InternationalTop News

ਇਰਾਨ ‘ਚ ਸਥਿਤ ਗੁਰਦੁਆਰਾ ਸਾਹਿਬ ਨੇੜੇ ਬੰਬਾਰੀ!


ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲਿਆਂ ਕਾਰਨ ਖੇਤਰ ਵਿਚ ਹਾਲਾਤ ਬੇਹੱਦ ਗੰਭੀਰ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਤਹਿਰਾਨ ਵਿਚ ਸਥਿਤ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਨੇੜੇ ਹੋਈ ਬੰਬਾਰੀ ਤੋਂ ਬਾਅਦ ਉੱਥੇ ਮੌਜੂਦ ਲਗਭਗ 90 ਸਿੱਖਾਂ ਨਾਲ ਸੰਪਰਕ ਟੁੱਟ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਿੱਖ ਪਰਿਵਾਰ ਕਿਸੇ ਸੁਰੱਖਿਅਤ ਟਿਕਾਣੇ ਵੱਲ ਚਲੇ ਗਏ ਹਨ, ਪਰ ਉਨ੍ਹਾਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਰਹੀ। ਮੀਡੀਆ ਰਿਪੋਰਟਾਂ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੇ ਸਿੱਖ ਕਾਰੋਬਾਰੀ ਅਮਰਦੀਪ ਸਿੰਘ ਆਨੰਦ ਅਨੁਸਾਰ, ਜੰਗ ਦੇ ਪਹਿਲੇ ਦਿਨ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਹੋਇਆ ਸੀ, ਪਰ ਉਸ ਤੋਂ ਬਾਅਦ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ। ਉਥੇ ਹੀ ਦੂਜੇ ਪਾਸੇ ਕੁਝ ਖਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਗੁਰੂਘਰ ਦੇ ਲਾਗੇ ਕੋਈ ਬੰਬਾਰੀ ਨਹੀਂ ਹੋਈ ਹੈ ਪਰ ਉਥੇ ਮੌਜੂਦ ਸਿੱਖ ਪਰਿਵਾਰਾਂ ਦੇ ਨਾਲ ਕੋਈ ਸੰਪਰਕ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ ਇਨ੍ਹਾਂ ਹਮਲਿਆਂ ‘ਚ ਹੁਣ ਤੱਕ 780 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਰਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ, ਅਰਾਮਕੋ ਦੀ ਰਾਸ ਤਨੂਰਾ, ਨੂੰ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਇਸ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ। ਇਸ ਤੋਂ ਇਲਾਵਾ, ਕੁਵੈਤ ਵਿਚ ਅਮਰੀਕਾ ਦੇ ਕਈ ਲੜਾਕੂ ਜਹਾਜ਼ ਕਰੈਸ਼ ਹੋਣ ਅਤੇ ਇਰਾਨ ਵੱਲੋਂ ਸਾਇਪ੍ਰਸ ਵਿਚ ਯੂ.ਕੇ. ਦੇ ਏਅਰ ਬੇਸ ‘ਤੇ ਡਰੋਨ ਹਮਲੇ ਦੀ ਖ਼ਬਰ ਹੈ।
ਇਰਾਨ ‘ਚ ਤਕਰੀਬਨ 10,000 ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਨੇ ਮੁਲਕ ਛੱਡਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਅਨੁਸਾਰ 1,200 ਕਸ਼ਮੀਰੀ ਵਿਦਿਆਰਥੀ ਵੀ ਇਰਾਨ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਪੂਰੇ ਮੱਧ ਪੂਰਬ ਖੇਤਰ ਵਿਚ ਲਗਭਗ 10 ਮਿਲੀਅਨ ਭਾਰਤੀ ਨਾਗਰਿਕ ਮੌਜੂਦ ਹਨ।
ਇਜ਼ਰਾਈਲ ਨੇ ਇਰਾਨੀ ਖੁਫੀਆ ਏਜੰਸੀ ਦੇ ਦੋ ਉੱਚ ਅਧਿਕਾਰੀਆਂ, ਸਈਅਦ ਯਾਹਯਾ ਹਮੀਦੀ ਅਤੇ ਜਲਾਲ ਪੋਰ ਹੁਸੈਨ ਨੂੰ ਹਵਾਈ ਹਮਲੇ ਵਿਚ ਮਾਰਨ ਦਾ ਦਾਅਵਾ ਕੀਤਾ ਹੈ। ਖੇਤਰ ਵਿਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button