IndiaTop News

SBI ਦੇ 3,897 ਗਾਹਕਾਂ ਦਾ ਡਾਟਾ ਲੀਕ! ਲੋਨ ਅਰਜ਼ੀਆਂ ਤੋਂ ਲੈ ਕੇ ਆਧਾਰ-PAN ਤੱਕ ਦੀ ਜਾਣਕਾਰੀ ਚੋਰੀ ਹੋਣ ਦਾ ਖਦਸ਼ਾ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਦੀ ਨਿੱਜੀ ਜਾਣਕਾਰੀ ਸਾਹਮਣੇ ਆਉਣ ਦੇ ਮਾਮਲੇ ਨੇ ਬੈਂਕਿੰਗ ਖੇਤਰ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਸ਼ੱਕੀ ਸਾਈਬਰ ਹਮਲੇ ਤੋਂ ਬਾਅਦ ਬੈਂਕ ਆਪਣੇ ਡਿਜੀਟਲ ਸਿਸਟਮ ਦੀਆਂ ਕਮਜ਼ੋਰੀਆਂ ਦਾ ਪਤਾ ਲਗਾਉਣ ਵਿੱਚ ਜੁਟਿਆ ਹੋਇਆ ਹੈ।
ਸ਼ੁਰੂਆਤੀ ਜਾਂਚ ਦੌਰਾਨ 3,897 ਗਾਹਕਾਂ ਨਾਲ ਜੁੜੇ ਅਜਿਹੇ ਰਿਕਾਰਡ ਮਿਲੇ ਹਨ, ਜਿਨ੍ਹਾਂ ਵਿੱਚ ਨਿੱਜੀ ਜਾਣਕਾਰੀਆਂ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ। ਬੈਂਕ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਿੱਥੇ ਕਮੀ ਰਹਿ ਗਈ ਅਤੇ ਸਾਈਬਰ ਹਮਲਾਵਰਾਂ ਨੇ ਸਿਸਟਮ ਤੱਕ ਪਹੁੰਚ ਕਿਵੇਂ ਬਣਾਈ
SBI ਦੇ ਚੇਅਰਮੈਨ ਸੀਐੱਸ ਸ਼ੈੱਟੀ ਮੁਤਾਬਕ ਬੈਂਕ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਂਚ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਸਾਈਬਰ ਹਮਲਾਵਰਾਂ ਨੇ ਬੈਂਕ ਦੇ ਸਿਸਟਮ ਵਿੱਚ ਸੰਨ੍ਹ ਕਿਵੇਂ ਲਗਾਈ ਅਤੇ ਕਿਹੜੀਆਂ ਤਕਨੀਕੀ ਕਮਜ਼ੋਰੀਆਂ ਦਾ ਫਾਇਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਅਸਲ ਕਾਰਨਾਂ ਦੀ ਪਛਾਣ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਬੈਂਕ ਦੀ ਪਹਿਲੀ ਤਰਜੀਹ ਡਾਟਾ ਲੀਕ ਨੂੰ ਕਾਬੂ ਕਰਨਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨਾ ਹੈ।
SBI ਮੁਤਾਬਕ ਡਾਰਕ ਵੈੱਬ  ‘ਤੇ ਬੈਂਕ ਨਾਲ ਜੁੜੇ ਕਰੀਬ 3.75 ਲੱਖ ਰਿਕਾਰਡ ਸਾਹਮਣੇ ਆਏ ਸਨ। ਇਨ੍ਹਾਂ ਦੀ ਮੁੱਢਲੀ ਜਾਂਚ ਦੌਰਾਨ 3,897 ਰਿਕਾਰਡ ਅਜਿਹੇ ਮਿਲੇ, ਜਿਨ੍ਹਾਂ ਵਿੱਚ ਗਾਹਕਾਂ ਦੀ ਪਛਾਣ ਨਾਲ ਜੁੜੀਆਂ ਜਾਣਕਾਰੀਆਂ ਮੌਜੂਦ ਸਨ। ਹਾਲਾਂਕਿ ਬੈਂਕ ਵੱਲੋਂ ਅਜੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡਾਟਾ ਦੇ ਸਰੋਤ ਤੇ ਅਸਲ ਸਥਿਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਘਟਨਾ ਨੇ ਡਿਜੀਟਲ ਬੈਂਕਿੰਗ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।
SBI ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਕਾਰਨ ਬੈਂਕ ਦੇ ਆਮ ਕੰਮਕਾਜ, ਵਿੱਤੀ ਪ੍ਰਦਰਸ਼ਨ ਜਾਂ ਬੈਂਕਿੰਗ ਸੇਵਾਵਾਂ ਦੀ ਨਿਰੰਤਰਤਾ ‘ਤੇ ਕੋਈ ਵੱਡਾ ਅਸਰ ਨਹੀਂ ਪਿਆ ਹੈ। ਬੈਂਕ ਦੀਆਂ ਸੇਵਾਵਾਂ ਪਹਿਲਾਂ ਵਾਂਗ ਜਾਰੀ ਹਨ। ਇਸ ਦੌਰਾਨ ਬੈਂਕ ਨੇ ਸਤੰਬਰ 2026 ਵਿੱਚ ਖ਼ਤਮ ਹੋਈ ਦੂਜੀ ਤਿਮਾਹੀ ਵਿੱਚ 14 ਫੀਸਦੀ ਵਾਧੇ ਨਾਲ 23,038 ਕਰੋੜ ਰੁਪਏ ਦਾ ਸਟੈਂਡਅਲੋਨ ਮੁਨਾਫਾ ਦਰਜ ਕੀਤਾ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਮੁਨਾਫਾ 20,160 ਕਰੋੜ ਰੁਪਏ ਸੀ।
ਇਸ ਘਟਨਾ ਤੋਂ ਬਾਅਦ SBI ਦੇ ਗਾਹਕਾਂ ਨੂੰ ਆਪਣੀ ਡਿਜੀਟਲ ਸੁਰੱਖਿਆ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਕਿਸੇ ਵੀ ਅਣਜਾਣ ਵਿਅਕਤੀ ਨਾਲ OTP, ATM PIN ਜਾਂ ਇੰਟਰਨੈੱਟ ਬੈਂਕਿੰਗ ਦਾ ਪਾਸਵਰਡ ਸਾਂਝਾ ਨਾ ਕਰੋ। ਸ਼ੱਕੀ ਲਿੰਕਾਂ ‘ਤੇ ਕਲਿੱਕ ਕਰਨ ਅਤੇ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਬੈਂਕਿੰਗ ਸੁਨੇਹਿਆਂ ‘ਤੇ ਭਰੋਸਾ ਕਰਨ ਤੋਂ ਬਚੋ।ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਏ ਰਿਕਾਰਡਾਂ ਵਿੱਚ ਗਾਹਕਾਂ ਦੇ ਨਾਮ, ਮੋਬਾਈਲ ਨੰਬਰ, ਜਨਮ ਮਿਤੀ, ਈਮੇਲ ਆਈਡੀ ਅਤੇ ਘਰ ਦੇ ਪਤੇ ਵਰਗੀਆਂ ਜਾਣਕਾਰੀਆਂ ਸ਼ਾਮਲ ਦੱਸੀਆਂ ਗਈਆਂ ਹਨ। ਇਸ ਤੋਂ ਇਲਾਵਾ ਬੈਂਕ ਸ਼ਾਖਾ ਨਾਲ ਜੁੜੇ ਪਛਾਣ ਨੰਬਰ, ਗਾਹਕ ਪਛਾਣ ਨੰਬਰ ਅਤੇ ਲੋਨ ਅਰਜ਼ੀਆਂ ਨਾਲ ਸਬੰਧਤ ਕੁਝ ਰਿਕਾਰਡਾਂ ਦਾ ਵੇਰਵਾ ਵੀ ਸਾਹਮਣੇ ਆਇਆ ਹੈ।ਅਜਿਹੀ ਜਾਣਕਾਰੀ ਦੀ ਵਰਤੋਂ ਕਰਕੇ ਸਾਈਬਰ ਅਪਰਾਧੀ ਗਾਹਕਾਂ ਨੂੰ ਫਰਜ਼ੀ ਫੋਨ ਕਾਲਾਂ, ਮੈਸੇਜਾਂ ਅਤੇ ਈਮੇਲ ਰਾਹੀਂ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button