ਕਿਸਾਨ ਅੰਦੋਲਨ ਬਨਾਮ ਸੰਯੁਕਤ ਸਮਾਜ ਮੋਰਚਾ: ਇੱਕ ਵਿਸ਼ਲੇਸ਼ਣ!
(ਪਹਿਲਾਂ ਕੀ ਮਿਲਿਆ ਮਜਦੂਰਾਂ ਨੂੰ,ਜਿਹੜਾ ਹੁਣ ਮਿਲ ਜਾਊ ਚੋਣਾਂ ਚੋਂ)
ਮਨੁੱਖ ਜਿਉਂ ਹੀ ਜਨਮ ਲੈਂਦਾ ਹੈ,ਤਾਂ ਮਨੁੱਖ ਉਦੋਂ ਤੋਂ ਹੀ ਆਪਣੇ ਜਿਉਂਦੇ ਰਹਿਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ।ਇਸੇ ਲਈ ਤਾਂ ਕਹਿੰਦੇ ਹਨ,ਕਿ,
ਰੋਏ ਬਿਨਾਂ ਤਾਂ,ਮਾਂ ਵੀ ਦੁੱਧ ਨਹੀਂ ਦਿੰਦੀ!
ਇਸ ਗੱਲ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ,ਕਿ ਜਿੰਦਗੀ ਚ ਮਾਂ ਤੋਂ ਨੇੜੇ ਦਾ ਹੋਰ ਕੋਈ ਰਿਸ਼ਤਾ ਨਹੀਂ ਹੁੰਦਾ।ਇਸ ਲਈ,ਅਗਰ,ਮਾਂ ਤੋਂ ਦੁੱਧ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ,ਤਾਂ ਦੁਨੀਆਂ ਦੇ ਦੂਸਰੇ ਲੋਕਾਂ ਤੋਂ ਬਿਨਾਂ ਸੰਘਰਸ਼ ਕੀਤਿਆਂ ਕੋਈ ਚੀਜ ਕਿਵੇਂ ਹਾਸਲ ਹੋ ਸਕਦੀ ਹੈ। ਜਿਉਂ 2 ਮਨੁੱਖ ਦੀ ਉਮਰ ਵੱਧਦੀ ਹੈ,ਤਿਉਂ 2 ਮਨੁੱਖ ਦੀਆਂ ਲੋੜਾਂ ਵੀ ਵੱਧਦੀਆਂ ਹਨ।ਸਭ ਤੋਂ ਪਹਿਲਾਂ ਤਾਂ,ਮਨੁੱਖ ਆਪਣੀਆਂ ਜਰੂਰੀ ਲੋੜਾਂ ਪੂਰੀਆਂ ਕਰਨ ਨੂੰ ਪਹਿਲ ਦਿੰਦਾ ਹੈ।ਕਿਉਂਕਿ ਜਰੂਰੀ ਲੋੜਾਂ ਦੀ ਪੂਰਤੀ ਤੋਂ ਬਿਨਾਂ,ਮਨੁੱਖ ਜਿਉਂਦਾ ਨਹੀਂ ਰਹਿ ਸਕਦਾ।ਉਸ ਤੋਂ ਬਾਅਦ,ਮਨੁੱਖ ਉਨ੍ਹਾਂ ਲੋੜਾਂ ਦੀ ਪੂਰਤੀ ਕਰਦਾ ਹੈ,ਜਿੰਨ੍ਹਾਂ ਨਾਲ ਉਹਦੀ ਜਿੰਦਗੀ ਨੂੰ ਆਰਾਮ ਮਿਲ ਸਕੇ,ਭਾਵ ਆਰਾਮਦਾਇਕ ਲੋੜਾਂ ਪੂਰੀਆਂ ਕਰਦਾ ਹੈ ਅਤੇ ਅਖੀਰ ਚ ਦਿਖਾਵੇ ਵਾਲੀਆਂ ਭਾਵ ਵਿਲਾਸਤਾ ਪੂਰਵਕ ਚੀਜਾਂ ਦੀ ਪੂਰਤੀ ਕਰਦਾ ਹੈ।ਕਿਉਂਕਿ, ਮਨੁੱਖ ਦਿਖਾਵੇ ਤੇ ਚੌਧਰ ਦਾ ਹੀ ਤਾਂ ਬੜਾ ਭੁੱਖਾ ਹੈ।
ਆਪਣੀ ਜਿੰਦਗੀ ਦੀਆਂ,ਤਿੰਨੋਂ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ,ਮਨੁੱਖ ਸਾਰੀ ਉਮਰ ਹੀ ਸੰਘਰਸ਼ ਕਰਦਾ ਰਹਿੰਦਾ ਹੈ।ਪਰ ਇਹਦਾ ਮਤਲਬ ਇਹ ਨਹੀਂ,ਕਿ ਜਦੋਂ ਮਨੁੱਖ ਦੀਆਂ ਇਹ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ,ਤਾਂ ਉਹ ਸੰਤੁਸ਼ਟ ਹੋ ਕੇ ਅਤੇ ਚੁੱਪ ਚਾਪ ਕਰਕੇ ਬੈਠ ਜਾਵੇਗਾ।ਇਹ ਤਾਂ ਇੱਕ ਗਲਤ ਫਹਿਮੀ ਹੈ।ਇਸ ਤੋਂ ਬਾਅਦ ਵੀ,ਮਨੁੱਖ ਹਰ ਤਰ੍ਹਾਂ ਦੀ ਸੋਹਰਤ,ਧਨ ਦੌਲਤ ਇਕੱਠੀ ਕਰਨੀ ਅਤੇ ਚੌਧਰ ਦੀ ਦੌੜ ਚ ਸਾਮਲ ਹੋ ਜਾਂਦਾ ਹੈ।ਇਸ ਤਰ੍ਹਾਂ, ਸਾਰੀ ਉਮਰ ਹੀ ਇਸੇ ਤਰ੍ਹਾਂ ਦੇ ਚੱਕਰਾਂ ਚ ਜਾਂ ਇਉਂ ਕਹਿ ਲਵੋ,ਕਿ ਅਜਿਹੇ ਸੰਘਰਸ਼ਾਂ ਚ ਹੀ ਲੰਘਾ ਦਿੰਦਾ ਹੈ।ਕਿਉਂਕਿ ਮਨੁੱਖ ਨੂੰ ਸਾਰੀ ਉਮਰ,ਕਿਸੇ ਵੀ ਚੀਜ ਤੋਂ ਸੰਤੁਸ਼ਟੀ ਨਹੀਂ ਮਿਲਦੀ। ਦੁਨੀਆਂ ਦਾ ਕੋਈ ਵੀ ਮਨੁੱਖ,ਭਾਵੇਂ ਉਹ ਕਿਸੇ ਵੀ ਹਿੱਸੇ ਚ ਰਹਿੰਦਾ ਹੋਵੇ।ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਦਾ ਹੋਵੇ।ਸਮਾਜਿਕ, ਰਾਜਨੀਤਕ, ਧਾਰਮਿਕ ਜਾਂ ਆਰਥਿਕ ਖੇਤਰ ਚ ਕੰਮ ਕਰਦਾ ਹੋਵੇ।ਕੋਈ ਵੀ ਬੰਦਾ,ਕਦੇ ਪੂਰਨ ਰੂਪ ਚ ਸੰਤੁਸ਼ਟ ਨਹੀਂ ਹੁੰਦਾ।ਕਿਸੇ ਮਨੁੱਖ ਦੇ ਅਮੀਰ ਜਾਂ ਗਰੀਬ ਹੋਣ ਨਾਲ ਵੀ,ਕਿਸੇ ਦੀ ਸੰਤੁਸ਼ਟੀ ਤੇ ਕੋਈ ਅਸਰ ਨਹੀਂ ਪੈਂਦਾ।ਕਿਉਂਕਿ ਗਰੀਬ,ਆਪਣੀ ਗਰੀਬੀ ਦੂਰ ਕਰਨ ਲਈ ਅਤੇ ਅਮੀਰ ਹੋਰ ਅਮੀਰ ਹੋਣ ਲਈ ਆਪਣਾ ਇਹ ਸੰਘਰਸ਼ ਜਾਰੀ ਰੱਖਦਾ ਹੈ।
ਬਿਲਕੁਲ,ਇਸੇ ਤਰ੍ਹਾਂ ਦਾ ਸੰਘਰਸ਼ ਹੀ ਸਮੁੱਚੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਕਿਸਾਨ ਅੰਦੋਲਨ ਦਾ ਨਾਂ ਹੇਠ ਕੀਤਾ ਗਿਆ ਸੀ।ਜਦੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ,ਖੇਤੀ ਦੇ ਸਵੰਧ ਚ,ਤਿੰਨ ਕਾਨੂੰਨ ਬਣਾਏ ਗਏ।ਜਿਸਦੇ ਵਿਰੋਧ ਚ,ਕਿਸਾਨਾਂ ਦੀਆਂ 32 ਜਥੇਬੰਦੀਆਂ ਨੇ,ਇੱਕ ਸੰਯੁਕਤ ਮੋਰਚਾ ਬਣਾ ਕੇ,,ਕੇਂਦਰ ਸਰਕਾਰ ਦੇ ਵਿਰੁੱਧ ਮੋਰਚਾ ਲਾਇਆ।ਜਿਸ ਵਿੱਚ,ਦੇਸ਼ ਦੇ ਹਰ ਵਰਗ ਨੇ,ਕਿਸਾਨਾਂ ਨੂੰ ਆਪਣਾ ਬਣਦਾ ਯੋਗਦਾਨ ਦਿੱਤਾ। ਇਸ ਮੋਰਚੇ ਚ,ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਰਤੀ ਕਿਸਾਨ ਮੋਰਚੇ ਦੇ ਬੈਨਰ ਹੇਠ ਵੀ ਆਪਣਾ ਬਣਦਾ ਯੋਗਦਾਨ ਦਿੱਤਾ।ਕਹਿਣ ਤੋਂ ਭਾਵ ਇਹ ਹੈ,ਕਿ ਭਾਵੇਂ ਇਹ ਕਿਸਾਨ ਅੰਦੋਲਨ,ਕੇਂਦਰ ਸਰਕਾਰ ਵੱਲੋਂ ਨਿਰੋਲ ਖੇਤੀ ਸਵੰਧੀ ਤਿੰਨੋਂ ਕਾਨੂੰਨ ਰੱਦ ਕਰਵਾਉਣ ਦੇ ਸਵੰਧ ਚ ਹੀ ਕੀਤਾ ਗਿਆ ਸੀ,ਪਰ ਕਿਸਾਨਾਂ ਦੇ ਨਾਲ 2 ਮਜਦੂਰ ਤਬਕੇ ਦਾ ਵੀ,ਇਸ ਅੰਦੋਲਨ ਚ ਬੜਾ ਵੱਡਾ ਯੋਗਦਾਨ ਸੀ।ਇਹੋ ਕਾਰਨ ਸੀ,ਕੇਂਦਰ ਸਰਕਾਰ ਨੂੰ, ਤਿੰਨੋਂ ਖੇਤੀ ਸਵੰਧੀ ਕਾਨੂੰਨ ਵਾਪਸ ਲੈਣੇ ਪਏ ਅਤੇ ਆਖਰ ਅੰਦਲਨਕਾਰੀਆਂ ਦੀ ਹੀ ਜਿੱਤ ਹੋਈ।
ਪਰ ਵੇਖਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਮਜਦੂਰ ਵਰਗ ਦੇ ਇਸ ਅੰਦੋਲਨ ਚ ਐਨੀ ਵੱਡੀ ਗਿਣਤੀ ਚ ਸਾਮਲ ਹੋਣ ਦੇ ਬਾਵਜੂਦ ਵੀ, ਮਜਦੂਰਾਂ ਦੀ ਤਾਂ ਇੱਕ ਵੀ ਮੰਗ ਸਾਮਲ ਨਹੀਂ ਸੀ ਕੀਤੀ ਗਈ।ਜਦੋਂਕਿ,ਇਸ ਅੰਦੋਲਨ ਨੂੰ,ਕਿਰਤੀਆਂ ਅਤੇ ਕਿਸਾਨਾਂ ਦੇ ਸਾਂਝੇ ਅੰਦੋਲਨ ਦਾ ਨਾਂ ਦਿੱਤਾ ਗਿਆ ਸੀ।ਇਸ ਅੰਦੋਲਨ ਦੇ ਦੌਰਾਨ ਜਾਂ ਫਿਰ ਉਸ ਤੋਂ ਬਾਅਦ ਵੀ,ਕਿਸੇ ਵੀ ਕਿਸਾਨ ਜਥੇਬੰਦੀ ਨੇ ਮਜਦੂਰਾਂ ਦੇ ਹੱਕ ਚ ਕੋਈ ਹਾਅਦਾ ਨਾਅਰਾ ਨਹੀਂ ਮਾਰਿਆ।ਮਜਦੂਰ ਵਰਗ ਦੇ, ਮਜਦੂਰ ਐਕਟ,ਨਜੂਲ ਜਮੀਨਾਂ ਦੀ ਮਲਕੀਅਤ,ਪੰਚਾਇਤੀ ਸ਼ਾਮਲਾਟ ਜਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦੇਣਾ,ਲੈਂਡ ਸੀਲਿੰਗ ਐਕਟ ਦੀ ਹਮਾਇਤ,ਪਿੰਡਾਂ ਚ ਧਾਰਮਿਕ ਤੇ ਜਾਤੀ ਤੌਰਤੇ ਹੁੰਦਾ ਵਿਤਕਰਾ,ਦਿਹਾੜੀ ਵਧਾਉਣ ਜਾਂ ਹੋਰ ਸਮਿਆਂ ਤੇ ਗਰੀਬ ਮਜਦੂਰਾਂ ਤੇ ਹੁੰਦੇ ਅੱਤਿਆਚਾਰ ਅਤੇ ਸਮਾਜਿਕ ਬਾਈਕਾਟ ਦੇ ਸਵੰਧ ਚ ਕਿਸਾਨ ਜਥੇਬੰਦੀਆਂ ਵੱਲੋਂ ਮਜਦੂਰਾਂ ਦੇ ਹੱਕ ਚ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਅਤੇ ਨਾ ਹੀ ਕੋਈ ਮਤਾ ਹੀ ਪਾਸ ਕੀਤਾ ਗਿਆ,ਜੋ ਕਿ ਮਜਦੂਰਾਂ ਪ੍ਰਤੀ ਵਿਤਕਰੇ ਭਰਭੂਰ ਵਰਤਾਓ ਸੀ।
ਸਭ ਤੋਂ ਵਿਲੱਖਣ ਅਤੇ ਹੈਰਾਨੀਜਨਕ ਗੱਲ ਤਾਂ ਇਹ ਹੈ,ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਵੰਧੀ ਤਿੰਨੋਂ ਕਾਨੂੰਨ ਵਾਪਸ ਲੈਣ ਅਤੇ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ,ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਚੋਣਾਂ ਚ ਕੁੱਦਣ ਦਾ ਐਲਾਨ ਵੀ ਕਰ ਦਿੱਤਾ।ਇਹਦੇ ਵਿੱਚ ਸਭ ਤੋਂ ਵੱਡੀ ਪਹਿਲ,ਗੁਰਨਾਮ ਸਿੰਘ ਚੜੂੰਨੀ ਅਤੇ ਬਾਅਦ ਵਿੱਚ ਬਲਵੀਰ ਸਿੰਘ ਰਾਜੇਵਾਲ ਨੇ ਚੋਣਾਂ ਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਅਤੇ ਹੁਣ ਇਹ ਚੋਣਾਂ ਸੰਯੁਕਤ ਸਮਾਜ ਮੋਰਚਾ ਦੇ ਬੈਨਰ ਹੇਠ ਲੜੀਆਂ ਜਾ ਰਹੀਆਂ ਹਨ।ਜਿਹੜੇ,ਕਿ ਦੂਸਰੀਆਂ ਰਵਾਇਤੀ ਪਾਰਟੀਆਂ ਨੂੰ ਪਟਕਣੀ ਦੇ ਕੇ ਰਾਜ ਸੱਤਾ ਦਾ ਅਨੰਦ ਮਾਣਨ ਲਈ ਉਤਾਵਲੇ ਹੋ ਰਹੇ ਹਨ।ਇਸੇ ਕਾਰਨ,ਇਹ ਲੋਕ ਕਿਸਾਨਾਂ ਤੇ ਮਜਦੂਰਾਂ ਨੂੰ,ਵੋਟ ਪਾਉਣ ਦੀਆਂ ਅਪੀਲਾਂ ਵੀ ਕਰ ਰਹੇ ਹਨ। ਪਰ ਹੁਣ ,ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ,ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਇਆ,ਸਗੋਂ ਇਹ ਮੁਲਤਵੀ ਹੀ ਹੋਇਆ ਹੈ।
ਕਿਉਂਕਿ,ਅਗਰ ਮਜਦੂਰਾਂ ਦੀ ਕਿਸੇ ਵੀ ਮੰਗ ਦੀ ਗੱਲ ਹੀ ਛੱਡ ਦੇਈਏ,ਤਾਂ ਵੀ,ਅੰਦੋਲਨ ਮੁਲਤਵੀ ਕਰਨ ਵੇਲੇ ਕਿਸਾਨਾਂ ਦੀਆਂ ਤਿੰਨ ਮੁੱਖ ਮੰਗਾਂ ਚੋਂ ਕੇਂਦਰ ਨੇ ਸਿਰਫ,ਤਿੰਨੋਂ ਖੇਤੀ ਕਾਨੂੰਨ ਹੀ ਵਾਪਸ ਲਏ ਹਨ।ਇਸ ਤੋਂ ਇਲਾਵਾ,ਐਮ ਐਸ ਪੀ ਦਾ ਮੁੱਦਾ ਅਤੇ ਅੰਦੋਲਨ ਦੇ ਦੌਰਾਨ, ਕਿਸਾਨਾਂ ਤੇ ਬਣੇ ਪੁਲਿਸ ਕੇਸ ਤਾਂ ਜਿਉਂ ਦੇ ਤਿਉਂ ਹੀ ਖੜ੍ਹੇ ਹਨ।ਅਗਰ ਇਹ ਕਿਸਾਨ ਆਗੂ,ਚੋਣਾ ਦੇ ਦੌਰਾਨ ਜਿੱਤ ਜਾਂਦੇ ਹਨ ਅਤੇ ਸੱਤਾ ਦਾ ਅਨੰਦ ਮਾਣਨ ਲੱਗ ਪੈਂਦੇ ਹਨ,ਤਾਂ ਇੰਨ੍ਹਾਂ ਦੋਵਾਂ ਬਾਕੀ ਰਹਿੰਦੇ ਮੁੱਦਿਆਂ ਵਾਰੇ ਅੰਦੋਲਨ ਦੀ ਅਗਵਾਈ ਦੁਬਾਰਾ ਕੌਣ ਕਰੇਗਾ। ਮੁੱਕਦੀ ਗੱਲ ਤਾਂ ਇਹ ਹੈ,ਕਿ ਜਿਸ ਤਰ੍ਹਾਂ ਇਹ ਕਿਸਾਨ ਆਗੂ,ਮਜਦੂਰ ਵਰਗ ਨੂੰ ਵੀ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ,ਤਾਂ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਪਹਿਲਾਂ ਤਾਂ ਕਿਸਾਨ ਅੰਦੋਲਨ ਦੇ ਦੌਰਾਨ,ਇਸ ਮਜਦੂਰ ਤਬਕੇ ਨੂੰ ਸਿਵਾਏ ਲੁੱਟ,ਕੁੱਟ ਅਤੇ ਖੱਜਲ ਖੁਆਰੀ ਤੋਂ ਬਿਨਾਂ,ਹੋਰ ਕੁੱਝ ਵੀ ਨਹੀਂ ਮਿਲਿਆ।
ਅਗਰ,ਮਜਦੂਰ ਵਰਗ ਇੰਨ੍ਹਾਂ ਕਿਸਾਨ ਆਗੂਆਂ ਦਾ,ਦੁਬਾਰਾ ਸਾਥ ਦਿੰਦੇ ਵੀ ਹਨ ਅਤੇ ਇੰਨ੍ਹਾਂ ਨੂੰ ਆਪਣੀ ਵੋਟ ਪਾਉਂਦੇ ਹਨ,ਤਾਂ ਰਾਜ ਸੱਤਾ ਤੇ ਕਾਬਜ ਹੋ ਕੇ,ਇਹ ਕਿਸਾਨ ਆਗੂ,ਆਪਣੇ ਮਜਦੂਰ ਭਰਾਵਾਂ ਲਈ ਦੂਸਰੀਆਂ ਰਵਾਇਤੀ ਪਾਰਟੀਆਂ ਨਾਲੋਂ ਵੱਖਰਾ ਕੀ ਕਰਨਗੇ।ਭਾਵ,ਕਿ ਅਗਰ ਮਜਦੂਰ ਵਰਗ,ਕਿਸਾਨਾਂ ਨੂੰ ਇਹ ਸਵਾਲ ਕਰੇ,ਕਿ,
ਪਹਿਲਾਂ ਕੀ ਮਿਲਿਆ ਮਜਦੂਰਾਂ ਨੂੰ,ਜਿਹੜਾ ਹੁਣ ਮਿਲ ਜਾਊ ਚੋਣਾਂ ਚੋਂ!
ਤਾਂ ਇਸ ਗੱਲ ਦਾ,ਇੰਨ੍ਹਾਂ ਕਿਸਾਨ ਆਗੂਆਂ ਕੋਲ ਕੀ ਜਵਾਬ ਹੈ।ਅਗਰ ਕੋਈ ਜਵਾਬ ਹੀ ਨਹੀਂ, ਤਾਂ ਮਜਦੂਰ ਵਰਗ,ਇੰਨ੍ਹਾਂ ਦੀ ਹਮਾਇਤ ਕਿਉਂ ਕਰੇ ਅਤੇ ਇੰਨ੍ਹਾਂ ਨੂੰ ਆਪਣੀ ਵੋਟ ਵੀ ਕਿਉਂ ਪਾਵੇ।ਬੱਸ,ਇਹੋ ਗੱਲ ਹੀ ਸਮਝਣ ਅਤੇ ਵਿਚਾਰਨ ਵਾਲੀ ਹੈ।
ਸੁਬੇਗ ਸਿੰਘ,ਸੰਗਰੂਰ
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.