ਆਸਟ੍ਰੇਲੀਆ : ਪਾਕਿਸਤਾਨ ਟੀਮ ਨਾਲ ਟਕਰਾਏਗੀ ਨਿਊਜ਼ੀਲੈਂਡ ਟੀਮ,ਪਹਿਲੇ ਸੈਮੀਫਾਈਨਲ ਵਿਚ ਜਦ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਨਾਲ ਟਕਰਾਏਗੀ, ਇਤਿਹਾਸ ਵਿਚ ਜਦ-ਜਦ ਇਹ ਦੋਵੇਂ ਟੀਮਾਂ ਵਿਸ਼ਵ ਕੱਪ ਸੈਮੀਫਾਈਨਲ ਵਿਚ ਭਿੜੀਆਂ ਹਨ, ਜਿੱਤ ਪਾਕਿਸਤਾਨ ਦੇ ਹੱਥ ਲੱਗੀ ਹੈ। ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਖੇਡੇ ਗਏ 1992 ਵਨ ਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ ਤੇ ਪਾਕਿਸਤਾਨ ਨੇ ਨਾ ਸਿਰਫ਼ ਨਿਊਜ਼ੀਲੈਂਡ ਨੂੰ ਹਰਾਇਆ ਬਲਕਿ ਵਿਸ਼ਵ ਕੱਪ ਟਰਾਫੀ ਵੀ ਆਪਣੇ ਨਾਂ ਕੀਤੀ ਸੀ। ਤਦ ਪਾਕਿਸਤਾਨੀ ਟੀਮ ਮੁਸ਼ਕਲ ਨਾਲ ਆਖ਼ਰੀ ਚਾਰ ਵਿਚ ਪੁੱਜੀ ਸੀ।
ਹੁਣ ਆਸਟ੍ਰੇਲੀਆ ਵਿਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿਚ ਵੀ ਇਤਿਹਾਸ ਦੁਹਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਸੁਪਰ-12 ਵਿਚ ਭਾਰਤ ਤੇ ਜ਼ਿੰਬਾਬਵੇ ਹੱਥੋਂ ਮਿਲੀਆਂ ਲਗਾਤਾਰ ਦੋ ਹਾਰਾਂ ਤੋਂ ਬਾਅਦ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਕੰਢੇ ਸੀ ਪਰ ਦੱਖਣੀ ਅਫਰੀਕਾ ‘ਤੇ ਨੀਦਰਲੈਂਡ ਦੀ ਉਲਟਫੇਰ ਵਾਲੀ ਜਿੱਤ ਨੇ ਉਸ ਦੀ ਮੁਹਿੰਮ ਵਿਚ ਨਵੀਂ ਜਾਣ ਫੂਕ ਦਿੱਤੀ। ਪਾਕਿਸਤਾਨ ਨੇ ਸੈਮੀਫਾਈਨਲ ਵਿਚ ਪੁੱਜਣ ਲਈ ਸਿਰਫ਼ ਬੰਗਲਾਦੇਸ਼ ‘ਤੇ ਜਿੱਤ ਦਰਜ ਕਰਨੀ ਸੀ। ਹੁਣ ਸੈਮੀਫਾਈਨਲ ਵਿਚ ਉਸ ਦਾ ਸਾਹਮਣਾ ਕੀਵੀ ਟੀਮ ਨਾਲ ਹੋਵੇਗਾ।
ਪਾਕਿਸਤਾਨ ਤੇ ਨਿਊਜ਼ੀਲੈਂਡ ਦੀਆਂ ਟੀਮਾਂ 1999 ਵਿਚ ਇੰਗਲੈਂਡ ਵਿਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਤੇ 2007 ਵਿਚ ਦੱਖਣੀ ਅਫਰੀਕਾ ਵਿਚ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ ਵਿਚ ਆਹਮੋ-ਸਾਹਮਣੇ ਸਨ। ਇਨ੍ਹਾਂ ਦੋਵਾਂ ਮੌਕਿਆਂ ‘ਤੇ ਵੀ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਸੀ।ਇਸ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਸੁਪਰ-12 ਵਿਚ ਮੇਜ਼ਬਾਨ ਆਸਟ੍ਰੇਲੀਆ, ਆਇਰਲੈਂਡ ਤੇ ਸ੍ਰੀਲੰਕਾ ਨੂੰ ਹਰਾ ਕੇ ਗਰੁੱਪ-1 ਵਿਚ ਸਿਖਰ ‘ਤੇ ਥਾਂ ਬਣਾਈ। ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ, ਗਲੇਨ ਫਿਲਿਪਸ ਤੇ ਕਪਤਾਨ ਕੇਨ ਵਿਲੀਅਮਸਨ ਚੰਗੀ ਲੈਅ ਵਿਚ ਦਿਖਾਈ ਦੇ ਰਹੇ ਹਨ।
ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਤੇ ਟਿਮ ਸਾਊਥੀ ਮੁੜ ਸਿਡਨੀ ਦੇ ਉਸੇ ਮੈਦਾਨ ‘ਤੇ ਮੁੜਨਗੇ ਜਿੱਥੇ ਉਨ੍ਹਾਂ ਨੇ ਆਸਟ੍ਰੇਲੀਆ ਤੇ ਸ੍ਰੀਲੰਕਾ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਨਾਕਾਮ ਕੀਤਾ ਸੀ।ਆਈਸੀਸੀ ਟੂਰਨਾਮੈਂਟ ਵਿਚ ਬੀਤੇ ਕੁਝ ਸਾਲਾਂ ਤੋਂ ਨਿਰੰਤਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਦਾ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਵਿਚ ਰਿਕਾਰਡ ਬਹੁਤ ਖ਼ਰਾਬ ਰਿਹਾ ਹੈ। ਬੀਤੇ ਚਾਰ ਵਿਸ਼ਵ ਕੱਪਾਂ ਵਿਚ ਕੀਵੀ ਟੀਮ ਨੇ ਸੈਮੀਫਾਈਨਲ ਵਿਚ ਥਾਂ ਬਣਾਈ। ਇਨ੍ਹਾਂ ਵਿਚੋਂ ਤਿੰਨ ਵਾਰ 2015, 2019 ਵਨ ਡੇ ਵਿਸ਼ਵ ਕੱਪ ਤੇ 2021 ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜੀ ਪਰ ਟਰਾਫੀ ਨਹੀਂ ਜਿੱਤ ਸਕੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.