
ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਪ੍ਰੈੱਸ ਕਾਰਨਫਰੰਸ
ਆਮ ਆਦਮੀ ਪਾਰਟੀ ਦਾ ਪੰਜਾਬ ਸਰਕਾਰ ਵਜੋਂ ਇਕ ਸਾਲ ਪੂਰਾ ਹੋ ਚੁੱਕਾ ਹੈ। ਜਿਸ ਦੇ ਸਬੰਧ ਵਿਚ ਬੀਤੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਵਧਾਈ ਵੀ ਦਿੱਤੀ ਸੀ। ਇਸ ਤੋਂ ਬਾਅਦ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਪਹਿਲੇ ਦਿਨ ਤੋਂ ਲੈ ਕੇ ਪੰਜਾਬੀਆਂ ਦੇ ਹੱਕ ਵਿੱਚ ਕੰਮ ਕਰ ਰਹੀ ਹੈ ਅਤੇ ਵੱਡੇ ਮਹੱਤਪੂਰਨ ਫ਼ੈਸਲੇ ਲੈ ਰਹੀ ਹੈ। ਕਾਨੂੰਨ-ਵਿਵਸਥਾ ‘ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਗੈਂਗਸਟਰਾਂ ਦਾ ਸਫਾਇਆ ਕਰਨ ਲੱਗੀ ਹੋਈ ਹੈ ਅਤੇ ਬਹੁਤ ਜਲਦ ਪੰਜਾਬ ਇਕ ਸਾਂਤੀਪੂਰਵਕ ਸੂਬਾ ਬਣਾਇਆ ਜਾਵੇਗਾ।
ਪੰਜਾਬ ਦਾ ਸੀ.ਐਮ. ਭਗਵੰਤ ਮਾਨ ਨਹੀਂ, ਲਾਰੈਂਸ ਬਿਸ਼ਨੋਈ ਹੈ… ਸੁਖਬੀਰ ਬਾਦਲ ਦਾ ਅਹਿਮ ਬਿਆਨ
ਸਰਕਾਰ ਬਣੀ ਨੂੰ ਇਕ ਸਾਲ ਪੂਰਾ ਹੋਣ ‘ਤੇ ਜਿਥੇ ਆਮ ਆਦਮੀ ਪਾਰਟੀ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਹੀ ਹੈ। ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਦੇ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸੇ ਤਹਿਤ ਲੰਬੀ ਵਿਖੇ ਰੱਖੇ ‘ਪੰਜਾਬ ਬਚਾਓ’ ਪ੍ਰੋਗਰਾਮ ਵਿਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮ ਆਉਣ ‘ਤੇ ਕਿਹਾ ਕਿ ਅਸੀਂ ਭੁੱਲਣ ਵਾਲੇ ਨਹੀਂ ਹਾਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ, ਲਾਰੈਂਸ ਬਿਸ਼ਨੋਈ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਲਾਈਵ ਇੰਟਰਵਿਊ ਵਿਵਾਦ ਕਾਇਮ, ਸੁਖਪਾਲ ਖਹਿਰਾ ਨੇ ਕੀਤਾ ਸਵਾਲ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਨਸ਼ਰ ਹੋਈ ਲਾਈਵ ਇੰਟਰਵਿਊ ਦਾ ਵਿਵਾਦ ਅਜੇ ਖ਼ਤਮ ਨਹੀਂ ਹੋਇਆ ਹੈ। ਬੀਤੇ ਕੱਲ੍ਹ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਪ੍ਰੈੱਸ ਕਾਰਨਫਰੰਸ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਬਿਸ਼ਨੋਈ ਦੀ ਇੰਟਰਵਿਊ ਬਠਿੰਡਾ ਜੇਲ੍ਹ ਵਿਚ ਨਹੀਂ ਹੋਈ ਹੈ। ਜਿਸ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗੰਵਤ ਮਾਨ ਨੂੰ ਸਵਾਲਾਂ ਦੇ ਕਠਹਿਰੇ ਵਿਚ ਖੜਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੰਨ ਲਿਆ, ਬਿਸ਼ਨੋਈ ਦਾ ਇੰਟਰਵਿਊ ਪੰਜਾਬ ਜੇਲ੍ਹ ਤੋਂ ਨਹੀਂ ਹੈ ਪਰ ਇਹ ਸੀ.ਐਮ. ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸਦਾ ਪਤਾ ਲਗਾਇਆ ਜਾਵੇ ਕੇ ਗੈਂਗਸਟਰ ਦੀ ਇੰਟਰਵਿਊ ਕਿਥੇ ਹੋਈ ਸੀ।
.@DGPPunjabPolice has given some clarification about Lawrence Bishnoi interview but fundamental question remains where this interview was done. Answer is must as the telecast happened when he is in Pb jail.
Plz also probe his stay at CIA Bathinda for a night. @iSidhuMooseWala
— Sukhpal Singh Khaira (@SukhpalKhaira) March 16, 2023
ਧਰਨੇ ਪ੍ਰਦਰਸ਼ਨ ਨੂੰ ਲੈਕੇ ਪੰਜਾਬ ਪੁਲਿਸ ਦਾ ਇੰਸਪੈਕਟਰ ਤੇ ਅਕਾਲੀ ਲੀਡਰ ਆਹਮੋ-ਸਾਹਮਣੇ
ਖ਼ਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿਥੇ ਰੋਸ ਪ੍ਰਦਰਸ਼ਨ ਕਰ ਰਹੇ ਅਕਾਲੀ ਆਗੂਆਂ ਦੀ ਪੁਲਿਸ ਨਾ ਬਹਿਸਬਾਜ਼ੀ ਹੋ ਗਈ। ਦਰਅਸਲ, ਮਾਮਲਾ ਇਸ ਤਰੀਕੇ ਦਾ ਹੈ ਕਿ ਮਾਨ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਜਦੋਂ ਪੰਜਾਬ ਪੁਲਿਸ ਦੇ ਇੰਸਪੈਕਟਰ ਨੇ ਅਕਾਲੀ ਲੀਡਰਾਂ ਨੂੰ ਸਹੀ ਜਗ੍ਹਾ ‘ਤੇ ਧਰਨਾ ਲਗਾਉਣ ਲਈ ਕਿਹਾ ਤਾਂ ਅਕਾਲੀ ਆਗੂ ਗਰਮ ਹੋ ਗਏ ਅਤੇ ਗੱਲ ਬਹਿਸਬਾਜ਼ੀ ਤੱਕ ਪਹੁੰਚ ਗਈ।
ਮਾਨਸਾ ਪਹੁੰਚੇ ਅੰਮ੍ਰਿਤਪਾਲ ਸਿੰਘ, ਨੌਜਵਾਨਾ ਨੂੰ ਕੀਤੀ ਖ਼ਾਸ ਅਪੀਲ
‘ਵਾਰਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ, ਮਾਨਸਾ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ ਮਨਾਈ ਜਾ ਰਹੀ ਸਲਾਨਾ ਬਰਸੀ ਵਿਚ ਸ਼ਿਰਕਤ ਕੀਤੀ ਗਈ । ਇਸ ਮੌਕੇ ਉਹਨਾਂ ਨੇ ਨੌਜਵਾਨਾ ਨੂੰ ਪੰਥ ਨਾਲ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ। ਨਾਲ ਹੀ ਉਹਨਾਂ ਸਰਕਾਰਾਂ ‘ਤੇ ਵਰ੍ਹਦਿੰਆਂ ਕਿਹਾ ਕਿ ਸਰਕਾਰਾਂ ਸਿੱਖਾਂ ਦੇ ਲਹੂ ਦੀਆਂ ਵੈਰੀ ਹੋਈਆਂ ਪਈਆਂ ਹਨ। ਅਸਲੇ ਦੇ ਸਬੰਧ ਵਿਚ ਉਹਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਖਾਲਸੇ ਕੋਲ ਅਸਲਾ ਬਹੁਤ ਹੈ ਚਿੰਤਾ ਦੀ ਕੋਈ ਗੱਲ ਨਹੀਂ ਹੈ।
1 ਦਿਨ ਲਈ ਜ਼ਮਾਨਤ ਤੋਂ ਬਾਹਰ ਆਇਆ ਜਗਦੀਸ਼ ਭੋਲਾ, ਬਿਮਾਰ ਮਾਂ ਨੂੰ ਮਿਲਣ ਲਈ ਹਸਪਤਾਲ ਪਹੁੰਚਿਆ
ਡਰੱਗ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਹਾਈਕੋਰਟ ਨੇ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ। ਇਸ ਤਹਿਤ ਅੱਜ ਉਹ ਜੇਲ੍ਹ ਵਿਚੋਂ ਬਾਹਰ ਆਇਆ ਤੇ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਹਸਪਤਾਲ ਪਹੁੰਚਿਆ। ਇਸ ਦੌਰਾਨ ਜਗਦੀਸ਼ ਭੋਲਾ ਵੱਲੋਂ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ ਗਏ ਹਨ। ਉਹਨਾਂ ਕਿਹਾ ਕਿ ਬਲਾਤਕਾਰੀਆਂ ਨੂੰ ਜ਼ਮਾਨਤ ਮਿਲ ਰਹੀ ਹੈ, 15 ਸਾਲ ਸਜ਼ਾ ਕੱਟ ਰਹੇ ਦੋਸ਼ੀਆਂ ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ ਪਰ ਮੈਨੂੰ ਕਿਉਂ ਨਹੀਂ ਜ਼ਮਾਨਤ ਨਹੀਂ ਦਿੱਤੀ ਜਾ ਰਹੀ। ਇਥੇ ਦਸ ਦਈਏ ਕਿ ਜਗਦੀਸ਼ ਭੋਲਾ ਨੇ 2 ਮਹੀਨੇ ਦੀ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਸਿਰਫ਼ 1 ਦਿਨ ਦੀ ਹੀ ਜ਼ਮਾਨਤ ਦਿੱਤੀ ਹੈ।
ਬਾਦਲਾਂ ‘ਤੇ ਵਿਧਾਇਕ ਦੇਵਮਾਨ ਦਾ ਵੱਡਾ ਬਿਆਨ, ਗਰਮਾਈ ਸਿਆਸਤ
ਕੋਟਕਪੂਰਾ ਗੋਲੀ ਕਾਂਡ ਵਿੱਚ ਬਾਦਲ ਪਿਓ-ਪੁੱਤ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਨੂੰ ਮਨਜ਼ੂਰ ਕਰ ਲਿਆ ਹੈ ਜਦਕਿ ਸੁਖਬੀਰ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਇਸ ਮਾਮਲੇ ਵਿਚ ਆਪਣਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ ਜਿਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਨ੍ਹਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੱਧੂ!
ਰੋਡ ਰੇਜ ਕੇਸ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ। ਜਿੰਨਾਂ ਨੂੰ ਲੈਕੇ ਹੁਣ ਇਹ ਚਰਚਾਵਾਂ ਛਿੜ ਗਈਆਂ ਹਨ ਕਿ ਆਉਣ ਵਾਲੀ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਦਰਅਸਲ ਨਵਜੋਤ ਸਿੱਧੂ ਨੂੰ 19 ਮਈ, 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤੱਕ ਜੇਲ੍ਹ ‘ਚ ਰਹਿਣ ਪੈਣਾ ਸੀ।ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਨੇ ਇਸ ਦੌਰਾਨ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ। ਇਸ ਦੇ ਲਿਹਾਜ਼ ਨਾਲ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ ਅਤੇ ਉਹ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ।
SYL ਨੂੰ ਲੈਕੇ ਸੁਪਰੀਮ ਕੋਰਟ ‘ਚ ਕੇਂਦਰ ਸਰਕਾਰ ਨੇ ਪੇਸ਼ ਕੀਤੀ ਸਟੇਟਸ ਰਿਪੋਰਟ
ਸੁਪਰੀਮ ਕੋਰਟ ‘ਚ ਕੇਂਦਰ ਸਰਕਾਰ ਵੱਲੋਂ ਅੱਜ ਸਤਲੁਜ-ਯਮੁਨਾ ਨਹਿਰ ਵਿਵਾਦ ਨੂੰ ਲੈ ਕੇ ਸਟੇਟਸ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ। ਜਿਸ ਵਿਚ ਕੇਂਦਰ ਸਰਕਾਰ ਵਲੋਂ ਕਿਹਾ ਗਿਆ ਕਿ ਹਰਿਆਣਾ ਅਤੇ ਪੰਜਾਬ ਰਾਜ ਸਰਕਾਰ ਵਿਚਾਲੇ ਬੈਠਕ ਤੋਂ ਬਾਅਦ ਵੀ ਸਤੁਲਜ ਯਮੁਨਾ ਨਹਿਰ ਵਿਵਾਦ ‘ਤੇ ਕੋਈ ਹੱਲ ਨਹੀਂ ਨਿਕਲਿਆ ਹੈ। ਸੁਪਰੀਮ ਕੋਰਟ ‘ਚ ਦਾਇਰ ਹਲਫ਼ਨਾਮੇ ‘ਚ ਕਿਹਾ ਗਿਆ ਹੈ ਕਿ ਹਰਿਆਣਾ ਅਤੇ ਪੰਜਾਬ ਸਰਕਾਰ ਇਸ ਮਾਮਲੇ ‘ਚ ਹੱਲ ਕੱਢਣ ਲਈ ਤਿਆਰ ਹਨ ਪਰ ਇਸ ਲਈ ਉਨ੍ਹਾਂ ਨੂੰ ਭਵਿੱਖ ‘ਚ ਹੋਰ ਸਮਾਂ ਦੇਣ ਦੀ ਲੋੜ ਹੈ।
ਯੂਨੀਵਰਸਿਟੀ ਗ੍ਰਾਂਟ ‘ਤੇ ਭਖਿਆ ਮਾਮਲਾ, ਹੁਣ ਪ੍ਰੋਫੈਸਰਾਂ ਨੇ ਲਗਾਇਆ ਧਰਨਾ
ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਪਿਛਲੀਆਂ ਸਰਕਾਰਾਂ ਸਮੇਂ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਜਦੋਂ ਪੰਜਾਬ ਵਿੱਚ ‘ਆਪ’ ਸਰਕਾਰ ਬਣੀ ਤਾਂ ਇਸ ਯੂਨੀਵਰਸਿਟੀ ਦੀ ਗ੍ਰਾਂਟ 15 ਕਰੋੜ ਤੋਂ ਵਧਾਕੇ 30 ਕਰੋੜ ਰੁਪਏ ਕਰ ਦਿੱਤੀ ਗਈ ਸੀ। ਪਰ ਗ੍ਰਾਂਟ ਹਾਲੇ ਤੱਕ ਯੂਨੀਵਰਸਿਟੀ ਨੂੰ ਦਿੱਤੀ ਨਹੀਂ ਗਈ। ਇਥੋਂ ਤੱਕ ਕਿ ਪ੍ਰੋਫੈਸਰਾਂ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖਾਹ ਤੱਕ ਵੀ ਨਹੀਂ ਮਿਲੀ ਜਿਸਨੂੰ ਲੈਕੇ ਪ੍ਰੋਫੈਸਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਾਨਸਾ ‘ਚ 6 ਸਾਲਾਂ ਮਾਸੂਮ ਦਾ ਗੋਲੀਆ ਮਾਰ ਕਤਲ, ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮੂਸੇਵਾਲਾ ਦੇ ਮਾਤਾ-ਪਿਤਾ
ਪੰਜਾਬ ਦੇ ਵਿਚ ਮਾਹੌਲ ਹੁਣ ਇਸ ਤਰੀਕੇ ਦਾ ਬਣ ਚੁੱਕਾ ਹੈ ਕਿ ਕੋਈ ਵੀ ਅਣਪਛਾਤਾ ਵਿਅਕਤੀ ਬੇਖੌਫ਼ ਹੋਕੇ ਕਿਸੇ ਨੂੰ ਵੀ ਮਾਰ ਕੇ ਚਲਾ ਜਾਂਦਾ ਹੈ। ਤਾਜ਼ਾ ਮਾਮਲਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਤੋਂ ਸਾਹਮਣੇ ਆਇਆ ਹੈ ਜਿਥੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 6 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਨੇ ਜਾਂਚ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਦਸ ਦਈਏ ਕਿ ਮਾਨਸਾ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੀ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.