IndiaTop News

SBI ਨੇ ਮੰਨਿਆ—ਗਾਹਕਾਂ ਦੀ ਜਾਣਕਾਰੀ ਹੋਈ ਚੋਰੀ

ਗਾਹਕਾਂ ਦੀ ਜਾਣਕਾਰੀ ਸੁਰੱਖਿਅਤ ਰੱਖਣ ਦੇ ਬੈਂਕਾਂ ਦੇ ਦਾਅਵੇ ਅਤੇ ਸਾਰੇ ਪ੍ਰਬੰਧ ਇਕ ਵਾਰ ਫਿਰ ਹਵਾ-ਹਵਾਈ ਸਾਬਤ ਹੋਏ ਹਨ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਸਵੀਕਾਰ ਕੀਤਾ ਹੈ ਕਿ ਵੱਡੇ ਪੱਧਰ ’ਤੇ ਉਸ ਦੇ ਗਾਹਕਾਂ ਦੀ ਜਾਣਕਾਰੀ ਡਾਰਕ ਵੈੱਬ ’ਤੇ ਪਹੁੰਚ ਗਈ ਹੈ। ਹੈਕਰ ਗਰੁੱਪ ‘ਸੀਰੀਅਸਇਮ’ ਦੇ ਦਾਅਵੇ ਤੋਂ ਬਾਅਦ 16 ਅਕਤੂਬਰ ਨੂੰ ਥ੍ਰੈੱਟ ਇੰਟੈਲੀਜੈਂਸ ਸਰਵਿਸ ਪ੍ਰੋਵਾਈਡਰ, ਡਿਫੈਂਸ ਸਾਈਬਰ ਏਜੰਸੀ ਅਤੇ ਸੀਈਆਰਟੀ-ਇਨ (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ) ਵੱਲੋਂ ਚਿਤਾਵਨੀ ਮਿਲਣ ਤੋਂ ਬਾਅਦ ਐੱਸਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਬੀਆਈ ਨੇ ਸੇਬੀ ਅਤੇ ਸਟਾਕ ਐਕਸਚੇਂਜਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਰਕ ਵੈੱਬ ’ਤੇ ਉਪਲਬਧ ਲਗਪਗ 3.75 ਲੱਖ ਰਿਕਾਰਡਾਂ ਦੀ ਮੁੱਢਲੀ ਜਾਂਚ ਵਿਚ 3897 ਗਾਹਕਾਂ ਦੀ ਨਿੱਜੀ ਜਾਣਕਾਰੀ ਮਿਲੀ ਹੈ। ਇਸ ਵਿਚ ਨਾਮ, ਮੋਬਾਈਲ ਨੰਬਰ, ਜਨਮ ਮਿਤੀ, ਲਿੰਗ, ਈਮੇਲ, ਪਤਾ, ਬਰਾਂਚ ਅਤੇ ਵਿਸ਼ੇਸ਼ ਪਛਾਣ ਨੰਬਰ, ਲੀਡ ਆਈਡੀ ਅਤੇ ਕਰਜ਼ੇ ਨਾਲ ਸਬੰਧਤ ਡੇਟਾ ਵੀ ਸ਼ਾਮਲ ਹੈ।
ਪਿਛਲੇ ਸਾਲਾਂ ਵਿਚ ਭਾਰਤੀ ਬੈਂਕਿੰਗ ਖੇਤਰ ਵਿਚ ਗਾਹਕਾਂ ਦੇ ਡਾਟਾ ਦੀ ਚੋਰੀ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ। ਇਹ ਸਿੱਧੇ ਤੌਰ ’ਤੇ ਗਾਹਕਾਂ ਦੀ ਨਿੱਜਤਾ ਅਤੇ ਵਿੱਤੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਕਿਉਂਕਿ ਅਜਿਹੀ ਜਾਣਕਾਰੀ ਦੀ ਵਰਤੋਂ ਫਿਸ਼ਿੰਗ, ਪਛਾਣ ਦੀ ਚੋਰੀ ਅਤੇ ਧੋਖਾਧੜੀ ਲਈ ਕੀਤੀ ਜਾ ਸਕਦੀ ਹੈ। ਐੱਸਬੀਆਈ ਨੇ ਬੁੱਧਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨੂੰ ਸਾਵਧਾਨ ਕੀਤਾ। ਕਿਹਾ ਕਿ ਹਾਲ ਹੀ ਵਿਚ ਹੋਏ ਡਾਟਾ ਲੀਕ ਨਾਲ ਬਹੁਤ ਘੱਟ ਗਿਣਤੀ ਵਿਚ ਗਾਹਕ ਪ੍ਰਭਾਵਿਤ ਹੋਏ ਹਨ। ਬੈਂਕ ਦੇ ਆਈਟੀ ਸਿਸਟਮ, ਕੋਰ ਬਿਜ਼ਨਸ ਆਪਰੇਸ਼ਨ, ਵਿੱਤੀ ਕਾਰਗੁਜ਼ਾਰੀ ਅਤੇ ਕਾਰੋਬਾਰੀ ਨਿਰੰਤਰਤਾ ’ਤੇ ਕੋਈ ਅਸਰ ਨਹੀਂ ਪਿਆ। ਇਸ ਦੇ ਨਾਲ ਹੀ ਗਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਗਾਹਕਾਂ ਦੇ ਹਿਤਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਵਿੱਤੀ ਸੰਪਤੀਆਂ, ਡਾਟਾ ਅਤੇ ਉਨ੍ਹਾਂ ਦਾ ਭਰੋਸਾ ਬੈਂਕ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਸਪੱਸ਼ਟੀਕਰਨ ਦੇ ਬਾਵਜੂਦ ਇਹ ਸਪੱਸ਼ਟ ਹੈ ਕਿ ਗਾਹਕਾਂ ਦੀ ਜਾਣਕਾਰੀ ਲੀਕ ਹੋਈ ਅਤੇ ਬੈਂਕ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਹੁਣ ਜਦੋਂ ਇਹ ਗੱਲ ਮੀਡੀਆ ਵਿਚ ਆ ਗਈ ਹੈ ਤਾਂ ਬੈਂਕ ਗਾਹਕਾਂ ਨੂੰ ਭਰੋਸਾ ਕਰਨ ਦੀ ਦੁਹਾਈ ਦੇ ਰਿਹਾ ਹੈ।
ਐੱਸਬੀਆਈ ਨੇ ਸੇਬੀ ਅਤੇ ਸਟਾਕ ਐਕਸਚੇਂਜਾਂ ਨੂੰ ਦੱਸਿਆ ਕਿ 16 ਅਕਤੂਬਰ, 2026 ਨੂੰ ਥ੍ਰੈੱਟ ਇੰਟੈਲੀਜੈਂਸ ਸਰਵਿਸ ਪ੍ਰੋਵਾਈਡਰ, ਡਿਫੈਂਸ ਸਾਈਬਰ ਏਜੰਸੀ ਅਤੇ ਸੀਈਆਰਟੀ-ਇਨ ਤੋਂ ਗਾਹਕਾਂ ਦੇ ਡਾਟਾ ਦੇ ਡਾਰਕ ਵੈੱਬ ’ਤੇ ਸ਼ੱਕੀ ਤੌਰ ’ਤੇ ਉਜਾਗਰ ਹੋਣ ਦੀ ਸੂਚਨਾ ਮਿਲੀ। ਲਗਪਗ 3,75,000 ਰਿਕਾਰਡਾਂ ਦੇ ਮੁੱਢਲੇ ਵਿਸ਼ਲੇਸ਼ਣ ਵਿਚ 3897 ਰਿਕਾਰਡਾਂ ਵਿਚ ਨਿੱਜੀ ਜਾਣਕਾਰੀ ਪਾਈ ਗਈ। ਇਸ ਵਿਚ ਰਜਿਸਟਰਡ ਮੋਬਾਈਲ ਨੰਬਰ, ਜਨਮ ਮਿਤੀ, ਨਾਮ, ਲਿੰਗ, ਈਮੇਲ ਪਤਾ, ਰਿਹਾਇਸ਼ੀ ਪਤਾ, ਬਰਾਂਚ ਆਦਿ ਸ਼ਾਮਲ ਸਨ। ਬੈਂਕ ਨੇ ਤੁਰੰਤ ਸਾਈਬਰ ਘਟਨਾ ਪ੍ਰਤੀਕਿਰਿਆ ਅਤੇ ਨੁਕਸਾਨ ਨੂੰ ਸੀਮਤ ਕਰਨ ਦੇ ਪ੍ਰੋਟੋਕੋਲ ਸਰਗਰਮ ਕਰ ਦਿੱਤੇ। ਇਸ ਦੇ ਨਾਲ ਹੀ ਸੀਈਆਰਟੀ-ਇਨ ਵੱਲੋਂ ਸੂਚੀਬੱਧ ਸੁਤੰਤਰ ਸਾਈਬਰ ਸੁਰੱਖਿਆ ਏਜੰਸੀ ਨੂੰ ਵਿਸਥਾਰਤ ਮੁਲਾਂਕਣ ਅਤੇ ਜਾਂਚ ਲਈ ਨਿਯੁਕਤ ਕੀਤਾ।
ਭਾਰਤੀ ਬੈਂਕਾਂ ਵਿਚ ਗਾਹਕਾਂ ਦੇ ਡਾਟਾ ਦੀ ਚੋਰੀ ਦਾ ਮਾਮਲਾ ਲੰਮੇ ਸਮੇਂ ਤੋਂ ਸੰਵੇਦਨਸ਼ੀਲ ਰਿਹਾ ਹੈ। ਆਰਬੀਆਈ ਦੀ ਹਾਲੀਆ ਰਿਪੋਰਟ ਵਿਚ ਏਆਈ-ਆਧਾਰਿਤ ਸਾਈਬਰ ਹਮਲਿਆਂ ਨੂੰ ਵਿੱਤੀ ਪ੍ਰਣਾਲੀ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਗਿਆ ਹੈ। ਬੈਂਕਾਂ ਅਤੇ ਐੱਨਬੀਐੱਫਸੀ ਦੇ ਸਰਵੇਖਣ ਵਿਚ ਸਾਈਬਰ ਜੋਖ਼ਮ ਵਧਣ ਦੀ ਗੱਲ ਸਾਹਮਣੇ ਆਈ ਹੈ। ਆਰਬੀਆਈ ਨੇ 31 ਜੁਲਾਈ, 2026 ਨੂੰ ਐੱਸਬੀਆਈ ਸਮੇਤ ਸਾਰੇ ਵਪਾਰਕ ਬੈਂਕਾਂ ਲਈ ਸਾਈਬਰ ਸੁਰੱਖਿਆ, ਤਕਨੀਕੀ ਜੋਖ਼ਮ, ਰੇਜੀਲੀਐਂਸ ਐਂਡ ਇਨਸ਼ੋਰੈਂਸ ਫਰੇਮਵਰਕ ਸਬੰਧੀ ਮਾਸਟਰ ਡਾਇਰੈਕਸ਼ਨ ਜਾਰੀ ਕੀਤੀ ਹੈ। ਇਨ੍ਹਾਂ ਵਿਚ ਸਾਈਬਰ ਘਟਨਾਵਾਂ ਦੀ ਛੇ ਘੰਟਿਆਂ ਦੇ ਅੰਦਰ ਸਮਰੱਥ ਪਲੇਟਫਾਰਮ ’ਤੇ ਰਿਪੋਰਟਿੰਗ, ਕ੍ਰਿਟੀਕਲ ਸਿਸਟਮਾਂ ਲਈ ਹਰ ਛੇ ਮਹੀਨਿਆਂ ਵਿਚ ਵਲਨਰੇਬਿਲਿਟੀ ਅਸੈਸਮੈਂਟ, ਸਾਲਾਨਾ ਪੇਨੇਟ੍ਰੇਸ਼ਨ ਟੈਸਟਿੰਗ ਅਤੇ ਹੋਰ ਸਖ਼ਤ ਪ੍ਰਬੰਧ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button