
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਹੁਣ ਸ਼੍ਰੋਮਣੀ ਕਮੇਟੀ ਗਿ. ਰਘਬੀਰ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਚੁੱਕੀ ਹੈ। ਜਦੋਂ ਹਾਲ਼ੇ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਫ਼ਾਰਗ ਨਹੀਂ ਕੀਤਾ ਗਿਆ ਸੀ, ਤਦ ਹੀ ਉਨ੍ਹਾਂ ਆਖ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਬਾਰੇ ਕੁਝ ਵੱਡੇ ਇੰਕਸ਼ਾਫ਼ ਕਰਨਾ ਚਾਹੁੰਦੇ ਹਨ। ਇੰਝ ਹੁਣ ਗਿ. ਰਘਬੀਰ ਸਿੰਘ ਹੁਰਾਂ ਨੇ ਆਪਣਾ ਉਹ ਵਾਅਦਾ ਨਿਭਾਇਆ ਹੈ। ਇੱਕ ਨਿਜੀ ਚੈਨਲ ਦੇ ਪੌਡਕਾਸਟ ‘ਚ ਗਿ. ਰਘਬੀਰ ਸਿੰਘ ਹੁਰਾਂ ਆਖਿਆ ਕਿ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋਈ ਸੀ ਪਰ ਹੁਣ ਇਸ ਉਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਹੈ। ਭ੍ਰਿਸ਼ਟ ਵਿਅਕਤੀਆਂ ਨੂੰ ਵੱਡੇ–ਵੱਡੇ ਅਹੁਦੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ SGPC ‘ਚ ਹੁਣ ਭ੍ਰਿਸ਼ਟਾਚਾਰ ਪੂਰੇ ਸਿਖ਼ਰਾਂ ‘ਤੇ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ੲੱਕ ਟੀਵੀ ਚੈਨਲ ਨੇ ਸਾਲ 2023 ਦੌਰਾਨ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ। ਇੱਕ ਸਾਲ ਦੇ ਦੋ ਕਰੋੜ ਰੁਪਏ ਦੇ ਹਿਸਾਬ ਨਾਲ਼ ਉਸ ਚੈਨਲ ਵੱਲ ਸ਼੍ਰੋਮਣੀ ਕਮੇਟੀ ਦੇ ਸੱਤ ਤੋਂ ਅੱਠ ਕਰੋੜ ਰੁਪਏ ਬਣਦੇ ਹਨ। ਪਰ ਉਹ ਰਕਮ ਵੀ ਨਹੀਂ ਲਈ ਜਾ ਰਹੀ।’ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ 36 ਸਾਲਾਂ ਤੱਕ SGPC ਦੀ ਨੌਕਰੀ ਕੀਤੀ ਹੈ। ਹੈੱਡ ਗ੍ਰੰਥੀ ਨੇ ਵੀ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਵੇਖਣਾ ਹੁੰਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਦੇ ਕਾਰਜਕਾਲ ਵੇਲੇ ਦਾ ਕੋਈ ਘੁਟਾਲ਼ਾ ਜਾਂ ਹੋਰ ਕੋਈ ਗ਼ਲਤੀ ਹੋਵੇ, ਤਾਂ ਉਸ ਬਾਰੇ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ ਜ਼ਮੀਨਾਂ ਦੀ ਖ਼ਰੀਦੋ–ਫ਼ਰੋਖ਼ਤ, ਲੰਗਰ ਤੇ ਸੁੱਕੀਆਂ ਰੋਟੀਆਂ ਤੱਕ ਦੇ ਘੁਟਾਲ਼ੇ ਹੋ ਚੁੱਕੇ ਹਨ। ਇੱਕ ਸੁਆਲ ਦੇ ਜਵਾਬ ‘ਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨਾਲ਼ ਸੰਪਰਕ ਕੀਤਾ ਸੀ ਪਰ ਉਨ੍ਹਾਂ ਦਾ ਇਰਾਦਾ ਸਿਆਸਤ ‘ਚ ਜਾਣ ਦਾ ਬਿਲਕੁਲ ਵੀ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




