰੋੜਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੁੰਦੇ ਹਨ ਸਿਧਾ ਸਰਕਾਰਾਂ ਨੂੰ ਕਿਉਂ ਨਹੀਂ ਘੇਰਦੀਆਂ । ਕਿਸਾਨ ਲੀਡਰਾਂ ਨੂੰ ਇਸ ਤਰਕ ਨੂੰ ਬੜਾ ਗੰਭੀਰਤਾ ਨਾਲ਼ ਲੈਣਾ ਚਾਹੀਦਾ ਹੈ ।  ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਮੌਜੂਦਾ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਉਣ ਲਈ  ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਕੇ ਲਾਗੂ ਵੀ ਕਰਨ । ਪੰਜਾਬ ਦੀਆਂ ਵਰਤਮਾਨ ਸਥਿਤੀਆਂ ਕਿਸੇ ਚੰਗੇ ਪਾਸੇ ਵੱਲ ਇਸ਼ਾਰਾ ਨਹੀਂ ਕਰ ਰਹੀਆਂ ਜਿਸ ਨੂੰ ਸਰਕਾਰਾਂ ਤੇ ਕਿਸਾਨ ਜੱਥੇਬੰਦੀਆਂ ਨੂੰ ਹੁਣੇ ਹੀ ਪੜ੍ਹ ਲੈਣਾ ਚਾਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button