ਅਕਾਲੀਆ ਵਲੋਂ ਚਲਾਇਆ ਸਿੱਧੂ ਤੇ ਤੀਰ, ਵਾਪਿਸ ਅਕਾਲੀਆ ਵੱਲ ਹੋਇਆ ਸਿੱਧਾ
ਨਵਾਂਸ਼ਹਿਰ : ਕਈ ਸਾਲ ਪਹਿਲਾਂ ਜਦੋਂ ਜਸਵਿੰਦਰ ਭੱਲੇ ਦੀ ਇੱਕ ਅਜਿਹੀ ਐਲਬਮ ਆਈ ਸੀ ਜਿਸ ਵਿਚ ਭੱਲੇ ਨੇ ਇੱਕ ਡਾਇਲਾਗ ਬੋਲਿਆ ਸੀ ਕਿ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ ਤਾਂ ਉਹ ਡਾਇਲਾਗ ਐਨਾ ਮਸ਼ਹੂਰ ਹੋਇਆ ਕਿ ਲੋਕ ਅੱਜ ਤੱਕ ਗੱਲ-ਗੱਲ ਤੇ ਉਹੋ ਹੀ ਡਾਇਲਾਗ ਬੋਲ ਕੇ ਹੋਰਾਂ ਨੂੰ ਚੁੱਪ ਕਰਾਉਂਦੇ ਆਏ ਹਨ। ਕੁਝ ਇਹੋ ਜਿਹਾ ਹੀ ਹਾਲ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹੋਇਆ ਪਿਆ ਹੈ ਜੋ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੰਘ ਸਿੱਧੂ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਿਆਸੀ ਲਲਾ-ਲਲਾ ਕਰਕੇ ਉਸਦੇ ਪਿੱਛੇ ਪੈ ਗਈ ਸੀ ਤੇ ਇੱਥੋਂ ਤੱਕ ਕਿ ਇਸਦੇ ਆਗੂਆਂ ਨੇ ਇਹ ਫੋਟੋ ਨੂੰ ਹਵਾ ਵਿੱਚ ਲਹਿਰਾ-ਲਹਿਰਾ ਕੇ ਸਿੱਧੂ ਦਾ ਅਸਤੀਫਾ ਤੱਕ ਮੰਗ ਲਿਆ ਸੀ ਪਰ ਹੁਣ ਜਿਉਂ ਹੀ ਇਸ ਪਾਰਟੀ ਦੇ ਆਪਣੇ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਵੀ ਓਹੋ ਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਤਾਂ ਅਕਾਲੀਆਂ ਨੂੰ ਜਵਾਬ ਦਿੰਦਿਆਂ ਨਹੀਂ ਬਣ ਰਿਹਾ।
Read Also ਲਓ ਜੀ ਨਵਜੋਤ ਸਿੱਧੂ ਨੇ ਲਾਏ ਵਿਰੋਧੀਆਂ ਦੇ ਮੂੰਹਾਂ ਨੂੰ ਜਿੰਦਰੇ, ਪਰ ਸੁਖਬੀਰ ਬਾਦਲ ਕਿੱਥੇ ਟਲਦੈ (ਵੀਡੀਓ)
ਹਾਲਾਤ ਇਹ ਹਨ ਕਿ ਅਕਾਲੀ ਦਲ ਦੇ ਬੁਲਾਰੇ ਚੰਦੂਮਾਜਰਾ ਤਾਂ ਹੁਣ ਇਸ ਮੁੱਦੇ ਨੂੰ ਮੁੱਦਾ ਮੰਨਣੋ ਹੀ ਹੱਟ ਗਏ ਹਨ ਤੇ ਪੱਤਰਕਾਰਾਂ ਨੂੰ ਸਲਾਹ ਦਿੰਦੇ ਦਿਖਾਈ ਦਿੱਤੇ ਕਿ ਸਾਨੂੰ ਇਹੋ ਜਿਹੇ ਮੁੱਦਿਆਂ ਤੇ ਰਾਜਨੀਤੀ ਕਰਨੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੱਤਰਕਾਰਾਂ ਨਾਲ ਬੰਗਾ ਵਿਖੇ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਤੱਕ ਫੋਟੋ ਕਲਚਰ ਹੈ ਤੇ ਫੋਟੋ ਤੇ ਵਿਵਾਦ ਖੜ੍ਹੇ ਕਰਨਾ ਮੈਂ ਸਮਝਦਾ ਹਾਂ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਫੋਟੋ ਉਤਰਵਾ ਕੇ ਕੋਈ ਬੰਦਾ ਉਸਦੀ ਸੋਚ ਨਾਲ ਨਹੀਂ ਰਲ ਜਾਂਦਾ। ਉਨ੍ਹਾਂ ਕਿਹਾ ਕਿ ਸਮਾਗਮਾਂ ਵਿਚ ਲੋਕ ਆਮ ਤੌਰ ਤੇ ਇਕੱਠੇ ਹੋ ਜਾਂਦੇ ਹਨ ਤੇ ਫੋਟੋਆਂ ਵੀ ਖਿਚਵਾਉਂਦੇ ਹਨ ਪਰ ਫੋਟੋਆਂ ਤੇ ਵਿਵਾਦ ਖੜਾ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਲੀ ਗੱਲ ਹੈ।
ਕਿਉਂਕਿ ਪੰਜਾਬ ਵਿਚ ਹੋਰ ਬਹੁਤ ਸਾਰੇ ਮੁੱਦੇ ਹਨ ਰਾਜਨੀਤੀ ਕਰਨ ਲਈ, ਫੋਟੋ ਉਤਰਾਉਣ ਨਾਲ ਨਾ ਕਿਸੇ ਦੇ ਵਿਚਾਰ ਆਪਸ ਵਿਚ ਮਿਲ ਜਾਂਦੇ ਹਨ ਤੇ ਨਾ ਹੀ ਫੋਟੋ ਉਤਰਣ ਨਾਲ ਕੋਈ ਬੰਦਾ ਉਹੋ ਜਿਹਾ ਬਣ ਜਾਂਦਾ ਹੈ ਜਿਹੋ ਜਿਹੇ ਬੰਦ ਬਾਰੇ ਵਿਵਾਦ ਖੜਾ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਇਹ ਮੁੱਦਾ ਬੇਲੋੜਾ ਹੈ ਇਸਨੂੰ ਚੁੱਕਣ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਇਸਨੂੰ ਕਿਸੇ ਵੱਲੋਂ ਵੀ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮੁੱਦਿਆਂ ਨੂੰ ਚੁੱਕੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇੱਥੇ ਤੱਕ ਤਾਂ ਸਭ ਕੁਝ ਠੀਕ ਹੈ ਪਰ ਇਨ੍ਹਾਂ ਸਾਰੀਆਂ ਘਟਨਾਵਾਂ ਤੇ ਦੂਰੋਂ ਨਿਗ੍ਹਾ ਰੱਖੀ ਬੈਠੇ ਲੋਕ ਹੁਣ ਇਹ ਕਹਿ ਕੇ ਹੱਸ ਰਹੇ ਹਨ ਕਿ ਜਦੋਂ ਆਪ ਫਸ ਗਏ ਤਾਂ ਹੁਣ ਅਕਾਲੀਆਂ ਨੂੰ ਇਹ ਮੁੱਦਾ ਹੀ ਨਜ਼ਰ ਨਹੀਂ ਆ ਰਿਹਾ। ਯਾਨੀ ਕੀ ਭੱਲਾ ਠੀਕ ਈ ਪੁੱਛਦਾ ਸੀ ਕਿ ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੋਮੀ?
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.