EDITORIAL

Sidhu ਨਵੀਂ ਪਾਰਟੀ ਬਣਾਉਣ ਦੇ ਰੌਂ ‘ਚ !

ਅਮਰਜੀਤ ਸਿੰਘ ਵੜੈਚ

ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨਾਲ਼ ਕਾਂਗਰਸ ਅੰਦਰਲੀ ਜੰਗ ਇਕ ਹੋਰ ਮੋੜ ‘ਤੇ ਆ ਖੜੀ ਹੈ । ਪਾਰਟੀ ਦੇ ਅੰਦਰ ਕੁਝ ਵੱਡਾ ਵਾਪਰਦਾ ਲਗਦਾ ਹੈ । ਸਾਬਕਾ ਪ੍ਰਧਾਨ ਸਿਧੂ ਨੂੰ ਪ੍ਰਧਾਨਗੀ ਛੱਡਣੀ ਬਹੁਤ ਔਖੀ ਲੱਗੀ ਹੈ ਏਸੇ ਕਰਕੇ ਉਹ ਵੜਿੰਗ ਦੀ ਤਾਜਪੋਸ਼ੀ ਵਿੱਚ ਸ਼ਾਮਿਲ ਨਹੀਂ ਹੋਏ । ਸਿਧੂ ਹੁਣ ਵੀ ਪੰਜਾਬ ਮੌਡਲ ਦੀ ਗੱਲ ਕਰਦੇ ਹਨ ਪਰ ਇਹ ਸਵਾਲ ਉਨ੍ਹਾਂ ‘ਤੇ ਵੀ ਉੱਠਾਉਣਾ ਬਣਦਾ ਹੈ ਕਿ ਸਿਧੂ ਦਾ ਵਤੀਰਾ ਅਤੇ ਭਾਸ਼ਾ ਕਿਹੜਾ ਮੌਡਲ ਹੈ ਅਤੇ ਸਿਧੂ ਦੇ ਮੌਡਲ ਨੇ 77 ਦਾ 18 ਕਿਵੇਂ ਕਰ ਦਿਤਾ ?

ਜਦੋਂ ਪਿਛਲੇ ਵਰ੍ਹੇ ਜੁਲਾਈ ਮਹੀਨੇ ਸਿਧੂ ਨੇ ਇਕ ਵੱਡੇ ਧਮਾਕੇ ਨਾਲ਼ ਪ੍ਰਧਾਨਗੀ ਸੰਭਾਲ਼ੀ ਸੀ ਅਤੇ ਹੁਣ ਰਾਜਾ ਵੜਿੰਗ ਦੀ ਤਾਜਪੋਸ਼ੀ ਵਿੱਚ ਜ਼ਮੀਨ ਦਾ ਅਸਰ ਹੈ। ਇਹ ਨੈਤਿਕ ਤੌਰ ‘ਤੇ ਵੀ ਸਿਧੂ ਲਈ ਜ਼ਰੂਰੀ ਸੀ ਕਿ ਇਕ ਪ੍ਰਧਾਨ ਜਦੋਂ ਗੁਰਜ ਦੂਸਰੇ ਨੂੰ ਸੌਂਪਦਾ ਹੈ ਤਾਂ ਸਾਬਕਾ ਪ੍ਰਧਾਨ ਹੀ ਇਹ ਰਸਮ ਕਰਦਾ ਹੈ ਜਿਵੇ ਬਲਰਾਮ ਜਾਖੜ ਨੇ ਇਹ ਗੁਰਜ ਸਿਧੂ ਨੂੰ ਸੌਪੀ ਸੀ ਭਾਵੇਂ ਜਾਖੜ ਨੇ ਉਸ ਵਕਤ ਆਪਣੇ ਗਿਲ੍ਹੇ ਸ਼ਿਕਵੇ ਢੰਗ ਨਾਲ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਦਿਤੇ ਸਨ ।

ਸਿਧੂ ਨੇ ਪਟਿਆਲ਼ੇ ਦੇ ਸਨੌਰ ਵਿਧਾਨ ਸਭਾ ਹਲਕੇ ‘ਚ ਕੈਪਟਨ,ਬਾਦਲ ਅਤੇ ਮਜੀਠੀਆ ਨੂੰ ,ਕਾਂਗਰਸ ਦੀ 2022 ਚ’ ਸਰਕਾਰ ਬਣਨ ਦੀ ਆਸ ‘ਤੇ, ਪੁੱਠਾ ਲਟਕਾਉਣ ਲਈ ਕਹਿ ਦਿਤਾ । ਪੱਤਰਕਾਰਾਂ ਨੂੰ ਤੂੰ ਤੂੰ ਕਰਕੇ ਸੰਬੌਧਨ ਕਰਨਾ, ਅਤੇ ਹਰ ਰੈਲੀ ‘ਚ ” ਮੈਂ ਨਵਜੋਤ ਸਿੰਘ ਸਿਧੂ ਪੁਤਰ ਸਰਦਾਰ ਭਗਵੰਤ ਸਿੰਘ ਸਿਧੂ ” ਕਰਕੇ ਆਪਣੀ ‘ਹਾਉਮੇ’ ਨੂੰ ਖੁਸ਼ ਕਰਨ ਦੇ ਢੰਗ ਲੋਕਾਂ ਨੂੰ ਖੁਸ਼ਗਵਾਰ ਨਹੀਂ ਗੁਜ਼ਰੇ । ਹੁਣ ਸਿਧੂ ਆਪਣੇ ਇਕ ਗਰੁੱਪ ਨਾਲ਼ ਪਾਰਟੀ ਦੇ ਲੀਡਰਾਂ ਤੋਂ ਬਿਨਾਂ ਰਾਜਪਾਲ ਨੂੰ ਮਿਲਣ ਜਾਂਦੇ ਨੇ, ਕੈਪਟਨ ਤੋਂ ਬਾਗੀ ਲਾਲ ਸਿੰਘ ਨੂੰ ਮਿਲ਼ਦੇ ਨੇ, ਖੁਦਕੁਸ਼ੀਆਂ ਕਰਨ ਵਾਲ਼ੇ ਕਿਸਾਨਾਂ ਦੇ ਘਰ ਜਾਂਦੇ ਹਨ ; ਇਸ ਦਾ ਬੜਾ ਸਪੱਸ਼ਟ ਸੰਕੇਤ ਹੈ ਕਿ ਸਿਧੂ ਨੂੰ ਹੁਣ ਆਪਣੀ ਰਾਜਨੀਤਕ ਜ਼ਮੀਨ ਫੱਟਦੀ ਲੱਗ ਰਹੀ ਹੈ।

ਸਿਧੂ ਨੂੰ ਪਾਰਟੀ ਨੇ ਹਾਸ਼ੀਏ ‘ਤੇ ਧੱਕ ਦਿਤਾ ਹੈ । ਜੋ ਹਸ਼ਰ ਸਿਧੂ ਨੇ ਕੈਪਟਨ ਦਾ ਕੀਤਾ ਸੀ ਓਹ ਹੁਣ ਸਿਧੂ ਦਾ ਪਾਰਟੀ ਨੇ ਕਰ ਦਿਤਾ ਹੈ । ਕੈਪਟਨ ਨੇ ਆਪਣ‌ੀ ਵੱਖਰੀ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ । ਹੁਣ ਸਿਧੂ ਦੇ ਨੇੜਲੇ ਸੂਤਰ ਇਹ ਮੰਨਦੇ ਹਨ ਕਿ ਸਿਧੂ ਵੀ ਆਪਣੀ ਪਾਰਟੀ ਬਣਾਉਣ ਬਾਰੇ ਅੰਦਰ ਖਾਤੇ ਫ਼ਸਲਾ ਲੈ ਚੁੱਕੇ ਹਨ । ਨਵੀਂ ਪਾਰਟੀ ਹੀ ਸਿਧੂ ਲਈ ਇਕ ਬਦਲ ਬਚਿਆ ਹੈ ਕਿਉਂਕਿ ਬੀਜੇਪੀ ‘ਚ ਉਸ ਲਈ ‘ਸੜਕ ਬੰਦ ਹੈ’ ਕਿਉਂਕਿ ਕੈਪਟਨ ਉਸ ਸੜਕ ‘ਤੇ ਕੰਮ ਕਰ ਰਹੇ ਨੇ ,ਕਾਂਗਰਸ ਵਿੱਚ ਸਿਧੂ ਨੇ ਤਕਰੀਬਨ ਸਾਰੀ ਲੀਡਰਸ਼ਿਪ ਨਾਲ ਸ਼ਰੀਕੇ ਬਾਜ਼ੀ ਸ਼ੁਰੂ ਕਰ ਲਈ ਹੈ, ਚੰਨੀ ਸਿਧੂ ਲਈ ਬਾਈ-ਬਾਈ ਸੀ ਪਰ ਹੁਣ ਬਾਏ-ਬਾਏ ਹੈ ਅਤੇ ਜਾਖੜ ਨਾਲ਼ ਵੀ ਨਿਉਂਦਾ ਖਤਮ ਹੈ।

ਹੁਣ ਕਾਂਗਰਸ ਵੀ ਸਿਧੂ ਤੋਂ ਜਲਦੀ ਖਹਿੜਾ ਛੁਡਾਉਣ ਲਈ ਕਾਰਨ ਲੱਭ ਰਹੀ ਹੈ । ਸਿਧੂ ਨੇ ਕਾਂਗਰਸ ਲਈ ਆਪ ਹੀ ਇਹ ਕੰਮ ਸੌਖਾ ਕਰ ਦੇਣਾ ਹੈ । ਸਿਧੂ ਆਪਣੇ ਨਾਲ਼ ਪਿਛਲੇ ਵਰ੍ਹੇ 62 ਵਿਧਾਇਕ ਹੋਣ ਦੀ ਗੱਲ ਕਰਦੇ ਸਨ ਪਰ ਹੁਣ ਤਾਂ ਹਾਰਿਆਂਵਿੱਚੋਂ 12 ਵੀ ਨਹੀਂ ਲਗਦੇ ਜਿਤਿਆਂ ਨੇ ‘ਤੇ ਕੀ ਹੋਣਾ ਹੈ । । ਸਿਧੂ ਦਾ ਮੁੱਖ-ਮੰਤਰੀ ਦਾ ਸੁਪਨ-ਮਹਿਲ ਢਹਿ ਗਿਆ ਹੈ ਤੇ ਇਸ ਨੂੰ ਦੁਬਾਰਾ ਉਸਾਰਨਾਂ ਹੁਣ ਸਿਧੂ ਲਈ ਅੰਬਰੀਂ ਟਾਕੀ ਲਾਉਣ ਵਰਗੀ ਗੱਲ ਹੈ । ਵੈਸੇ ਸਿਧੂ ਦਾ ਜਿਹੜਾ ਬਿੰਬ ਬਤੌਰ ਇਮਾਨਦਾਰ ਅਤੇ ਪਾਰਦਰਸ਼ੀ ਉਸਰਿਆ ਸੀ ਉਸ ਦਾ ਉਹ ਲਾਭ ਲੈ ਸਕਦੇ ਸੀ ਪਰ ਸਿਧੂ ਦੇ ਸ਼ਬਦਾਂ ਦੇ ਚੌਕੇ-ਛਿੱਕੇ ਸਿਧੂ ਨੂੰ ਆਖਰੀ ਗੇਂਦ ‘ਤੇ ਹਿਟ-ਵਿਕਟ ਕਰਦੇ ਰਹੇ : ਪੰਜਾਬੀ ‘ਚ ਬਿਨਾ ਸੋਚੇ ਸਮਝੇ ਗੱਲ ਕਰਨ ਵਾਲ਼ੇ ਬਾਰੇ ਕਹਾਵਤ ਹੈ ‘ ਬੁਰਿਆ ਤੂੰ ਮੈਨੂੰ ਮੂਹੋਂ ਕੱਡ ਮੈਂ ਤੈਨੂੰ ਪਿੰਡੋਂ ਕੱਢੂੰਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button